ਗੁਰਦੁਆਰਾ ਸ੍ਰੀ ਨਾਨਕਮਤਾ ਸਾਹਿਬ ਦੀ ਕਮੇਟੀ ਕਿਵੇਂ ਬਣੀ?
ਗੁਰਦੁਆਰਾ ਸ੍ਰੀ ਨਾਨਕਮਤਾ ਸਾਹਿਬ ਉੱਤਰਾਖੰਡ ਦੇ ਊਧਮ ਸਿੰਘ ਨਗਰ ਜ਼ਿਲੇ ਵਿਚ ਸਥਿਤ ਹੈ। ਇਹ ਅਸਥਾਨ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਯਾਦ ਦਿਵਾਉਂਦਾ ਹੈ ਜਿਨ੍ਹਾਂ ਨੇ ਆਪਣੀ ਚਰਨ ਛੋਹ ਨਾਲ ਇਸ ਨੂੰ ਪਵਿੱਤਰ ਕੀਤਾ ਸੀ। ਇਹ ਅਸਥਾਨ ਮੌਜੂਦਾ ਉੱਤਰਾਖੰਡ ਦੇ ਕਮਾਊਂ ਇਲਾਕੇ ਵਿਚ ਸਥਿਤ ਹੈ ਅਤੇ ਇੱਥੋਂ ਅੱਗੇ ਮਾਨਸਰੋਵਰ, ਸੁਮੇਰ ਆਦਿ ਅਸਥਾਨਾਂ ਵੱਲ ਮਾਰਗ ਜਾਂਦਾ ਹੈ। ਇਹ ਸਾਰਾ ਖੇਤਰ ਕੰਨ ਪਾਟੇ ਨਾਥ ਜੋਗੀਆਂ ਦੇ ਪ੍ਰਭਾਵ ਅਧੀਨ ਸੀ ਜਿਹੜੇ ਕਿ ਕੰਨਾਂ ਵਿਚ ਲਾਖ, ਧਾਤ ਜਾਂ ਕੱਚ ਦੀਆਂ ਮੁੰਦਰਾਂ ਪਾਉਂਦੇ ਅਤੇ ਗੋਰਖ ਨਾਥ ਨੂੰ ਆਪਣਾ ਗੁਰੂ ਮੰਨਦੇ ਸਨ। ਗੁਰਦੁਆਰਾ ਰੀਠਾ ਸਾਹਿਬ ਵੀ ਇਸ ਇਲਾਕੇ ਵਿਚ ਮੌਜੂਦ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਜੋਗੀ ਢੇਰ ਨਾਥ ਨਾਲ ਵਿਚਾਰ-ਚਰਚਾ ਕੀਤੀ ਸੀ। ਆਪਣੀਆਂ ਉਦਾਸੀਆਂ ਦੌਰਾਨ ਗੁਰੂ ਜੀ ਕਮਾਊਂ ਇਲਾਕੇ ਵਿਚ ਇਕ ਅਜਿਹੇ ਅਸਥਾਨ ’ਤੇ ਪੁੱਜੇ ਸਨ ਜਿਹੜਾ ਕਿ ‘ਸਿਧ ਮਤਾ’ ਦੇ ਨਾਂ ਨਾਲ ਪ੍ਰਸਿੱਧ ਸੀ ਜਿਸਦਾ ਵਰਨਨ ਕਰਦੇ ਹੋਏ ਸਰੂਪ ਦਾਸ ਭੱਲਾ ਦੱਸਦਾ ਹੈ :
ਰਾਜ-ਕਮਾਊਂ ਦੇਸ ਮੋ ਸਿਧ ਮਤਾ ਅਸਥਾਨ।
ਸਿਧ ਉਹਾ ਮੇਲਾ ਕਰੈ ਤਹਾ ਆਏ ਕ੍ਰਿਪਾਨਿਧਾਨ। ਮਹਿਮਾ ਪ੍ਰਕਾਸ਼, ਪੰਨਾ 302
ਸਰੂਪ ਦਾਸ ਭੱਲਾ ਅੱਗੇ ਦੱਸਦਾ ਹੈ ਕਿ ਨਾਥ ਜੋਗੀਆਂ ਨੇ ਗੁਰੂ ਜੀ ’ਤੇ ਪ੍ਰਭਾਵ ਪਾਉਣ ਲਈ ਰਿਧੀਆਂ ਸਿੱਧੀਆਂ ਦੀ ਵਰਤੋਂ ਕੀਤੀ ਸੀ ਜਿਨ੍ਹਾਂ ਵਿਚ ਭਿਆਨਕ ਰੂਪ ਧਾਰ ਕੇ ਕੜਕਣਾ, ਬੱਦਲਾਂ ਵਾਂਗ ਗਰਜਣਾ ਅਤੇ ਵਰਸਣਾ, ਅਗਨੀ ਰੂਪ ਧਾਰ ਕੇ ਡਰਾਉਣਾ ਆਦਿ ਕਰਾਮਾਤਾਂ ਸ਼ਾਮਲ ਸਨ ਪਰ ਇਹਨਾਂ ਵਿਚੋਂ ਕੋਈ ਵੀ ਕਰਾਮਾਤ ਉਹਨਾਂ ਨੂੰ ਪ੍ਰਭਾਵਿਤ ਨਹੀਂ ਕਰ ਸਕੀ ਅਤੇ ਅਖ਼ੀਰ ਹਾਰ ਖਾ ਕੇ ਉਹਨਾਂ ਨੇ ਗੁਰੂ ਜੀ ਦੀ ਸ਼ਰਨ ਕਬੂਲ ਕਰ ਲਈ ਸੀ। ਨਾਥ ਜੋਗੀ ਸ਼ਬਦ ਦੇ ਗਿਆਨ ਵਿਚ ਸ੍ਰੇਸ਼ਟ ਮੰਨੇ ਜਾਂਦੇ ਸਨ ਪਰ ਜਦੋਂ ਗੁਰੂ ਜੀ ਦੁਆਰਾ ਪ੍ਰਗਟ ਕੀਤਾ ਗਿਆ ਗਿਆਨ ਵਧੇਰੇ ਸ੍ਰੇਸ਼ਟ ਸਿੱਧ ਹੋਇਆ ਤਾਂ ਉਸਦਾ ਪ੍ਰਭਾਵ ਇਸ ਇਲਾਕੇ ਦੇ ਨਾਮਕਰਣ ਵਿਚੋਂ ਵੀ ਪ੍ਰਗਟ ਹੋਣ ਲੱਗਿਆ ਸੀ :
ਸਿਧ ਮਤਾ ਅਸਥਾਨ ਜਾਨਤ ਹੈ ਸਭ ਲੋਗ ਜਗ।
ਕਰ ਜੀਤਾ ਸਭ ਕੋ ਗਿਆਨ, ਨਾਨਕ ਮਤਾ ਅਬ ਕਹਤ ਹੈ। ਮਹਿਮਾ ਪ੍ਰਕਾਸ਼, ਪੰਨਾ 303
ਭਾਈ ਸੰਤੋਖ ਸਿੰਘ ਇਸ ਅਸਥਾਨ ਦਾ ਨਾਂ ਗੋਰਖਮਤਾ ਦੱਸਦੇ ਹੋਏ ਕਹਿੰਦੇ ਹਨ ਕਿ ਇਸ ਅਸਥਾਨ ’ਤੇ ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਵਿਚਾਰ ਚਰਚਾ ਹੋਈ ਸੀ। ਗੁਰੂ ਜੀ ਇਸ ਅਸਥਾਨ ’ਤੇ ਪੁੱਜੇ ਤਾਂ ਸੁੱਕੇ ਹੋਏ ਪਿੱਪਲ ਦੇ ਇਕ ਰੁੱਖ ਹੇਠਾਂ ਬਿਰਾਜਮਾਨ ਹੋਏ ਸਨ ਜਿਨ੍ਹਾਂ ਦੀ ਛੋਹ ਨਾਲ ਇਹ ਹਰਾ-ਭਰਾ ਹੋ ਗਿਆ ਸੀ। ਇਸ ਕੌਤਕ ਨੂੰ ਦੇਖ ਕੇ ਸਿੱਧਾਂ ਨੇ ਗੁਰੂ ਜੀ ਨਾਲ ਵਿਚਾਰ ਚਰਚਾ ਅਰੰਭ ਕਰ ਦਿੱਤੀ ਸੀ। ਚਰਚਾ ਕਰਦੇ ਹੋਏ ਰਾਤ ਪੈ ਗਈ ਤਾਂ ਸਰਦੀ ਵੱਧ ਜਾਣ ਕਾਰਨ ਗੁਰੂ ਜੀ ਨੇ ਮਰਦਾਨੇ ਨੂੰ ਧੂਣੀ ਲਿਆਉਣ ਲਈ ਕਿਹਾ। ਮਰਦਾਨਾ ਜੋਗੀਆਂ ਕੋਲ ਗਿਆ ਤਾਂ ਉਹਨਾਂ ਨੇ ਇਨਕਾਰ ਕਰ ਦਿੱਤਾ। ਜਦੋਂ ਗੁਰੂ ਜੀ ਨੇ ਕੌਤਕ ਨਾਲ ਧੂਣੀ ਬਾਲ ਲਈ ਤਾਂ ਉਸ ਨੂੰ ਦੇਖ ਕੇ ਸਿੱਧ ਹੈਰਾਨ ਹੋ ਗਏ। ਉਹਨਾਂ ਨੇ ਗੁਰੂ ਜੀ ਦੀ ਧੂਣੀ ਨੂੰ ਬੁਝਾਉਣ ਅਤੇ ਉਹਨਾਂ ਦੇ ਨਿਵਾਸ ਵਾਲੇ ਪਿੱਪਲ ਦੇ ਰੱਖ ਨੂੰ ਉਡਾਉਣ ਲਈ ਅਨੇਕਾਂ ਕਰਾਮਾਤਾਂ ਦਾ ਸਹਾਰਾ ਲਿਆ ਪਰ ਸਫ਼ਲਤਾ ਨਾ ਮਿਲੀ। ਕਿਹਾ ਜਾਂਦਾ ਹੈ ਕਿ ਗੁਰੂ ਜੀ ਨੇ ਹੱਥ ਦੇ ਪੰਜੇ ਨਾਲ ਇਸ ਰੁੱਖ ਨੂੰ ਰੋਕ ਲਿਆ ਸੀ ਜਿਸ ਕਰਕੇ ਸਥਾਨਿਕ ਰਵਾਇਤ ਵਿਚ ਇਸ ਨੂੰ ‘ਪੰਜਾ ਸਾਹਿਬ’ ਦੇ ਨਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ।
ਅਗਲੇ ਦਿਨ ਗੁਰੂ ਜੀ ਦੀ ਸਿੱਧਾਂ ਨਾਲ ਵਿਚਾਰ-ਚਰਚਾ ਹੋਈ ਤਾਂ ਉਹਨਾਂ ਨੇ ਗੁਰੂ ਜੀ ਨੂੰ ਕੁੱਝ ਦੂਰੀ ’ਤੇ ਵਗ ਰਹੀ ਗੰਗਾ ਨੂੰ ਆਪਣੇ ਕੋਲ ਲਿਆਉਣ ਲਈ ਕਿਹਾ। ਗੁਰੂ ਜੀ ਨੇ ਮਰਦਾਨੇ ਨੂੰ ਇਕ ਸੋਟੀ ਦੇ ਕੇ ਭੇਜਦੇ ਹੋਏ ਕਿਹਾ ਕਿ ਪਿੱਛੇ ਮੁੜ ਕੇ ਦੇਖੇ ਬਗ਼ੈਰ ਗੰਗਾ ਤੋਂ ਲਕੀਰ ਖਿੱਚਦਾ ਆਵੇ। ਮਰਦਾਨੇ ਨੇ ਇਵੇਂ ਹੀ ਕੀਤਾ ਪਰ ਜਦੋਂ ਕੁੱਝ ਨੇੜੇ ਆਇਆ ਤਾਂ ਪਿੱਛੇ ਮੁੜ ਕੇ ਦੇਖ ਲਿਆ। ਗੰਗਾ ਉੱਥੇ ਹੀ ਰੁਕ ਗਈ ਜਿਸ ਨੂੰ ਲਿਆਉਣ ਲਈ ਸਿੱਧਾਂ ਨੇ ਵੀ ਕਰਾਮਾਤਾਂ ਦਿਖਾਈਆਂ ਪਰ ਸਫ਼ਲ ਨਾ ਹੋ ਸਕੇ। ਉਹਨਾਂ ਦਾ ਹੰਕਾਰ ਟੁੱਟ ਗਿਆ ਅਤੇ ਉਹਨਾਂ ਨੇ ਗੁਰੂ ਜੀ ਅੱਗੇ ਸਿਰ ਨਿਵਾ ਦਿੱਤਾ। ਗੁਰੂ ਸਾਹਿਬ ਦੀ ਮਹਿਮਾ ਪ੍ਰਗਟ ਕਰਦੇ ਹੋਏ ਭਾਈ ਸਾਹਿਬ ਕਹਿੰਦੇ ਹਨ ਕਿ ਇਹ ਅਸਥਾਨ ਸਿੱਧਾਂ ਦੇ ਮੁਖੀ ਗੋਰਖਨਾਥ ਦੇ ਨਾਂ ਨਾਲ ਪ੍ਰਸਿੱਧ ਸੀ ਪਰ ਉਹਨਾਂ ਦੇ ਚਲੇ ਜਾਣ ਉਪਰੰਤ ਅਤੇ ਗੁਰੂ ਜੀ ਦਾ ਪ੍ਰਤਾਪ ਵੱਧ ਜਾਣ ਕਰਕੇ ਇਸ ਨੂੰ ਨਾਨਕਮਤਾ ਕਿਹਾ ਜਾਣ ਲੱਗਿਆ :
ਗੋਰਖ ਮਤਾ ਹਟਾਯੋ ਨਾਮੂ।
ਨਾਨਕਮਤਾ ਰਾਖਿ ਅਭਿਰਾਮੂ॥
ਗੁਰੂ ਨਾਨਕ ਦੇਵ ਜੀ ਤੋਂ ਬਾਅਦ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਨੇ ਇਸ ਅਸਥਾਨ ’ਤੇ ਦਰਸ਼ਨ ਦਿੱਤੇ ਸਨ। ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਇਕ ਉਦਾਸੀ ਭਾਈ ਅਲਮਸਤ ਇਸ ਅਸਥਾਨ ਦੀ ਸੇਵਾ ਸੰਭਾਲ ਕਰਨ ਲਈ ਆਇਆ ਸੀ। ਇਸ ਇਲਾਕੇ ਵਿਚ ਮੌਜੂਦ ਸਿੱਧਾਂ ਨੇ ਉਸ ਅਸਥਾਨ ’ਤੇ ਆਪਣਾ ਅਧਿਕਾਰ ਕਾਇਮ ਕਰਨ ਦਾ ਯਤਨ ਕਰਦੇ ਹੋਏ ਭਾਈ ਅਲਮਸਤ ਨੂੰ ਉੱਥੋਂ ਕੱਢ ਦਿੱਤਾ ਅਤੇ ਪਿੱਪਲ ਦੇ ਰੁੱਖ ਨੂੰ ਅੱਗ ਲਗਾ ਦਿੱਤੀ ਸੀ। ਭਾਈ ਸਾਹਿਬ ਗੁਰੂ ਜੀ ਨੂੰ ਸਹਾਇਤਾ ਲਈ ਅਰਦਾਸ ਕਰਨ ਲੱਗੇ ਜਿਹੜੀ ਕਿ ਛੇਤੀ ਹੀ ਸੁਣੀ ਗਈ। ਗੁਰੂ ਜੀ ਆਪਣੇ ਕੁੱਝ ਯੋਧਿਆਂ ਸਮੇਤ ਘੋੜਿਆਂ ’ਤੇ ਸਵਾਰ ਹੋ ਕੇ ਉੱਥੇ ਪੁੱਜੇ ਅਤੇ ਸਿੱਧਾਂ ਨੂੰ ਉੱਥੋਂ ਭਜਾ ਦਿਤਾ ਅਤੇ ਕੇਸਰ ਦੇ ਛਿੱਟੇ ਪਿੱਪਲ ਦੇ ਸੜੇ ਹੋਏ ਹਿੱਸੇ ’ਤੇ ਮਾਰੇ ਅਤੇ ਉਸ ਨੂੰ ਫਿਰ ਤੋਂ ਹਰਾ-ਭਰਾ ਕਰ ਦਿੱਤਾ ਸੀ।
ਭਾਈ ਅਲਮਸਤ ਦੇ ਸਮੇਂ ਤੋਂ ਲੈ ਕੇ ਇਸ ਅਸਥਾਨ ਦੀ ਸੇਵਾ ਸੰਭਾਲ ਉਦਾਸੀ ਮਹੰਤਾਂ ਕੋਲ ਰਹੀ ਹੈ। ਗੁਰੂ ਉਦਾਸੀਨ ਮੱਤ ਦਰਪਨ ਵਿਚ ਭਾਈ ਅਲਮਸਤ ਤੋਂ ਬਾਅਦ ਹੋਏ ਕੁੱਝ ਮਹੰਤਾਂ ਦਾ ਵੇਰਵਾ ਇਸ ਤਰ੍ਹਾਂ ਦਿੱਤਾ ਗਿਆ ਹੈ:
ਸਬਸੇ ਜੇਠ ਮਖੂਚੰਦ ਭਏ। ਨਾਨਕ ਮੱਤੇ ਗਾਦੀ ਨਿਰਮਏ॥
ਮਿਠਾ ਰਾਮ ਤਿਨਕੇ ਅਧਿਕਾਰੀ। ਗੁਰਦਾਸ ਦਾਸ ਭੇ ਆਗਯਾਕਾਰੀ॥ ਬੰਦ 27
ਇਹਨਾਂ ਮਹੰਤਾਂ ਤੋਂ ਬਾਅਦ ਮਹੰਤ ਕਰਮ ਦਾਸ, ਮਹੰਤ ਅਤਰ ਦਾਸ, ਮਹੰਤ ਪ੍ਰੇਮ ਦਾਸ, ਮਹੰਤ ਅਮਰ ਦਾਸ ਦੁਆਰਾ ਇਸ ਅਸਥਾਨ ਦੀ ਸੇਵਾ ਸੰਭਾਲ ਦਾ ਵੇਰਵਾ ਮਿਲਦਾ ਹੈ। ਗੁਰਦੁਆਰਾ ਗਜ਼ਟ ਵਿਚ ਇਸ ਅਸਥਾਨ ’ਤੇ ਸੇਵਾ ਸੰਭਾਲ ਕਰਨ ਵਾਲਿਆਂ ਦਾ ਵੇਰਵਾ ਮਹੰਤ ਅਤਰ ਦਾਸ ਤੋਂ ਮਿਲਦਾ ਹੈ ਜਿਸ ਨੂੰ ਵਿਆਹ ਕਰਵਾ ਲੈਣ ਕਰਕੇ ਗੱਦੀ ਤੋਂ ਲਾਂਭੇ ਕਰ ਦਿੱਤਾ ਗਿਆ ਸੀ। ਫਿਰ ਉਹਨਾਂ ਦਾ ਚੇਲਾ ਬ੍ਰਹਮ ਦਾਸ ਗੱਦੀ ’ਤੇ ਬੈਠਿਆ ਪਰ ਕੁੱਝ ਦਿਨਾਂ ਪਿੱਛੋਂ ਉਹ ਵੀ ਸਰੀਰ ਛੱਡ ਗਿਆ ਸੀ। ਇਸ ਤੋਂ ਬਾਅਦ ਪ੍ਰੇਮ ਦਾਸ ਨੂੰ ਗੱਦੀ ਮਿਲੀ ਪਰ ਵਿਆਹ ਕਰਵਾ ਲੈਣ ਕਰਕੇ ਉਸ ਨੂੰ ਵੀ ਗੱਦੀ ਤੋਂ ਵੱਖ ਕਰ ਦਿੱਤਾ ਗਿਆ ਸੀ।
ਇਸਦੇ ਦੋ ਚੇਲਿਆਂ ਹਰ ਪ੍ਰਕਾਸ਼ ਅਤੇ ਅਮਰ ਦਾਸ ਵਿਚੋਂ ਬਾਵਾ ਅਮਰ ਦਾਸ ਗੱਦੀ ’ਤੇ ਬੈਠਿਆ ਅਤੇ ਇਸਦਾ ਆਪਣੇ ਚੇਲੇ ਬਾਵਾ ਹਰਨਾਮ ਦਾਸ ਨਾਲ ਝਗੜਾ ਹੋ ਗਿਆ ਸੀ। ਗੱਲ ਮੁਕੱਦਮੇ ਤੱਕ ਪੁੱਜੀ ਤਾਂ ਚੌਧਰੀ ਰਾਮ ਸਿੰਘ ਨੇ ਬਾਵਾ ਅਮਰਦਾਸ ਦੀ ਮੱਦਦ ਇਸ ਸ਼ਰਤ ’ਤੇ ਕੀਤੀ ਕਿ ਉਸਦੇ ਚਲਾਣੇ ਉਪਰੰਤ ਉਹ ਇਸ ਗੱਦੀ ਦਾ ਹੱਕਦਾਰ ਹੋਵੇਗਾ। ਇਹ ਬਹੁਤ ਅਮੀਰ ਸੀ ਅਤੇ ਇਸ ਨੇ ਅੱਯਾਸ਼ੀ ਵਿਚ ਆਪਣੀ ਜਾਇਦਾਦ ਖਰਾਬ ਕਰ ਦਿੱਤੀ ਸੀ ਅਤੇ ਇਹੀ ਕੰਮ ਇਹ ਗੁਰਦੁਆਰਾ ਸਾਹਿਬ ਦੀ ਜਾਇਦਾਦ ਨਾਲ ਕਰਨਾ ਚਾਹੁੰਦਾ ਸੀ।
ਜਦੋਂ ਵੀ ਕਿਸੇ ਮਹੰਤ ਨੂੰ ਗੁਰਗੱਦੀ ਦਿੱਤੀ ਜਾਂਦੀ ਸੀ ਤਾਂ ਉਸਦਾ ਇਕ ਵਿਸ਼ੇਸ਼ ਵਿਧੀ-ਵਿਧਾਨ ਪ੍ਰਚੱਲਿਤ ਸੀ ਜਿਸ ਅਨੁਸਾਰ ਕਾਰਜਸ਼ੀਲ ਮਹੰਤ ਦੇ ਚੇਲਿਆਂ ਵਿਚੋਂ ਕਿਸੇ ਇਕ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਅਰਦਾਸ ਅਤੇ ਕੀਰਤਨ ਕਰਨ ਉਪਰੰਤ ਸੇਵਾ ਸੌਂਪੀ ਜਾਂਦੀ ਸੀ। 24 ਜੁਲਾਈ 1926 ਨੂੰ ਮਹੰਤ ਅਮਰ ਦਾਸ ਦੇ ਅਕਾਲ ਚਲਾਣਾ ਕਰ ਜਾਣ ’ਤੇ ਇਸੇ ਮਰਯਾਦਾ ਅਨੁਸਾਰ ਇਹ ਸੇਵਾ ਸੰਭਾਲ ਮਹੰਤ ਸਰੂਪਾਨੰਦ (ਚੌਧਰੀ ਰਾਮ ਸਿੰਘ) ਨੂੰ ਸੌਂਪੀ ਗਈ ਸੀ। ਕੁੱਝ ਸਾਲ ਤੱਕ ਇਹ ਕਾਰਜ ਸਹੀ ਰੂਪ ਵਿਚ ਚੱਲਦਾ ਰਿਹਾ ਪਰ ਫਿਰ ਮਹੰਤ ਇਸ ਸੇਵਾ ਨੂੰ ਮਾਲਕੀ ਸਮਝਣ ਲੱਗ ਪਿਆ। ਉਸ ਦੁਆਰਾ ਮਨਮਤ ਕੀਤੀ ਜਾਣ ਲੱਗੀ ਜਿਹੜੀ ਕਿ ਸਿੱਖਾਂ ਦੀ ਨਰਾਜ਼ਗੀ ਦਾ ਕਾਰਨ ਬਣੀ।
ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਜਾਣ ਵਾਲੀ ਸੰਗਤ ਵਿਚ ਟਨਕਪੁਰ ਦਾ ਇਕ ਭਾਈ ਸਰਦਾਰ ਸਿੰਘ ਵੀ ਸ਼ਾਮਲ ਸੀ। ਗੁਰਧਾਮ ਸਾਹਿਬ ਦਾ ਪ੍ਰਬੰਧ ਸੁਧਾਰਨ ਲਈ ਇਸ ਨੇ ਨੈਨੀਤਾਲ ਦੇ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਿਖਆ ਜਿਹੜਾ ਕਿ 31 ਮਾਰਚ 1933 ਨੂੰ ਜਾਣਕਾਰੀ ਪ੍ਰਾਪਤ ਕਰਨ ਲਈ ਇੱਥੇ ਆਇਆ ਸੀ। ਇਸ ਦੇ ਨਾਲ ਹੀ ਭਾਈ ਸਰਦਾਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਚੀਫ਼ ਖ਼ਾਲਸਾ ਦੀਵਾਨ ਨੂੰ ਵੀ ਦਰਦ ਭਰੀਆਂ ਚਿੱਠੀਆਂ ਲਿਖ ਕੇ ਗੁਰਦੁਆਰਾ ਸਾਹਿਬ ਦੇ ਸਮੁੱਚੇ ਹਾਲਾਤ ਤੋਂ ਜਾਣੂ ਕਰਵਾਇਆ ਸੀ।
28 ਮਈ 1933 ਨੂੰ ਗੁਰਦੁਆਰਾ ਸਿੱਖ ਸੰਗਤ, ਬਰੇਲੀ ਵਿਖੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਮਨਾਇਆ ਗਿਆ ਇਸ ਮੌਕੇ ਸਜੇ ਦੀਵਾਨ ਵਿਚ ਪੀਲੀਭੀਤ ਦੇ ਚੀਫ਼ ਇੰਜਨੀਅਰ ਸ. ਸੰਤੋਖ ਸਿੰਘ ਨੇ ਗੁਰਦੁਆਰਾ ਨਾਨਕਮਤਾ ਸਾਹਿਬ ਦੇ ਅੱਖੀਂ ਡਿੱਠੇ ਹਾਲਾਤ ਅਤੇ ਮਹੰਤ ਦੀਆਂ ਮਨਮਤੀਆਂ ਨੂੰ ਸੰਗਤ ਦੇ ਸਾਹਮਣੇ ਰੱਖਿਆ। ਸੰਗਤ ਵਿਚ ਮਹੰਤ ਵਿਰੁੱਧ ਗੁੱਸਾ ਅਤੇ ਰੋਸ ਭਰ ਗਿਆ ਸੀ ਪਰ ਇਸ ਸੰਬੰਧੀ ਯੋਗ ਕਾਰਵਾਈ ਕਰਨ ਲਈ ਇਕ ਕਮੇਟੀ ਦਾ ਗਠਨ ਕਰਨ ਦੀ ਤਜਵੀਜ਼ ਪੇਸ਼ ਕੀਤੀ ਗਈ ਜਿਹੜੀ ਕਿ ਉੱਤਰ ਪ੍ਰਦੇਸ਼ ਦੀਆਂ ਸਮੂਹ ਸਿੰਘ ਸਭਾਵਾਂ ਨੂੰ ਇਸ ਹਾਲਾਤ ਤੋਂ ਜਾਣੂ ਕਰਵਾ ਸਕੇ। ਸੰਗਤ ਦੀ ਮਨਜ਼ੂਰੀ ਨਾਲ ਗੁਰਦੁਆਰਾ ਨਾਨਕਮਤਾ ਸੁਧਾਰ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿਚ ਪ੍ਰਧਾਨ, ਸ. ਹਰਨਾਮ ਸਿੰਘ ਇੰਜਨੀਅਰ; ਮੀਤ ਪ੍ਰਧਾਨ, ਸ. ਰਘਬੀਰ ਸਿੰਘ; ਸਕੱਤਰ, ਸ. ਤੇਜ ਸਿੰਘ, ਬਰੇਲੀ; ਮੀਤ ਸਕੱਤਰ, ਸ. ਨਰਿੰਜਨ ਸਿੰਘ ਦਕੋਹੀਆ ਅਤੇ ਖ਼ਜ਼ਾਨਚੀ, ਸ. ਜਗਤ ਸਿੰਘ ਨੂੰ ਚੁਣਿਆ ਗਿਆ।
4 ਜੂਨ 1933 ਨੂੰ ਇਹ ਕਮੇਟੀ ਗੁਰਦੁਆਰਾ ਸਾਹਿਬ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਨਾਨਕਮਤਾ ਸਾਹਿਬ ਆਈ ਅਤੇ ਹਾਲਾਤ ਦੇ ਮੱਦੇਨਜ਼ਰ ਇਸ ਨੇ ਉੱਤਰ ਪ੍ਰਦੇਸ਼ ਦੇ ਗਵਰਨਰ ਨੂੰ ਇਕ ਚਿੱਠੀ ਲਿਖ ਕੇ ਇਸ ਨੂੰ ਵਕਫ਼ ਦੀ ਜਾਇਦਾਦ ਘੋਸ਼ਿਤ ਕਰਨ ਦੀ ਬੇਨਤੀ ਕਰ ਦਿੱਤੀ ਸੀ।
ਇਸ ਗੁਰਦੁਆਰਾ ਸਾਹਿਬ ਦੇ ਨਾਂ ਬਹੁਤ ਸਾਰੀ ਜ਼ਮੀਨ ਮੌਜੂਦ ਸੀ ਜਿਸ ਵਿਚ ਅਵਧ ਦੇ ਨਵਾਬ ਮਹਿੰਦੀ ਅਲੀ ਖ਼ਾਨ ਵੱਲੋਂ 1803 ਵਿਚ ਲੰਗਰ ਲਈ ਭੇਟ ਕੀਤੀ 4500 ਏਕੜ ਜ਼ਮੀਨ ਵੀ ਸ਼ਾਮਲ ਸੀ। 1962 ਵਿਚ ਉੱਤਰ ਪ੍ਰਦੇਸ਼ ਦੀ ਸਰਕਾਰ ਵੱਲੋਂ ਇਸ ਵਿਚੋਂ 3200 ਏਕੜ ਜ਼ਮੀਨ ’ਤੇ ਨਾਨਕ ਸਾਗਰ ਡੈਮ ਦੀ ਉਸਾਰੀ ਕਰ ਲਈ ਸੀ। 1933 ਵਿਚ ਜਦੋਂ ਮਹੰਤ ਨਾਲ ਮਰਯਾਦਾ ਅਤੇ ਗੁਰਦੁਆਰਾ ਸਾਹਿਬ ਦੀ ਸਾਂਭ ਸੰਭਾਲ ਨੂੰ ਲੈ ਕੇ ਵਿਵਾਦ ਖੜਾ ਹੋਇਆ ਤਾਂ ਉਸ ਸਮੇਂ ਇਸ ਗੁਰਧਾਮ ਦੀ ਹਾਲਤ ਨਿਘਾਰ ਦੀ ਦਿਸ਼ਾ ਵਿਚ ਸੀ।
ਲੱਖਾਂ ਰੁਪਏ ਦੀ ਆਮਦਨ ਹੋਣ ਦੇ ਬਾਵਜੂਦ ਵੀ ਗੁਰਦੁਆਰਾ ਸਾਹਿਬ ਦੀ ਡਿੱਗਦੀ ਜਾ ਰਹੀ ਇਮਾਰਤ ਨੂੰ ਦੇਖ ਕੇ ਸਿੱਖਾਂ ਦੇ ਮਨ ਨੂੰ ਭਾਰੀ ਠੇਸ ਪੁੱਜ ਰਹੀ ਸੀ। ਇਸੇ ਸਾਲ ਦੀਵਾਲੀ ਦੇ ਧਾਰਮਿਕ ਦੀਵਾਨ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ, ਚੀਫ਼ ਖ਼ਾਲਸਾ ਦੀਵਾਨ ਅਤੇ ਯੂ.ਪੀ. ਸੈਂਟਰਲ ਸਿੱਖ ਦੀਵਾਨ ਦੇ ਪਤਵੰਤੇ ਸੱਜਣ ਸ਼ਾਮਲ ਹੋਏ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਹਾਲਾਤ ਨੂੰ ਦੇਖਦੇ ਹੋਏ ਅਦਾਲਤ ਦਾ ਸਹਾਰਾ ਲੈਣ ਦਾ ਮਨ ਬਣਾ ਲਿਆ ਸੀ।
ਸਿੱਖਾਂ ਵਿਚ ਪੈਦਾ ਹੋਈ ਬੇਚੈਨੀ ਦੀ ਜਾਣਕਾਰੀ ਮਹੰਤ ਨੂੰ ਵੀ ਪ੍ਰਾਪਤ ਹੋ ਗਈ ਸੀ ਅਤੇ ਸਿੱਖਾਂ ਦੇ ਰੁਖ ਨੂੰ ਦੇਖਦੇ ਹੋਏ ਉਹ ਮਾਰਚ 1934 ਵਿਚ ਗੁਰਦੁਆਰਾ ਸਾਹਿਬ ਨੂੰ ਛੱਡ ਕੇ ਚਲਾ ਗਿਆ ਸੀ। ਉਸ ਦੀ ਗ਼ੈਰ ਹਾਜ਼ਰੀ ਵਿਚ ਅਦਾਲਤ ਨੇ ਇਕ ਰਿਸੀਵਰ ਨਿਯੁਕਤ ਕੀਤਾ ਜਿਸ ਨੇ ਅਗਸਤ 1934 ਵਿਚ ਆਪਣਾ ਕਾਰਜ ਸ਼ੁਰੂ ਕਰ ਦਿੱਤਾ ਸੀ। ਗੁਰਦੁਆਰਾ ਸਾਹਿਬ ਦਾ ਪ੍ਰਬੰਧ ਲੈਣ ਲਈ 29 ਸਤੰਬਰ 1934 ਨੂੰ ਚਾਰ ਸਿੱਖਾਂ – ਸ. ਸੰਤੋਖ ਸਿੰਘ, ਸ. ਇੰਦਰਜੀਤ ਸਿੰਘ, ਸ. ਰਾਮ ਸਿੰਘ ਅਤੇ ਸ. ਬਲਵੰਤ ਸਿੰਘ ਨੇ ਕਮਾਊਂ ਦੀ ਜ਼ਿਲਾ ਅਦਾਲਤ ਵਿਚ ਅਰਜ਼ੀ ਦਾਖ਼ਲ ਕਰ ਦਿੱਤੀ। 20 ਅਗਸਤ 1935 ਨੂੰ ਜ਼ਿਲਾ ਜੱਜ ਨੇ ਆਪਣੇ ਫ਼ੈਸਲੇ ਵਿਚ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਪੰਜ ਸਿੱਖਾਂ ਦੇ ਹਵਾਲੇ ਕਰ ਦਿੱਤਾ ਸੀ ਜਿਸ ਵਿਚ ਚਾਰ ਪਟੀਸ਼ਨਰਾਂ ਨੂੰ ਸ਼ਾਮਲ ਕਰਦੇ ਹੋਏ ਪੰਜਵਾਂ ਮੈਂਬਰ ਨੈਨੀਤਾਲ ਦੇ ਡਿਪਟੀ ਕਮਿਸ਼ਨਰ ਵੱਲੋਂ ਚਾਰ ਪਟੀਸ਼ਨਰਾਂ ਦੀ ਸਲਾਹ ਨਾਲ ਲਾਉਣ ਦਾ ਆਦੇਸ਼ ਕਰ ਦਿੱਤਾ ਗਿਆ ਸੀ। ਮੁੱਢਲੇ ਰੂਪ ਵਿਚ ਪੰਜ ਮੈਂਬਰੀ ਕਮੇਟੀ ਹੋਂਦ ਵਿਚ ਆ ਗਈ ਸੀ। ਮੌਜੂਦ ਸਮੇਂ ਵਿਚ 30 ਮੈਂਬਰੀ ਕਮੇਟੀ ਇਸ ਗੁਰਧਾਮ ਦੀ ਸੇਵਾ ਸੰਭਾਲ ਲਈ ਕਾਰਜਸ਼ੀਲ ਹੈ ਅਤੇ ਡਾ. ਹਰਬੰਸ ਸਿੰਘ ਚੁੱਘ ਇਸ ਦੇ ਪ੍ਰਧਾਨ ਹਨ।
ਡਾ. ਪਰਮਵੀਰ ਸਿੰਘ
ਸਿੱਖ ਵਿਸ਼ਵਕੋਸ਼ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ