ਆਮ ਆਦਮੀ ਪਾਰਟੀ ਦੀ ਸਰਕਾਰ ਪਾਸੋਂ ਛੇਤੀ ਵਿਸ਼ਾਲ ਵਿੱਦਿਆ ਮੰਦਰ ਉਸਾਰੇ ਜਾਣ ਦੀ ਮੰਗ ।

ਦੋ ਦਹਾਕਿਆਂ ਤੋਂ ਲਾਰਿਆਂ ਦੀ ਭੇਂਟ ਚੜ੍ਹਦਾ ਆ ਰਿਹੈ 31ਵਿਘੇ ਹੀਰਿਆਂ ਦੇ ਭਾਅ ਦਾ ਰਕਬਾ।

ਧਨੌਲਾ,4 ਜੁਲਾਈ (ਕੁਸ਼ਲਦੀਪ ਗੌਤਮ)- ਦੋ ਦਹਾਕੇ ਬੀਤ ਜਾਣ ਦੇ ਬਾਵਜੂਦ ਵੀ ਧਨੌਲਾ ਇਲਾਕੇ ਦੇ ਲੋਕਾਂ ਨੂੰ ਸਕੂਲ ਦੀ ਇਮਾਰਤ ਨਸੀਬ ਨਹੀਂ ਹੋਈ। ਹਰ ਵਾਰ ਵਿਧਾਨ ਸਭਾਈ ਅਤੇ ਲੋਕ ਸਭਾਈ ਚੋਣਾਂ ਮੌਕੇ ਇਲਾਕੇ ਦੇ ਮਘਦੇ ਮੁੱਦੇ ਲੱਭਣ ਸਮੇਂ ਰਾਜਨੀਤਕਾਂ ਨੂੰ ਸਕੂਲ ਉਸਾਰੀ ਪ੍ਰਮੁੱਖਤਾ ਵਜੋਂ ਦਿਖਾਈ ਦਿੰਦੀ ਹੈ ਅਤੇ ਹਰ ਵਾਰੀ ਦਮਗਜ਼ੇ ਮਾਰੇ ਜਾਂਦੇ ਹਨ ਕਿ ਸਰਕਾਰ ਬਣਨ ਦੇ ਤੁਰੰਤ ਬਾਅਦਆਧੁਨਿਕ ਸਹੂਲਤਾਂ ਨਾਲ ਲੈਸ ਸਕੂਲ ਇਮਾਰਤ ਲੋਕਾਂ ਦੀ ਖਿਦਮਤ ਵਿੱਚ ਪੇਸ਼ ਕੀਤੀ ਜਾਵੇਗੀ। ਪੰਜ ਸਰਕਾਰਾਂ ਆਈਆਂ ਅਤੇ ਰਾਜਭਾਗ ਤੇ ਕਾਬਜ਼ ਹੋ ਕੇ ਸੱਤਾ ਦਾ ਨਿੱਘ ਮਾਣ ਕੇ ਚਲਦੀਆਂ ਬਣੀਆਂ। ਪ੍ਰੰਤੂ ਸਕੂਲ ਉਸਾਰੀ ਦਾ ਵਾਅਦਾ ਵਫ਼ਾ ਨਹੀਂ ਹੋਇਆ। ਦੋ ਦਹਾਕੇ ਪਹਿਲਾਂ ਸੰਤ ਕਰਮ ਚੰਦ ਫਰਵਾਹੀ ਵਾਲਿਆਂ ਨੇ ਇਲਾਕੇ ਭਰ ਦੇ ਲੋਕਾਂ ਦੀ ਮੰਗ ਨੂੰ ਮੱਦੇਨਜ਼ਰ ਰੱਖਦਿਆਂ ਲੋਕਾਂ ਦੇ ਭਰਵੇਂ ਸਹਿਯੋਗ ਨਾਲ 31 ਵਿੱਘੇ ਰਕਬੇ ਵਿੱਚ ਭਰਤ ਪਾ ਕੇ ਵਿਸ਼ਾਲ ਮੈਦਾਨ ਤਿਆਰ ਕੀਤਾ। ਉਹ ਅਜਿਹੀ ਘੜੀ ਸੀ ਜਦ ਤਕਰੀਬਨ ਛੇ ਮਹੀਨੇ ਤਾਂ ਲੋਕਾਂ ਦੇ ਘਰੀਂ ਰੋਟੀ ਪਕਾਉਣ ਦੀ ਜ਼ਰੂਰਤ ਨਹੀਂ ਪਈ ਅਤੇ ਉਥੇ ਰੋਜ਼ਾਨਾ ਲੰਗਰ ਵਰਤਦੇ ਰਹੇ।ਗੁਲਾਬ ਜਾਮਣਾਂ, ਜਲੇਬੀਆਂ ਅਤੇ ਰਸਗੁੱਲੇ ਟਰਾਲੀਆਂ ਭਰ ਭਰ ਵਰਤਾਏ ਜਾਂਦੇ ਰਹੇ।ਸਬੱਬ ਇਹ ਬਣਿਆ ਕਿ ਹਾਥੀ ਡੋਬ ਟੋਭੇ ਵਿੱਚ ਸੇਵਾਦਾਰਾਂ ਨੇ ਥੋੜ੍ਹੇ ਅਰਸੇ ਦੇ ਵਿੱਚ ਹੀ ਭਰਤ ਪਾ ਕੇ ਟਿੱਲਾ ਲਗਾ ਦਿੱਤਾ। ਸਮਾਂ ਲੰਘਦਾ ਗਿਆ ਰਾਜਨੀਤਕ ਲੋਕ ਵਾਅਦੇ ਕਰਦੇ ਗਏ ਅਤੇ ਕੁਝ ਨਿੱਜਪ੍ਰਸਤ ਲੋਕ ਥੋੜ੍ਹਾ ਥੋੜ੍ਹਾ ਕਰਕੇ ਸਕੂਲ ਰਕਬੇ ਦੇ ਵਿਚੋਂ ਬੇਸ਼ਕੀਮਤੀ ਰਕਬਾ ਭੋਰਦੇ ਗਏ।ਡੰਗ ਟਪਾਉਣ ਜੋਗਾ ਦਬਕਾ ਨਗਰ ਕੌਂਸਲ ਵੀ ਮਾਰਦੀ ਰਹੀ ਪ੍ਰੰਤੂ ਕਦੇ ਡਿਪਟੀ ਕਮਿਸ਼ਨਰ ਜਾਂ ਐੱਸ ਡੀ ਐਮ ਪੱਧਰ ਦੇ ਅਧਿਕਾਰੀਆਂ ਨੇ ਇਸ ਰੱਤੀਆਂ ਦੇ ਭਾਅ ਦੀ ਜ਼ਮੀਨ ਨੂੰ ਸੰਭਾਲਣ ਦੀ ਜ਼ਰੂਰਤ ਨਹੀਂ ਸਮਝੀ । ਨਗਰ ਕੌਂਸਲ ਤੇ ਕਾਬਜ਼ ਕੁੱਝ ਲੋਕਾਂ ਨੇ ਦੁਕਾਨਦਾਰਾਂ ਨਾਲ ਅੰਦਰੂਨੀ ਗੰਢ ਤੁੱਪ ਕਰਕੇ ਕੁਝ ਰਕਬਾ ਨਿੱਜੀ ਕਮਰਸ਼ੀਅਲ ਏਰੀਏ ਵਿੱਚ ਮਿਲਾਉਣ ਲਈ ਕਾਨੂੰਨੀ ਘੁੰਡੀਆਂ ਨਜ਼ਰਅੰਦਾਜ਼ ਕਰਕੇ ਪ੍ਰਵਾਨਗੀ ਵੀ ਦਿੱਤੀ। ਕੁਝ ਕਾਰੋਬਾਰੀਆਂ ਨੇ ਸਕੂਲ ਇਮਾਰਤ ਦੇ ਰਕਬੇ ਵਾਲੇ ਪਾਸੇ ਗੇਟ ਕੱਢ ਕੇ ਆਉਣ ਵਾਲੇ ਸਮੇਂ ਵਿੱਚ ਰਸਤਾ ਰਖਵਾਉਣ ਲਈ ਰਸਤਾ ਪੱਧਰਾ ਕਰਨ ਦੀ ਯੋਜਨਾ ਵੀ ਬਣਾਈ। ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਹਰ ਵਾਰ ਲੋਕਾਂ ਨੂੰ ਲੁਭਾਉਣ ਲਈ ਇਹ ਵਾਅਦਾ ਕੀਤਾ ਕਿ ਇੱਥੇ ਜਲਦੀ ਸਕੂਲ ਉਸਾਰੀ ਕਰ ਦਿਆਂਗੇ ਜਾਂ ਜਲਦੀ ਕਾਲਜ ਦੀ ਵਿਸ਼ਾਲ ਇਮਾਰਤ ਬਣਾ ਕੇ ਇਲਾਕੇ ਦਾ ਨਾਮਵਰ ਕਾਲਜ ਉਸਾਰਾਂਗੇ। ਜਦਕਿ ਇਸ ਦੇ ਉਲਟ ਮਹਿੰਗੇ ਭਅ ਦਾ ਰਕਬਾ ਬਿਸਕੁਟ ਵਾਂਗ ਭੁਰਦਾ ਦਿਖਾਈ ਦੇ ਰਿਹਾ ਹੈ। ਜੇ ਸਬੱਬ ਵੱਸ ਕੋਈ ਵਫ਼ਾਦਾਰੀ ਨਿਭਾਉਣ ਲਈ ਅੱਗੇ ਨਿੱਤਰਦਾ ਵੀ ਹੈ ਤਾਂ ਬਹੁਗਿਣਤੀ ਵਿੱਚ ਸ਼ੁਮਾਰ ਨਿੱਜਪ੍ਰਸਤ ਉਸਦੇ ਹੌਸਲਿਆਂ ਨੂੰ ਦਬਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਦਿੰਦੇ ਹਨ। ਜਿਸ ਨਾਲ ਪਰਨਾਲਾ ਥਾਂ ਦੀ ਥਾਂ ਰਹਿ ਜਾਂਦਾ ਹੈ। ਬੋਹੜ ਦੀ ਛਾਂ ਹੇਠ ਬੈਠੇ ਖੁੰਢ ਚਰਚਾ ਕਰਨ ਵਾਲੇ ਇਕ ਸਾਧਾਰਨ ਵਿਅਕਤੀ ਦੇ ਕਹਿਣ ਵਾਂਗ ‘ਭਗਤ ਸਿੰਘ ਤਾਂ ਜੰਮੇ ਪਰ ਸਾਡੇ ਘਰ ਨਾ ਜੰਮੇ ਦੇ ਅਖਾਣ ਵਾਂਗ, ਨਿੱਤਰੇ ਇਕ ਵਿਅਕਤੀ ਦਾ ਸਾਥ ਦੇਣ ਲਈ ਲੋਕਾਂ ਦੀ ਭੀੜ ਜ਼ਰੂਰਤ ਨਹੀਂ ਸਮਝੀ ਜਿਸ ਨਾਲ ਪਸਤ ਹੋਏ ਹੌਸਲੇ ਹਾਰ ਦਾ ਸਬੱਬ ਬਣ ਜਾਂਦੇ ਹਨ। ਡਿਪਟੀ ਕਮਿਸ਼ਨਰ ਬਾਰੇ ਕਿਹਾ ਜਾਂਦਾ ਹੈ ਕਿ ਦੇਸ਼ ਦੀ ਸਭ ਤੋਂ ਉੱਚੀ ਪੜ੍ਹਾਈ ਪੜ੍ਹਨ ਉਪਰੰਤ ਇਸ ਪਦਵੀ ਦਾ ਖਿਤਾਬ ਮਿਲਦਾ ਹੈ। ਪ੍ਰੰਤੂ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ ਦੇ ਅਰਥਾਂ ਦੇ ਉਲਟ ਵਿੱਦਿਆ ਦੇ ਮਾਹਰ ਏ ਸੀ ਦੀਆਂ ਹਵਾਵਾਂ ਖਾ ਕੇ ਘਰੋ ਘਰੀ ਪਰਤ ਜਾਂਦੇ ਹਨ ਅਤੇ ਲੋਕ ਤ੍ਰਾਹ ਤ੍ਰਾਹ ਕਰਦੇ ਦਿਖਾਈ ਦਿੰਦੇ ਹਨ। ਇਲਾਕਾ ਨਿਵਾਸੀਆਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪਾਸੋਂ ਪੁਰਜ਼ੋਰ ਮੰਗ ਹੈ ਕੀ ਇਸ ਰੱਤੀਆਂ ਦੇ ਭਾਅ ਦੇ ਰਕਬੇ ਅੰਦਰ ਸਕੂਲ ਦੀ ਵਿਸ਼ਾਲ ਇਮਾਰਤ ਬਣਾ ਕੇ ਇਸ ਰਕਬੇ ਨੂੰ ਵਿੱਦਿਆ ਮੰਦਿਰ ਵਜੋਂ ਵਿਕਸਤ ਕੀਤਾ ਜਾਵੇ।