ਭਗਵੰਤ ਮਾਨ ਵੀ ਵੋਟਰਾਂ ਨੂੰ ਨਹੀਂ ਲਿਆ ਸਕੇ ਬੂਥਾਂ ਤੱਕ

ਸੁਨਾਮ ਵਿਚ ਸਭ ਤੋਂ ਵੱਧ ਅਤੇ ਮਹਿਲਕਲਾਂ ਵਿਚ ਸਭ ਤੋਂ ਘੱਟ ਵੋਟਾਂ ਪਈਆਂ

ਸੰਗਰੂਰ, 25 ਜੂਨ- ਸੁਖਵਿੰਦਰ ਸਿੰਘ ਬਾਵਾ

– ਲੋਕ ਸਭਾ ਦੀ ਸੰਗਰੂਰ ਜਿਮਣੀ ਚੋਣ ਵਿਚ ਕਿਸ ਉਮੀਦਵਾਰ ਦੀ ਕਿਸਮਤ ਦਾ ਤਾਲਾ ਖੁਲੇਗਾ ਇਹ ਤਾਂ ਕੱਲ 26 ਜੂਨ ਨੂੰ ਈ ਵੀ ਐਮ ਦਾ ਮੂੰਹ ਖੁਲਣ ਤੋਂ ਬਾਅਦ ਹੀ ਪਤਾ ਲੱਗੇ ਪ੍ਰੰਤੂ ਸੰਗਰੂਰ ਲੋਕ ਸਭਾ ਹਲਕੇ ਦੇ ਲੋਕਾਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਹਰ ਪਾਸੇ ਆਪਣੀ ਵੱਖਰੀ ਪਹਿਚਾਣ ਰੱਖਦੇ ਹਨ।

ਭਗਵੰਤ ਮਾਨ ਨੂੰ ਦੋ ਵਾਰ ਮੈਂਬਰ ਪਾਰਲੀਮੈਂਟ ਬਣਾਉਣ ਦਾ ਸਿਹਰਾ ਹਾਸਲ ਕਰਨ ਵਾਲੇ ਲੋਕਾਂ ਨੇ ਭਾਵੇ ਹਲਕੇ ਦੇ 9 ਵਿਧਾਨ ਸਭਾ ਮੈਂਬਰ ਆਮ ਆਦਮੀ ਪਾਰਟੀ ਦੇ ਵੱਡੀ ਬਹੁਮਤ ਨਾਲ ਜਿਤਾਏ ਹੋਣ ਪਰ ਭਗਵੰਤ ਮਾਨ ਵਲੋਂ ਸੰਗਰੂਰ ਨੂੰ ਦਿੱਤਾ ਆਪਣਾ ਵਾਰਿਸ ਉਹ ਅਹਿਮੀਅਤ ਨਹੀਂ ਹਾਸਲ ਕਰ ਸਕਿਆ ਜੋ ਵਿਧਾਨ ਸਭਾ ਚੋਣਾਂ ਵੇਲੇਆਮ ਆਦਮੀ ਪਾਰਟੀ ਦੇ ਮੈਦਾਨ ਵਿਚ ਉਤਰੇ ਉਮੀਦਵਾਰ ਕਰ ਗਏ ਸਨ। ਲੋਕ ਸਭਾ ਦੀ ਜਿਮਣੀ ਚੋਣ ਵਿਚ ਸੁਨਾਮ ਹਲਕੇ ਵਿਚ ਸਭ ਤੋ ਵੱਧ ਵੋਟਾਂ 92767 ਪੋਲ ਹੋਈਆ ਜਦ ਕਿ ਇਸੇ ਹਲਕੇ ਨੇ ਵਿਧਾਇਕ ਅਮਨ ਅਰੋੜਾ 94247 ਵੋਟਾਂ ਪ੍ਰਾਪਤ ਕਰਕੇ ਜਿੱਤੇ ਸਨ। ਮਹਿਲਕਲਾ ਹਲਕੇ ਵਿਚ ਸਭ ਤੋਂ ਘੱਟ 70284 ਵੋਟਾਂ ਪੋਲ ਹੋਈਆਂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹਲਕੇ ਧੂਰੀ ਵਿਚੋਂ 79556 ਵੋਟਾਂ ਪੋਲ ਹੋਈਆ ਸਨ ਜਦ ਕਿ ਖੁਦ ਮੁੱਖ ਮੰਤਰੀ ਪੰਜਾਬ ਇਸ ਵਿਧਾਨ ਸਭਾ ਚੋਣਾਂ ਵਿਚ 82023 ਵੋਟਾਂ ਹਾਸਲ ਕਰਕੇ ਵਿਧਾਇਕ ਬਣੇ ਸਨ।

ਜੇਕਰ ਸੰਗਰੂਰ ਲੋਕ ਸਭਾ ਹਲਕੇ ਦੇ ਬਾਕੀ ਵਿਧਾਨਸਭਾ ਹਲਕਿਆਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬਨਾਮਾ ਨੂੰ ਮਿਲੇ ਅੰਕੜਿਆਂ ਮੁਤਾਬਿਕ ਸੰਗਰੂਰ ਵਿਚ 85708 ਵੋਟਾਂ ਪੋਲ ਹੋਈਆਂ ਜਦ ਕਿ ਸੰਗਰੂਰ ਦੀ ਵਿਧਾਇਕ ਨਰਿੰਦਰ ਕੌਰ ਭਰਾਜ ਨੂੰ 74047 ਵੋਟਾਂ ਪ੍ਰਾਪਤ ਹੋਈਆਂ ਸਨ। ਇਸੇ ਤਰਾਂ ਲਹਿਰਾ ਹਲਕੇ ਵਿਚ 74149 ਵੋਟਾਂ ਪੋਲ ਹੋਈਆਂ। ਵਿਧਾਨ ਸਭਾ ਹਲਕਾ ਭਦੋੜ ਵਿਚ 77335 ਵੋਟਾਂ, ਵਿਧਾਨ ਸਭਾ ਹਲਕਾ ਦਿੜਬਾ ਵਿਚ 85611 ਵੋਟਾਂ, ਵਿਧਾਨ ਸਭਾ ਹਲਕਾ ਬਰਨਾਲਾ ਜਿਥੇ ਪੰਜਾਬ ਦੇ ਸਿੱਖਿਆ ਮੰਤਰੀ ਵਿਧਾਕ ਹਨ ਵਿਚ 76113 ਵੋਟਾਂ, ਮਲੇਰਕੋਟਲਾ ਵਿਧਾਨ ਸਭਾ ਹਲਕੇ ਵਿਚ 76303 ਵੋਟਾਂ ਪੋਲ ਹੋਈਆ ਦੱਸੀਆਂ ਜਾਂਦੀਆਂ ਹਨ। ਇਸ ਤਰਾਂ ਸੰਗਰੂਰ ਲੋਕ ਸਭਾ ਹਲਕੇ ਵਿਚ ਹੋਈ ਜਿਮਣੀ ਚੋਣ ਵਿਚ 710825 ਵੋਟਾਂ ਪੋਲ ਹੋਈਆ ।

ਨਤੀਜੇ ਦਾ ਇਤਜਾਰ ਕਰ ਰਹੇ ਆਮ ਆਦਮੀ ਪਾਰਟੀ ਉਮੀਦਵਾਰ ਸਮੇਤ 16 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਈ ਵੀ ਐਮ ਮਸ਼ੀਨਾਂ ਵਿਚ ਕੈਦ ਪਿਆ ਹੈ।