ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਬੀਬੀ       ਰਾਜੋਆਣਾ ਦੀ ਜਿੱਤ ਜਰੂਰੀ

ਲਹਿਰਾਗਾਗਾ , 11 ਜੂਨ : (ਭੁਪਿੰਦਰ ਵਾਲੀਆ) ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਕਿਹਾ ਕਿ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਲੀ ਚੋਣ ਮਨੁੱਖੀ ਅਧਿਕਾਰਾਂ ਦੀ ਰਾਖੀ ਦੇ ਮਾਮਲੇ ’ਤੇ ਹੋਵੇਗੀ। ਉਹ ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੁੰ ਜ਼ਿੰਮੇਵਾਰੀਆਂ ਸੌਂਪਣ ਮੌਕੇ ਵਰਕਰਾਂ ਨੁੰ ਸੰਬੋਧਨ ਕਰ ਰਹੇ ਸਨ। ਉਹਨਾਂ ਕਿਹਾ ਕਿ ਜੋ ਤਸ਼ੱਦਦ ਬੰਦੀ ਸਿੰਘਾਂ ’ਤੇ ਢਾਹਿਆ ਗਿਆ, ਉਹ ਮਨੁੱਖੀ ਅਧਿਕਾਰਾਂ ਤੇ ਕੀਮਤਾਂ ਦੀ ਉਲੰਘਣਾ ਹੈ। ਉਹਨਾਂ ਕਿਹਾ ਕਿ ਆਜ਼ਾਦ ਭਾਰਤ ਵਿਚ ਸਮੇਂ ਸਮੇਂ ’ਤੇ ਸਰਕਾਰਾਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦੀਆਂ ਰਹੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਵਿਚ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਵੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਸਰਕਾਰਾਂ ਨੁੰ ਇਹਨਾਂ ਉਲੰਘਣਾਵਾਂ ਲਈ ਸਬਕ ਸਿਖਾਉਣ ਤੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਬਾਰੇ ਕੇਂਦਰ ਸਰਕਾਰ ਨੂੰ ਸਪਸ਼ਟ ਸੰਦੇਸ਼ ਭੇਜਣ ਦਾ ਇਕ ਮੌਕਾ ਹੈ। ਉਹਨਾ ਕਿਹਾ ਕਿ ਅਕਾਲੀ ਦਲ ਤੇ ਪੰਥਕ ਜਥੇਬੰਦੀਆਂ ਦੇ ਉਮੀਦਵਾਰ ਬੀਬਾ ਕਮਲਦੀਪ ਕੌਰ ਰਾਜੋਆਣਾ ਨੇ ਆਪ ਤੇ ਉਹਨਾਂ ਦੇ ਪਰਿਵਾਰ ਨੇ ਅੰਨ੍ਹੇਵਾਹ ਤਸ਼ੱਦਦ ਝੱਲਿਆ ਹੈ । ਉਹਨਾਂ ਕਿਹਾ ਕਿ ਬੰਦੀ ਸਿੰਘਾਂ ਦੇ ਪਰਿਵਾਰਾਂ ਦੀ ਮੈਂਬਰ ਹੋਣ ਕਾਰਨ ਹੀ ਨਾ ਸਿਰਫ ਅਕਾਲੀ ਦਲ ਬਲਕਿ ਸਮੁੱਚੀਆਂ ਪੰਥਕ ਜਥੇਬੰਦੀਆਂ ਨੇ ਬੀਬਾ ਕਮਲਦੀਪ ਕੌਰ ਰਾਜੋਆਣਾ ਨੁੰ ਆਪਣਾ ਸਾਂਝਾ ਉਮੀਦਵਾਰ ਬਣਾਇਆ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਨਾਲ ਨਾਲ ਇਹ ਸਾਰੀਆਂ ਜਥੇਬੰਦੀਆਂ ਵੀ ਮਨੁੱਖੀ ਹੱਕਾਂ ਦੀ ਰਾਖੀ ਲਈ ਸੰਘਰਸ਼ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਜੇਕਰ ਸਰਦਾਰ ਸਿਮਰਨਜੀਤ ਸਿੰਘ ਮਾਨ ਪੰਥਕ ਜਥੇਬੰਦੀਆਂ ਦੇ ਸਾਂਝੇ ਉਮੀਦਾਰ ਹੁੰਦੇ ਤਾਂ ਅਕਾਲੀ ਦਲ ਨੁੰ ਕੋਈ ਇਤਰਾਜ ਨਹੀਂ ਹੋਣਾ ਸੀ। ਉਹਨਾਂ ਕਿਹਾ ਕਿ ਹੁਣ ਜਦੋਂ ਪੰਥਕ ਜਥੇਬੰਦੀਆਂ ਨੇ ਬੀਬਾ ਰਾਜੋਆਣਾ ਦੇ ਨਾਂ ਦੀ ਸਿਫਾਰਸ਼ ਕੀਤੀ ਤਾਂ ਇਹ ਸਰਦਾਰ ਸਿਮਰਨਜੀਤ ਸਿੰਘ ਦਾ ਫਰਜ਼ ਬਣਦਾ ਹੈ ਕਿ ਉਹ ਫੈਸਲਾ ਪ੍ਰਵਾਨ ਕਰਨ। ਉਹਨਾ ਕਿਹਾ ਕਿ ਅਸੀਂ ਸਰਦਾਰ ਮਾਨ ਨੁੰ ਅਪੀਲ ਕਰਦੇ ਹਾਂ ਕਿ ਉਹ ਸਾਡੀ ਅਪੀਲ ਮੰਨ ਕੇ ਆਪ ਮੁਕਾਬਲੇ ਵਿਚੋਂ ਬਾਹਰ ਹੋਣ ਦਾ ਐਲਾਨ ਕਰਨ ਤੇ ਸਾਂਝੇ ਪੰਥਕ ਉਮੀਦਵਾਰ ਦੀ ਹਮਾਇਤ ਕਰਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਆਪਣੀ ਅਸਫਲਤਾ ਤੇ ਕਮਜ਼ੋਰੀ ’ਤੇ ਪਰਦਾ ਪਾ ਰਹੇ ਹਨ ਤੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਜਾਂਚ ਐਨ ਆਈ ਏ ਤੋਂ ਕਰਵਾਉਣ ਤੋਂ ਭੱਜ ਰਹੇ ਹਨ। ਉਹਨਾਂ ਕਿਹਾ ਕਿ ਸਰਦਾਰ ਭਗਵੰਤ ਸਿੰਘ ਮਾਨ ਕੋਲ ਵਾਰ ਵਾਰ ਦਿੱਲੀ ਵਿਚ ਸ੍ਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਵਾਸਤੇ ਤਾਂ ਸਮਾਂ ਹੈ ਪਰ ਉਹਨਾਂ ਕੋਲ ਪੰਜਾਬ ਵਾਸਤੇ ਨਿਆਂ ਲੈਣ ਲਈ ਗ੍ਰਹਿ ਮੰਤਰੀ ਨੂੰ ਮਿਲਣ ਦਾ ਸਮਾਂ ਨਹੀਂ ਹੈ। ਉਹਨਾਂ ਕਿਹਾ ਕਿ ਜੇਕਰ ਕੇਂਦਰੀ ਏਜੰਸੀਆਂ ਨੇ ਜਾਂਚ ਕੀਤੀ ਤਾਂ ਫਿਰ ਪੰਜਾਬ ਨੂੰ ਜਵਾਬ ਦੇਣਾ ਪਵੇਗਾ ਕਿ ਗੁਪਤ ਤੌਰ ’ਤੇ ਜਿਹੜੀ ਸੁਰੱਖਿਆ ਵਾਪਸ ਲਈ ਗਈ ਸੀ, ਉਸਦਾ ਪ੍ਰਚਾਰ ਕਿਉਂ ਕੀਤਾ ਗਿਆ ? ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਬਾ ਕਮਲਦੀਪ ਕੌਰ ਰਾਜੋਆਣਾ, ਗੋਬਿੰਦ ਸਿੰਘ ਲੌਂਗੋਵਾਲ, ਵਿਰਸਾ ਸਿੰਘ ਵਲਟੋਹਾ, ਡਾ. ਮਹਿੰਦਰ ਰਣਵਾ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਨਿਰਮਲ ਸਿੰਘ ਹਰਿਆਊ, ਮਹਿੰਦਰ ਸਿੰਘ ਲਾਲਾਵ, ਮਨਤਾਰ ਸਿੰਘ ਬਰਾੜ, ਜਰਨੈਲ ਸਿੰਘ ਕਰਤਾਰਪੁਰ, ਭੁਪਿੰਦਰ ਸਿੰਘ ਸ਼ੇਖੂਪੁਰ, ਨਿਰਮੈਲ ਸਿੰਘ ਕੜੈਲ, ਗਗਨਦੀਪ ਸਿੰਘ ਖਾਨੇਬਾਦ, ਗਿਆਨੀ ਨਿਰੰਜਣ ਸਿੰਘ ਭੁਟਾਲ, ਜਸਪਾਲ ਸਿੰਘ ਦੇਹਰਾ, ਸਤਲੁਜ ਸਿੰਘ ਬੰਗੜ, ਗੋਲਡੀ ਮੂਣਕ, ਗੋਬਿੰਦ ਸਿੰਘ ਵਿਰਦੀ, ਸਤਨਾਮ ਸਿੰਘ ਸੱਤਾ, ਗੁਰਦੀਪ ਸਿੰਘ ਸ਼ੇਖੂਪੁਰ ਤੇ ਜਗਜੀਤ ਸਿੰਘ ਕੋਹਲੀ ਵੀ ਹਾਜ਼ਰ ਸਨ।