ਦੂਜੀਆਂ ਭਾਸ਼ਾਵਾਂ ਤੋਂ ਆਏ ਪੰਜਾਬੀ ਦੇ ਪੈਰ-ਬਿੰਦੀ ਅੱਖਰਾਂ ਵਾਲ਼ੇ ਤਤਸਮ ਸ਼ਬਦ ਅਤੇ ਉਹਨਾਂ ਤੋਂ ਬਣੇ ਤਦਭਵ ਸ਼ਬਦਾਂ ਵਿਚਲਾ ਅੰਤਰ: (ਇੱਕ ਟਿੱਪਣੀ):–
— ਲਿਖਤੀ ਬੋਲੀ ਨੂੰ ਕਦੇ ਵੀ ਬੋਲ-ਚਾਲ ਦੀ ਬੋਲੀ ਨਾਲ਼ ਤੋਲਿਆ ਨਹੀਂ ਜਾ ਸਕਦਾ। ਇਹ ਦੋਵੇਂ ਅੱਡੋ-ਅੱਡ ਵਿਧਾਵਾਂ ਹਨ। ਬੋਲਣ ਲੱਗੇ ਤਾਂ ਅੰਗਰੇਜ਼ ਵੀ ਅੱਧੇ ਸ਼ਬਦ ਖਾ ਜਾਂਦੇ ਹਨ। ਹਰ ਕੋਈ ਆਪੋ-ਆਪਣੇ ਭਾਸ਼ਾਈ ਮੁਹਾਵਰੇ ਅਨੁਸਾਰ ਹੀ ਬੋਲਦਾ ਹੈ। ਇਸ ਲਈ ਇਹ ਬੋਲਣ ਵਾਲ਼ੇ ਨੇ ਹੀ ਫ਼ੈਸਲਾ ਕਰਨਾ ਹੈ ਕਿ ਉਸ ਨੇ ਕਿਹੜੇ ਸ਼ਬਦ ਦਾ ਉਚਾਰਨ ਕਿਵੇਂ ਕਰਨਾ ਹੈ।
–ਕਿਸੇ ਵੀ ਬੋਲੀ ਵਿੱਚ ਹੋਰਨਾਂ ਭਾਸ਼ਾਵਾਂ ਤੋਂ ਆਏ ਤਤਸਮ ਸ਼ਬਦ ਵੀ ਹੁੰਦੇ ਹਨ ਅਤੇ ਤਦਭਵ ਵੀ। ਜਿਵੇਂ “ਖ਼ਸ਼ਖ਼ਾਸ਼” ਨੂੰ ਪਹਿਲਾਂ ਹੀ ਪੰਜਾਬੀ ਵਿੱਚ “ਖਸਖਸ” ਬਣਾ ਲਿਆ ਗਿਆ ਹੈ ਅਰਥਾਤ ਇਸ ਦੇ ਪੈਰਾਂ ਹੇਠੋਂ ਬਿੰਦੀਆਂ ਹਟਾ ਦਿੱਤੀਆਂ ਗਈਆਂ ਹਨ। ਇਸੇ ਤਰ੍ਹਾਂ “ਚਰਖ਼ਾ” ਦਾ “ਚਰਖਾ” ਬਣ ਗਿਆ ਹੈ। ਇਸ ਤਰ੍ਹਾਂ ਦੇ ਕੁਝ ਹੋਰ ਸ਼ਬਦ ਵੀ ਹਨ।
—ਕੀ ਤੁਸੀਂ ਪੈਰ-ਬਿੰਦੀ ਵਾਲ਼ੇ ਬਾਕੀ ਸਾਰੇ ਸ਼ਬਦਾਂ ਨੂੰ “ਤਦਭਵ” ਸ਼ਬਦ ਹੀ ਬਣਾ ਦੇਣਾ ਚਾਹੁੰਦੇ ਹੋ? ਯਾਦ ਰਹੇ ਕਿ ਤਦਭਵ ਸ਼ਬਦ ਬਣਾਏ ਨਹੀਂ ਜਾਂਦੇ ਸਗੋਂ ਆਪਮੁਹਾਰੇ ਬਣਦੇ ਹਨ। ਇਹਨਾਂ ਨੂੰ ਬਣਨ ਲਈ ਦਹਾਕਿਆਂ/ਸੈਂਕੜੇ ਸਾਲਾਂਬੱਧੀ ਸਮਾਂ ਲੱਗਿਆ ਕਰਦਾ ਹੈ। ਹੌਸਪੀਟਲ ਤੋਂ ਹਸਪਤਾਲ ਸ਼ਾਇਦ ਪੰਜਾਬੀਆਂ ਨੇ ਨਾ ਹੀ ਬਣਾਇਆ ਹੋਵੇ। ਅੰਗਰੇਜ਼ ਪੰਜਾਬ ਵਿੱਚ ਆਉਣ ਤੋਂ ਪਹਿਲਾਂ ਬਾਕੀ ਦੇ ਸਮੁੱਚੇ ਭਾਰਤ ਉੱਤੇ ਹੀ ਰਾਜ ਕਰਦੇ ਸਨ। ਹੋ ਸਕਦਾ ਹੈ ਕਿ ਪੰਜਾਬ ਵਿੱਚ ਇਸ ਨੂੰ ਪਿੱਛੋਂ ਉਹ ਆਪਣੇ ਨਾਲ਼ ਹੀ ਲਿਆਏ ਹੋਣ।
ਵੰਨ-ਸੁਵੰਨਤਾ ਕਿਸੇ ਵੀ ਭਾਸ਼ਾ ਦੀ ਖ਼ੂਬਸੂਰਤੀ ਹੁੰਦੀ ਹੈ। ਇਸ ਖ਼ੂਬਸੂਰਤੀ ਨੂੰ ਨਸ਼ਟ ਕਰਨ ਦਾ ਕਿਸੇ ਨੂੰ ਵੀ ਕੋਈ ਅਧਿਕਾਰ ਨਹੀਂ ਹੈ।
—ਕੀ ਅੰਗਰੇਜ਼ੀ ਵਿੱਚ but (ਬੀ ਯੂ ਟੀ) ਬੱਟ ਅਤੇ put (ਪੀ ਯੂ ਟੀ) ਪੁੱਟ ਨਹੀਂ ਹੁੰਦਾ? ਉੱਥੇ ਤਾਂ ਇਸ ਗੱਲ ਦਾ ਕੋਈ ਨਹੀਂ ਇਤਰਾਜ਼ ਕਰਦਾ! ਇਸ ਭਾਸ਼ਾ ਵਿੱਚ ਤਾਂ ਅਸੀਂ knowledge ਅਤੇ knife ਆਦਿ ਸ਼ਬਦਾਂ ਵਿੱਚ k ਵੀ ਬੜੀ ਰੀਝ ਨਾਲ਼ ਪਾਉਂਦੇ ਹਾਂ ਤਾਂਕਿ ਕੋਈ ਸਾਨੂੰ ਅਨਪੜ੍ਹ/ਅਧਪੜ੍ਹ ਜਾਂ ਗਵਾਰ ਆਦਿ ਨਾ ਕਹਿ ਦੇਵੇ ਜਦਕਿ ਅਜਿਹੇ ਸ਼ਬਦਾਂ ਵਿੱਚ ਇਸ ਦਾ ਉਚਾਰਨ ਵੀ ਨਦਾਰਦ ਹੈ। ਇਸ ਦੇ ਉਲਟ ਅਰਬੀ/ ਫ਼ਾਰਸੀ ਭਾਸ਼ਾਵਾਂ ਤੋਂ ਆਏ ਤਤਸਮ ਸ਼ਬਦਾਂ ਵਿੱਚ ਉਹਨਾਂ ਨੂੰ ਤਤਸਮ ਸ਼ਬਦ ਦਾ ਰੂਪ ਦੇਣ ਵਾਲ਼ੀ ਪੈਰ-ਬਿੰਦੀ ਵੀ ਤੁਹਾਥੋਂ ਸਹਾਰੀ ਨਹੀਂ ਜਾਂਦੀ, ਅਜਿਹਾ ਕਿਉਂ?
—ਇਹ ਧੁਨੀਆਂ ਕੇਵਲ ਅਰਬੀ/ਫ਼ਾਰਸੀ ਭਾਸ਼ਾਵਾਂ ਦੇ ਸ਼ਬਦ ਲਿਖਣ/ਉਚਾਰਨ ਦੇ ਕੰਮ ਹੀ ਨਹੀਂ ਆਉਂਦੀਆਂ ਸਗੋਂ ਅੰਗਰੇਜ਼ੀ ਦੇ ਸ਼ਬਦਾਂ ਦੀਆਂ ਵੀ ਕੁਝ ਅਜਿਹੀਆਂ ਹੀ ਧੁਨੀਆਂ ਨੂੰ ਪ੍ਰਗਟਾਉਣ ਦੇ ਕੰਮ ਵੀ ਆਉਂਦੀਆਂ ਹਨ। ਇਸ ਪ੍ਰਕਾਰ ਇਹਨਾਂ ਦੀ ਵਰਤੋਂ ਇਸ ਸਮੇਂ ਘੱਟੋ-ਘੱਟ ਦੋ ਭਾਸ਼ਾਵਾਂ ਦੇ ਸ਼ਬਦਾਂ ਨੂੰ ਲਿਖਤੀ ਰੂਪ ਦੇਣ ਅਤੇ ਉਹਨਾਂ ਦਾ ਸਹੀ ਉਚਾਰਨ ਕਰਨ ਲਈ ਕੀਤੀ ਜਾ ਰਹੀ ਹੈ, ਜਿਵੇਂਕਿ ਅੰਗਰੇਜ਼ੀ ਦੇ z ਅੱਖਰ ਵਾਲ਼ੇ ਸ਼ਬਦਾਂ ਨੂੰ ਜ਼ ਅਤੇ s ਵਾਲ਼ੇ ਕੁਝ ਸ਼ਬਦਾਂ ਨੂੰ ਵੀ ਜ਼ ਅਤੇ f ਅੱਖਰ ਵਾਲ਼ੇ ਸ਼ਬਦਾਂ ਨੂੰ ਫ਼ ਦੇ ਰੂਪ ਵਿੱਚ ਲਿਖਣ ਲਈ। ਇਸ ਤੋਂ ਬਿਨਾਂ ਅੰਗਰੇਜ਼ਾਂ ਨੇ ਵੀ ਫ ਅੱਖਰ ਲਈ ph ਅਤੇ ਸ਼ ਅੱਖਰ ਲਈ sh ਧੁਨੀਆਂ ਦੀ ਵਰਤੋਂ ਕੀਤੀ ਹੈ। ਜੇ ਪੰਜਾਬੀ ਵਾਲ਼ਿਆਂ ਨੇ ਆਪਣੀ ਲੋੜ ਪੂਰੀ ਕਰਨ ਲਈ ਕੁਝ ਪੈਰ-ਬਿੰਦੀ ਵਾਲ਼ੇ ਅੱਖਰਾਂ ਨੂੰ ਆਪਣੀ ਲਿਪੀ ਵਿੱਚ ਸ਼ਾਮਲ ਕਰ ਲਿਆ ਹੈ ਤਾਂ ਕਿਹੜਾ ਕਹਿਰ ਢਹਿ ਗਿਆ ਹੈ?
ਇਹ ਵੀ ਪੜ੍ਹੋ :- ਮੋਦੀ ਦੀ 2024 ਦੀ ਭਵਿੱਖਬਾਣੀ ਗਲਤ ਨਹੀਂ
—ਆਮ ਲੋਕਾਂ ਨੂੰ ਤਾਂ ਇਹਨਾਂ ਧੁਨੀਆਂ ਤੋਂ ਕੋਈ ਤਕਲੀਫ਼ ਨਹੀਂ ਹੈ ਪਰ ਤੁਹਾਥੋਂ ਇਹ ਧੁਨੀਆਂ ਕਿਉਂ ਬਰਦਾਸ਼ਤ ਨਹੀਂ ਹੋ ਰਹੀਆਂ? ਅਖੇ- ਊਠ ਨਾ ਕੁੱਦੇ, ਬੋਰੇ ਕੁੱਦੇ- ਸਾਰੇ ਜਹਾਂ ਕਾ ਦਰਦ “ਹਮਾਰੇ” ਦਿਲ ਮੇਂ ਹੈ।
—ਕਿਸੇ ਵੀ ਬੋਲੀ ਵਿੱਚ ਤਤਸਮ ਸ਼ਬਦ ਉਹ ਹੁੰਦੇ ਹਨ ਜੋਕਿ ਇੰਨ-ਬਿੰਨ ਉਸੇ ਤਰ੍ਹਾਂ ਉਚਾਰੇ ਅਤੇ ਲਿਖੇ ਜਾਂਦੇ ਹਨ, ਜਿਵੇਂ ਉਹਨਾਂ ਦਾ ਉਚਾਰਨ ਉਹਨਾਂ ਦੀ ਮੂਲ ਬੋਲੀ ਵਿੱਚ ਕੀਤਾ ਜਾਂਦਾ ਹੈ। ਜੇਕਰ ਤੁਸੀਂ ਬਿੰਦੀਆਂ ਹਟਾ ਕੇ ਉਹਨਾਂ ਦਾ ਮੂਲ ਰੂਪ ਹੀ ਵਿਗਾੜ ਦਿੱਤਾ ਤਾਂ ਉਹ ਤਤਸਮ ਸ਼ਬਦ ਕਿਵੇਂ ਰਹਿ ਗਏ? ਇੰਞ ਤਾਂ ਫਿਰ ਤੁਸੀਂ ਉਹਨਾਂ ਨੂੰ “ਤਦਭਵ” ਸ਼ਬਦ ਹੀ ਬਣਾ ਕੇ ਰੱਖ ਦਿਓਂਗੇ। ਤੁਸੀਂ ਲੋਕਾਂ ਨੂੰ ਬੰਨ੍ਹ ਕੇ ਖੀਰ ਖੁਆਉਣ ਦੀ ਫ਼ਿਰਾਕ ਵਿੱਚ ਕਿਉਂ ਹੋ- ਮੱਲੋਜ਼ੋਰੀ ਬਿੰਦੀਆਂ ਹਟਾ ਕੇ ਉਹਨਾਂ ਦਾ “ਭਲਾ” ਕਿਉਂ ਕਰਨਾ ਚਾਹੁੰਦੇ ਹੋ, ਅਖੇ- ਚੋਰ ਨਾਲ਼ੋਂ ਪੰਡ ਕਾਹਲ਼ੀ!
—ਕੀ “ਗ਼ਜ਼ਲ” ਨੂੰ ਫਿਰ ਅੰਤਰਰਾਸ਼ਟਰੀ ਮੰਚਾਂ ‘ਤੇ ਤੁਸੀਂ ਪੂਰਬੀ ਪੰਜਾਬੀਆਂ ਕੋਲ਼ੋਂ “ਗਜਲ” ਅਖਵਾ ਕੇ ਸਮੂਹ ਭਾਈਚਾਰੇ ਦਾ ਮਖੌਲ ਨਹੀਂ ਉਡਵਾਇਆ ਕਰੋਗੇ?
—ਇਹ ਗੱਲ ਤਾਂ ਯਕੀਨੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਵੀ ਆਪਣੀ ਲਿਖਤ “ਜ਼ਫ਼ਰਨਾਮੇ” ਨੂੰ ਉਸ ਦੇ ਸਹੀ ਉਚਾਰਨ ਅਨੁਸਾਰ “ਜ਼ਫ਼ਰਨਾਮਾ” ਹੀ ਉਚਾਰਦੇ ਹੋਣਗੇ। ਕੀ ਤੁਸੀਂ ਉਹਨਾਂ ਦੇ ਪੈਰੋਕਾਰਾਂ/ਸਿੱਖਾਂ ਕੋਲ਼ੋਂ ਇਹ ਹੱਕ ਵੀ ਖੋਹ ਲੈਣਾ ਚਾਹੁੰਦੇ ਹੋ? ਬਾਕੀ ਦੇ ਗੁਰੂ ਸਾਹਿਬਾਨ ਵੀ ਉਸ ਸਮੇਂ ਦੇ ਪ੍ਰਚਲਿਤ ਅਰਬੀ/ਫ਼ਾਰਸੀ ਭਾਸ਼ਾਵਾਂ ਦੇ ਪੈਰ-ਬਿੰਦੀ ਅੱਖਰਾਂ ਵਾਲ਼ੇ ਸ਼ਬਦਾਂ ਨੂੰ ਉਹਨਾਂ ਦੇ ਮੂਲ ਉਚਾਰਨ ਅਨੁਸਾਰ ਹੀ ਬੋਲਦੇ ਹੋਣਗੇ ਕਿਉਂਕਿ ਫ਼ਾਰਸੀ ਲਿਪੀ ਵਿੱਚ ਤਾਂ ਇਹ ਧੁਨੀਆਂ ਸ਼ੁਰੂ ਤੋਂ ਹੀ ਮੌਜੂਦ ਸਨ। ਇਹ ਗੱਲ ਵੱਖਰੀ ਹੈ ਕਿ ਉਸ ਸਮੇਂ ਦੀ ਪੰਜਾਬੀ ਦੀ ਲਿਪੀ ਵਿੱਚ ਪੈਰ-ਬਿੰਦੀ ਵਾਲ਼ੇ ਅੱਖਰ ਅਜੇ ਹੋਂਦ ਵਿੱਚ ਨਹੀਂ ਸਨ ਆਏ। ਗੁਰੂ ਨਾਨਕ ਦੇਵ ਜੀ ਨੇ ਤਾਂ ਇੱਕ ਪੂਰਾ ਸ਼ਬਦ ਹੀ ਫ਼ਾਰਸੀ ਭਾਸ਼ਾ ਵਿੱਚ ਲਿਖਿਆ ਹੈ।
—ਬਾਬਾ ਫ਼ਰੀਦ ਜੀ ਸਮੇਤ ਹੋਰ ਸੂਫ਼ੀ ਫ਼ਕੀਰਾਂ ਨੇ ਵੀ ਅਨੇਕਾਂ ਅਰਬੀ/ਫ਼ਾਰਸੀ ਭਾਸ਼ਾਵਾਂ ਦੇ ਸ਼ਬਦ ਵਰਤੇ ਹਨ। ਕੀ ਤੁਸੀਂ ਆਉਣ ਵਾਲ਼ੀਆਂ ਪੀੜ੍ਹੀਆਂ ਨੂੰ ਉਹਨਾਂ ਸ਼ਬਦਾਂ ਦੇ ਸਹੀ ਉਚਾਰਨ ਅਤੇ ਲਿਖਤੀ ਰੂਪ ਤੋਂ ਵੀ ਉਹਨਾਂ ਨੂੰ ਸਦਾ-ਸਦਾ ਲਈ ਵਾਂਝਿਆਂ ਕਰ ਦੇਣਾ ਚਾਹੁੰਦੇ ਹੋ?
—ਤੁਸੀਂ ਆਪ ਤਾਂ ਇਹ ਸਭ ਕੁਝ ਸਿੱਖ ਲਿਆ। ਤੁਹਾਨੂੰ ਇਹ ਅਧਿਕਾਰ ਕਿਸ ਨੇ ਦਿੱਤਾ ਹੈ ਕਿ ਤੁਸੀਂ ਅੱਗੋਂ ਆਉਣ ਵਾਲ਼ੀਆਂ ਪੀੜ੍ਹੀਆਂ ਨੂੰ ਉਹਨਾਂ ਦੇ ਇਸ ਹੱਕ ਤੋਂ ਵੀ ਮਹਿਰੂਮ ਕਰਵਾ ਦਿਓ ਅਤੇ ਅੱਗੋਂ ਉਹਨਾਂ ਦੇ ਰਾਹਾਂ ਵਿੱਚ ਵੀ ਕੰਡੇ ਬੀਜੋ।
—ਇਹ ਧੁਨੀਆਂ ਜਿਵੇਂਕਿ ਉੱਪਰ ਲਿਖਿਆ ਗਿਆ ਹੈ, ਕਿਸੇ ਇੱਕ ਭਾਸ਼ਾ ਨਾਲ਼ ਬੱਝੀਆਂ ਹੋਈਆਂ ਨਹੀਂ ਹਨ। ਅੰਗਰੇਜ਼ੀ ਦੇ ਵੀ ਕਈ ਸ਼ਬਦਾਂ ਵਿੱਚ ਇਹਨਾਂ ਦੀ ਵਰਤੋਂ ਹੁੰਦੀ ਹੈ। ਇਹ ਇਹਨਾਂ ਭਾਸ਼ਾਵਾਂ ਦੇ ਬਹੁਤ ਸਾਰੇ ਸ਼ਬਦਾਂ ਦੇ ਉਚਾਰਨ, ਲਿਖਤੀ ਰੂਪ ਅਤੇ ਅਰਥਾਂ ਵਿੱਚ ਸਪਸ਼ਟਤਾ ਲਿਆਉਂਦੀਆਂ ਹਨ। ਇਸ ਲਈ “ਕਿਸੇ ਨੂੰ ਮਾਂਹ ਬਾਦੀ ਅਤੇ ਕਿਸੇ ਨੂੰ ਸੁਆਦੀ” ਦੇ ਅਰਥਾਂ ਮੁਤਾਬਕ ਜਿਹੜਾ ਇਹਨਾਂ ਧੁਨੀਆਂ ਨੂੰ ਵਰਤਣਾ ਚਾਹੁੰਦਾ ਹੈ, ਉਹ ਵਰਤੇ ਅਤੇ ਜਿਸ ਨੂੰ ਇਹ ਹਜ਼ਮ ਨਹੀਂ ਹੁੰਦੀਆਂ, ਉਹ ਨਾ ਵਰਤੇ। – ਧੰਨਵਾਦ ਸਹਿਤ :- ਜਸਵੀਰ ਸਿੰਘ ਪਾਬਲਾ, ਨਵਾਂਸ਼ਹਿਰ।
1 Comment
ਇਲਤੀ ਬਾਬੇ ਦੀਆਂ ਜੱਬਲੀਆਂ!ਪੱਕੀਆਂ ਵੋਟਾਂ! - Punjab Nama News
9 ਮਹੀਨੇ ago[…] ਇਹ ਵੀ ਪੜ੍ਹੋ :- ਪੰਜਾਬੀ ਭਾਸ਼ਾ ਵਿਚ ਬਿੰਦੀਆਂ … […]
Comments are closed.