ਸੰਗਰੂਰ ਜ਼ਿਮਨੀ ਚੋਣ :
ਗੁਰਮੇਲ ਸਿੰਘ ’ਚ ਦਿਖਦਾ ਭਗਵੰਤ ਮਾਨ ਦਾ ਅਕਸ: ਬ੍ਰਹਮ ਸ਼ੰਕਰ ਜਿੰਪਾ
-ਭਗਵੰਤ ਮਾਨ ਦੀ ਤਰ੍ਹਾਂ ਹੀ ਗੁਰਮੇਲ ਸਿੰਘ ਨੂੰ ਵੀ ਸੰਗਰੂਰ ਦੀ ਜਨਤਾ ਅਪਣਾ ਚੁੱਕੀ ਹੈ: ਬ੍ਰਹਮ ਸ਼ੰਕਰ ਜਿੰਪਾ
ਸੰਗਰੂਰ, 15 ਜੂਨ (ਹਰਜਿੰਦਰ ਭੋਲਾ )
ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ, ‘ਗੁਰਮੇਲ ਸਿੰਘ ਦਾ ਜੀਵਨ ਸਾਦਗੀ ਨਾਲ ਭਰਿਆ ਹੋਇਆ ਹੈ। ਸੰਗਰੂਰ ਦੇ ਲੋਕਾਂ ਨੂੰ ਉਨ੍ਹਾਂ ’ਚ ਮੁੱਖ ਮੰਤਰੀ ਭਗਵੰਤ ਮਾਨ ਦਾ ਅਕਸ ਦਿਖਾਈ ਦਿੰਦਾ ਹੈ। ਜਿਸ ਤਰ੍ਹਾਂ ਭਗਵੰਤ ਮਾਨ ਨੇ ਪੰਜਾਬ ਅਤੇ ਸੰਗਰੂਰ ਦੀ ਆਵਾਜ਼ ਲੋਕ ਸਭਾ ਤੱਕ ਪਹੁੰਚਾਈ ਸੀ, ਉਸੇ ਤਰ੍ਹਾਂ ਗੁਰਮੇਲ ਸਿੰਘ ਵੀ ਸੰਗਰੂਰ ਦੀ ਆਵਾਜ਼ ਨੂੰ ਸੰਸਦ ’ਚ ਪਹੁੰਚਾਉਣਗੇ।’
ਬੁੱਧਵਾਰ ਨੂੰ ਸੰਗਰੂਰ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਟੀਮ ਪਿਛਲੇ ਕਈ ਦਿਨਾਂ ਤੋਂ ਸੰਗਰੂਰ ’ਚ ਚੋਣ ਪ੍ਰਚਾਰ ਕਰ ਰਹੀ ਹੈ। ਇਹ ਸਾਫ਼ ਹੋ ਗਿਆ ਹੈ ਕਿ ‘ਆਪ’ ਉਮੀਦਵਾਰ ਗੁਰਮੇਲ ਸਿੰਘ ਇਹ ਚੋਣ ਇੱਕ ਤਰਫ਼ਾ ਜਿੱਤ ਰਹੇ ਹਨ। ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪਣਾਇਆ ਹੈ, ਉਸੇ ਤਰ੍ਹਾਂ ਸੰਗਰੂਰ ਦੀ ਜਨਤਾ ਗੁਰਮੇਲ ਸਿੰਘ ਨੂੰ ਆਪਣਾ ਚੁੱਕੀ ਹੈ।
ਜਿੰਪਾ ਨੇ ਕਿਹਾ ਕਿ ਪਿਛਲੀ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਦੋਵੇਂ ਮਿਲ ਕੇ ਪੰਜਾਬ ਦੇ ਕਈ ਵਿਕਾਸਮਈ ਕੰਮਾਂ ’ਚ ਅੜਿੱਕੇ ਢਾਹੁੰਦੀਆਂ ਰਹੀਆਂ ਹਨ। ਕਈ ਵਾਰ ਕੇਂਦਰ ਤੋਂ ਮਨਜ਼ੂਰੀ ਮਿਲੇਣ ਤੋਂ ਬਾਅਦ ਵੀ ਤਤਕਾਲੀ ਸਰਕਾਰ ਨੇ ਸੰਗਰੂਰ ਦੇ ਕਈ ਪ੍ਰੋਜੈਕਟਾਂ ਲਈ ਜ਼ਮੀਨ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ। ਤਤਕਾਲੀ ਰਾਜ ਸਰਕਾਰ ਤੋਂ ਮਦਦ ਨਾ ਮਿਲਣ ਕਾਰਨ ਕੇਂਦਰ ਨੇ ਕਈ ਵੱਡੇ ਪ੍ਰੋਜੈਕਟ ਸੰਗਰੂਰ ਨੂੰ ਦੇਣ ਤੋਂ ਮਨਾ ਕਰ ਦਿੱਤਾ ਸੀ। ਪਰ ਹੁਣ ਮਾਨ ਸਰਕਾਰ ਪੰਜਾਬ ਅਤੇ ਸੰਗਰੂਰ ਦੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਰਾਜ ’ਚ ਹੁਣ ‘ਆਪ’ ਦੀ ਸਰਕਾਰ ਹੈ ਅਤੇ ਚੋਣਾਂ ਜਿੱਤਣ ਬਾਅਦ ਗੁਰਮੇਲ ਸਿੰਘ ਵੀ ਸੰਸਦ ’ਚ ਸੰਗਰੂਰ ਦੀ ਆਵਾਜ਼ ਬੁਲੰਦ ਕਰਕੇ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਉਣ ਲਈ ਕੰਮ ਕਰਨਗੇ।
ਵਿਰੋਧੀ ਪਾਰਟੀਆਂ ਦੀ ਅਲੋਚਨਾ ਕਰਦਿਆਂ ਮੰਤਰੀ ਜਿੰਪਾ ਨੇ ਕਿਹਾ ਕਿ ਸੰਗਰੂਰ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹਰਾਉਣ ਲਈ ਸਾਰੀਆਂ ਵਿਰੋਧੀ ਪਾਰਟੀਆਂ ਇੱਕਠੀਆਂ ਹੋ ਗਈਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭ੍ਰਿਸ਼ਟਾਚਾਰ ਅਤੇ ਮਾਫੀਆ ਖ਼ਿਲਾਫ਼ ਕੀਤੀ ਜਾ ਰਹੀ ਸਖ਼ਤ ਕਾਰਵਾਈ ਨਾਲ ਵਿਰੋਧੀ ਪਾਰਟੀਆਂ ਦੇ ਵੱਡੇ ਵੱਡੇ ਆਗੂ ਡਰੇ ਹੋਏ ਹਨ। ਇਸ ਲਈ ਵਿਰੋਧੀ ਆਗੂ ਨਹੀਂ ਚਾਹੁੰਦੇ ਕਿ ਪੰਜਾਬ ’ਚ ਇਮਾਨਦਾਰ ਸਰਕਾਰ ਰਹੇ ਅਤੇ ਭ੍ਰਿਸ਼ਟਾਚਾਰ ਤੇ ਮਾਫੀਆ ਪੰਜਾਬ ਤੋਂ ਖ਼ਤਮ ਹੋਵੇ।
ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ ’ਚ ਕਰਨਗੇ ਰੋਡ ਸ਼ੋਅ: ਬ੍ਰਹਮ ਸ਼ੰਕਰ ਜਿੰਪਾ
ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਸੰਗਰੂਰ ਪ੍ਰੋਗਰਾਮ ਮੀਡੀਆ ਨੂੰ ਦੱਸਿਆ ਕਿ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਬੁੱਧਵਾਰ ਸ਼ਾਮ ਨੂੰ ਸੰਗਰੂਰ ਆਉਣਗੇ। ਇੱਥੇ ਉਨ੍ਹਾਂ ਦੇ ਕਈ ਪ੍ਰੋਗਰਾਮ ਹਨ, ਇਸ ਹਫ਼ਤੇ ’ਚ ਮੁੱਖ ਮੰਤਰੀ ਸੰਗਰੂਰ ਵਿੱਚ ਕਈ ਥਾਵਾਂ ’ਤੇ ਰੋਡ ਸ਼ੋਅ ਕਰਨਗੇ ਅਤੇ ਲੋਕਾਂ ਨੂੰ ਸੰਬੋਧਨ ਵੀ ਕਰਨਗੇ।