ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੁੱਖ ਮੰਗ
ਸੰਗਰੂਰ 21 ਅਕਤੂਬਰ (ਜੇ ਪੀ )
-ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ ਯੂਨੀਅਨ ਵੱਲੋਂ ਕਲਮਛੋੜ ਹੜਤਾਲ ਦੇ 12ਵੇਂ ਦਿਨ ਸਰਕਾਰ ਵਿਰੁੱਧ ਰੋਸ ਜਾਹਿਰ ਕਰਦਿਆਂ ਖਜਾਨਾ ਦਫਤਰ ਵਿਖੇ ਰੋਸ ਰੈਲੀ ਕਰਦਿਆਂ ਲਾਲ ਬੱਤੀ ਚੌਂਕ ਘੇਰਕੇ ਸਰਕਾਰ ਵਿਰੁੱਧ ਨਾਹਰੇਬਾਜੀ ਕਰਕੇ ਰੋਸ ਜਾਹਿਰ ਕੀਤਾ ਗਿਆ।
ਇਸ ਮੌਕੇ ਰੋਸ ਰੈਲੀ ਦੀ ਅਗਵਾਈ ਕਰਦਿਆਂ ਸੂਬਾ ਪ੍ਰਧਾਨ ਵਾਸਵੀਰ ਸਿੰਘ ਭੁੱਲਰ, ਜਿਲਾ ਪ੍ਧਾਨ ਰਾਕੇਸ਼ ਸ਼ਰਮਾ, ਜਨਰਲ ਸਕੱਤਰ ਰਾਜਵੀਰ ਬਡਰੁੱਖਾਂ, ਪ੍ਰੈਸ ਸਕੱਤਰ ਅਨੁਜ ਸ਼ਰਮਾ ਨੇ ਦੱਸਿਆ ਕਿ ਸੂਬੇ ਭਰ ਦਾ ਮਨਿਸਟੀਰੀਅਲ ਮੁਲਾਜਮ 10 ਅਕਤੂਬਰ ਤੋਂ ਕਲਮਛੋੜ ਹੜਤਾਲ ਤੇ ਹੈ, ਪਰ ਸਰਕਾਰ ਕੁੰਭ ਕਰਨੀ ਨੀਂਦ ਸੁੱਤੀ ਜਾਪਦੀ ਹੈ, ਕਿਉਂਕਿ ਅਜੇ ਤੱਕ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਰਲੀਜ ਕਰਨ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦਾ ਬਕਾਇਆ ਜਾਰੀ ਕਰਨਾ, 15 ਜਨਰਵੀ 2015 ਦਾ ਨੋਟੀਫਿਕੇਸ਼ਨ ਰੱਦ ਕਰਨਾ, ਪੇਅ ਕਮਿਸ਼ਨ ਦੀ ਰਿਪੋਰਟ ਸੋਧਕੇ ਬਕਾਇਆ ਜਾਰੀ ਕਰਨਾ ਆਦਿ ਮੁੱਖ ਮੰਗਾਂ ਦਾ ਹੱਲ ਕਰਨ ਲਈ ਸਰਕਾਰ ਵੱਲੋਂ ਕੋਈ ਪਹਿਲਕਦਮੀ ਕੀਤੀ ਨਜਰ ਨਹੀਂ ਆ ਰਹੀ। ਜਿਸ ਦੇ ਰੋਸ ਵੱਜੋਂ ਮਨਿਸਟੀਰੀਅਲ ਕੇਡਰ ਦਫਤਰਾਂ ਦਾ ਕੰਮ ਠੱਪ ਕਰਕੇ ਸੜਕਾਂ ਤੇ ਪ੍ਦਰਸ਼ਨ ਕਰਨ ਲਈ ਮਜਬੂਰ ਹੋ ਗਿਆ ਹੈ।
ਆਗੂਆਂ ਨੇ ਅੱਗੇ ਕਿਹਾ ਕਿ ਮਨਿਸਟੀਰੀਅਲ ਮੁਲਾਜਮਾਂ ਵੱਲੋਂ ਅਹਿਦ ਲਿਆ ਗਿਆ ਹੈ ਕਿ ਜਦੋਂ ਤੱਕ ਸਰਕਾਰ ਸਾਡੇ ਆਗੂਆਂ ਨਾਲ ਪੈਨਲ ਮੀਟਿੰਗ ਕਰਨ ਉਪਰੰਤ ਮੰਗਾਂ ਮੰਨਕੇ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਉਦੋਂ ਤੱਕ ਕਲਮਛੋੜ ਹੜਤਾਲ ਅਤੇ ਰੋਸ ਪ੍ਦਰਸ਼ਨ ਜਾਰੀ ਰਹੇਗਾ। ਅੱਜ ਦੀ ਰੋਸ ਰੈਲੀ ਨੂੰ ਤਰਸੇਮ ਖੰਨਾ ਸਲਹਾਕਾਰ, ਮਨਪ੍ਰੀਤ ਕੌਰ ਜਨਰਲ ਸਕੱਤਰ, ਸੰਦੀਪ ਕੁਮਾਰ ਹੈਲਥ, ਗਗਨ ਗੋਇਲ ਜਥੇਬੰਦਕ ਸਕੱਤਰ, ਸੰਦੀਪ ਕੌਰ ਫੂਡ ਸਪਲਾਈ, ਹਰਪ੍ਰੀਤ ਸਿੰਘ ਭੁੱਲਰ ਜਥੇਬੰਦਕ ਸਕੱਤਰ, ਜਤਿੰਦਰਪਾਲ ਸਿੰਘ ਡੀਸੀ ਦਫਤਰ, ਸਤਗੁਰ ਸਿੰਘ ਡੀਸੀ ਦਫਤਰ, ਹਰਜੀਤ ਸਿੰਘ ਗਿੱਲ, ਸੰਜੋਲੀ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਵੱਲੋਂ ਸੰਬੋਧਨ ਕਰਦਿਆਂ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਮੁਲਾਜਮ ਵਰਗ ਦੀਆਂ ਜਾਇਜ ਤੇ ਹੱਕੀ ਮੰਗਾਂ ਬਾਰੇ ਧਾਰੀ ਚੁੱਪੀ ਬਾਰੇ ਕਿਹਾ ਗਿਆ ਕਿ ਸਰਕਾਰ ਮੁਲਾਜਮ ਵਰਗ ਦੇ ਮਨਾਂ ਵਿੱਚੋਂ ਉੱਤਰਦੀ ਜਾ ਰਹੀ ਅਤੇ ਅਗਰ ਅਜੇ ਵੀ ਸਰਕਾਰ ਨੇ ਮੁਲਾਜਮ ਵਰਗ ਦੇ ਹਿਤ ਵਿੱਚ ਫੋਸਲੇ ਨਾ ਲਏ ਤਾਂ ਸਰਕਾਰ ਨੂੰ ਗਵਾਂਢੀ ਸੂਬਿਆਂ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੌਣਾਂ ਦੌਰਾਨ ਇਸ ਦਾ ਭਾਰੀ ਖਾਮਿਆਜਾ ਭੁਗਤਣਾ ਪੈ ਸਕਦਾ ਹੈ।
ਆਗੂਆਂ ਨੇ ਸਰਕਾਰ ਨੂੰ ਕੋਸਦਿਆਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਯਾਦ ਕਰਵਾਉਂਦਿਆਂ ਮੁਲਾਜਮਾਂ ਦੀਆਂ ਹੱਕੀ ਮੰਗਾਂ ਜਲਦ ਪੂਰੀਆਂ ਕਰਨ ਦੀ ਮੰਗ ਕੀਤੀ। ਅੱਜ ਦੀ ਰੋਸ ਰੈਲੀ ਦੌਰਾਨ ਵੱਖ ਵੱਖ ਵਿਭਾਗਾਂ ਦੇ ਸੈਂਕੜੇ ਮਨਿਸਟੀਰੀਅਲ ਮੁਲਾਜਮ ਹਾਜਿਰ ਰਹੇ।