ਸੰਗਰੂਰ, 10 ਜੂਨ : (ਭੁਪਿੰਦਰ ਵਾਲੀਆ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਦਲ ਨੇ ਅੱਜ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਬੰਦੀ ਸਿੰਘਾਂ ਵੱਲੋਂ ਕੀਤੀਆਂ ਕੁਰਬਾਨੀਆਂ ਦਾ ਮੁੱਲ ਪਾਉਣ ਅਤੇ ਇਕਜੁੱਟ ਹੋ ਜਾਣ ਤਾਂ ਜੋ ਇਸ ਹਲਕੇ ਦੀ ਲੋਕ ਸਭਾ ਸੀਟ ਲਈ ਬੀਬਾ ਕਮਲਦੀਪ ਕੌਰ ਰਾਜੋਆਣਾ ਦੀ ਚੋਣ ਕਰ ਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਰਾਹ ਪੱਧਰਾ ਕੀਤਾ ਜਾ ਸਕੇ।
ਅੱਜ ਸੁਨਾਮ, ਦਿੜਬਾ, ਧੂਰੀ ਤੇ ਭਵਾਨੀਗੜ੍ਹ ਵਿਚ ਵਰਕਰ ਮੀਟਿੰਗਾਂ ਨੁੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਬੰਦੀ ਸਿੰਘਾਂ ਨੇ ਭਾਵੁਕ ਹੋ ਕੇ ਕਾਰਵਾਈਆਂ ਕੀਤੀਆਂ ਅਤੇ ਉਹਨਾਂ ਇਹਨਾਂ ਲਈ ਉਮਰ ਕੈਦਾਂ ਵੀ ਕੱਟੀਆਂ ਹਨ। ਉਹਨਾਂ ਕਿਹਾ ਕਿ ਉਮਰ ਕੈਦਾਂ ਪੂਰੀਆਂ ਹੋਣ ਦੇ ਬਾਵਜੂਦ ਇਹ ਜੇਲ੍ਹਾਂ ਵਿਚ ਬੰਦ ਹਨ। ਉਹਨਾਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਉਦਾਹਰਣ ਵੀ ਦਿੱਤੀ  ਜੋ 28 ਸਾਲਾਂ ਤੋਂ ਬਗੈਰ ਪੈਰੋਲ ਦੇ ਜੇਲ੍ਹ ਵਿਚ ਬੰਦ ਹਨ। ਉਹਨਾਂ ਕਿਹਾ ਕਿ ਭਾਈ ਰਾਜੋਆਣਾ ਨੁੰ ਪਟਿਆਲਾ ਕੇਂਦਰੀ ਜੇਲ੍ਹ ਵਿਚ 8 ਬਾਈ 8 ਦੀ ਫਾਂਸੀ ਦੀ ਚੱਕੀ ਵਿਚ ਰੱਖਿਆ ਹੋਇਆ ਹੈ ਹਾਲਾਂਕਿ ਪਿਛਲੇ 7 ਮਹੀਨਿਆਂ ਤੋਂ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਉਹਨਾਂ ਦੀ ਸਜ਼ਾ ਮੁਆਫੀ ਦੀ ਫਾਈਲ ’ਤੇ ਹਸਤਾਖ਼ਰ ਨਹੀਂ ਕੀਤੇ।
ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਬੰਦੀ ਸਿੰਘਾਂ ਨੇ ਪਹਿਲਾਂ ਹੀ ਬਹੁਤ ਪੀੜਾ ਝੱਲ ਲਈ ਹੈ। ਉਹਨਾਂ ਦੱਸਿਆ ਕਿ ਕਿਵੇਂ ਬੀਬਾ ਰਾਜੋਆਣਾ ਦੀ 19 ਸਾਲਾਂ ਦੀ ਵਿਆਹੀ ਭੈਣ ਦਾ ਪੁਲਿਸ ਨੇ ਕਤਲ ਕਰ ਦਿੱਤਾ ਸੀ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਬੀਬਾ ਰਾਜੋਆਣਾ ਦੇ ਭਰਾ ਦਾ ਕਤਲ ਕੀਤਾ ਗਿਆ ਤੇ ਉਹਨਾਂ ਦੇ ਘਰ ਨੂੰ ਅੱਗ ਲਗਾ ਦਿੱਤੀ ਗਈ।
ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਕਿਵੇਂ ਅਕਾਲੀ ਦਲ ਹਮੇਸ਼ਾ ਬੰਦੀ ਸਿੰਘਾਂ ਦੇ ਨਾਲ ਇਕਜੁੱਟ ਹੋ ਕੇ ਡਟਿਆ ਰਿਹਾ ਹੈ। ਉਹਨਾਂ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰ ਹੁੰਦਿਆਂ ਸਪਸ਼ਟ ਤੇ ਡਟਵਾਂ ਸਟੈਂਡ ਲਿਆ ਤੇ ਭਾਈ ਰਾਜੋਆਣਾ ਦੀ ਫਾਂਸੀ ਰੁਕਵਾਈ। ਇਸੇ ਤਰੀਕੇ ਅਕਾਲੀ ਦਲ ਨੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਸਜ਼ਾ ਮੁਆਫੀ ਵਿਚ ਅਹਿਮ ਰੋਲ ਨਿਭਾੲਆ ਤੇ ਉਹਨਾਂ ਦੀ ਪੈਰੋਲ ਵੀ ਕਰਵਾਈ।
ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਬਾਦਲ ਨੇ ਦੱਸਿਆ ਕਿ ਕਿਵੇਂ ਸੂਬੇ ਵਿਚ ਅਮਨ ਕਾਨੂੰਨ ਵਿਵਸਥਾ ਢਹਿ ਢੇਰੀ ਹੋ ਗਈ ਹੈ। ਉਹਨਾਂ ਕਿਹਾ ਕਿ ਅਜਿਹਾ ਇਸ ਕਰ ਕੇ ਹੋ ਰਿਹਾ ਹੈ ਕਿਉਂਕਿ ਸਰਦਾਰ ਦਿੱਲੀ ਤੋਂ ਸ੍ਰੀ ਅਰਵਿੰਦ ਕੇਜਰੀਵਾਲ ਚਲਾ ਰਹੇ ਹਨ ਅਤੇ ਸਿਵਲ ਤੇ ਪੁਲਿਸ ਅਫਸਰਾਂ ਦੀ ਤਾਇਨਾਤੀ ਤੇ ਤਬਾਦਲਿਆਂ ਦੇ ਹੁਕਮ ਲੈ ਰਹੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਸਰਕਾਰ ਚਲਾਉਣ ਵਿਚ ਕੁਝ ਵੀ ਨਹੀਂ ਕਰ ਪਾ ਰਹੇ।
ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਸੂਬੇ ਵਿਚ ਆਮ ਆਦਮੀ ਪਾਰਟੀ ਸਰਕਾਰ ਨੇ ਵਿੱਤੀ ਹਾਲਾਤ ਡਾਵਾਂਡੋਲ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਸਰਕਾਰ ਨੇ 3 ਮਹੀਨਿਆਂ ਵਿਚ ਹੀ 9 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਹੈ। ਉਹਨਾਂ ਕਿਹਾ ਕਿ ਅਜਿਹਾ ਇਸ ਕਰ ਕੇ ਹੋਇਆ ਹੈ ਕਿਉਂਕਿ ਸਰਕਾਰ ਮਾਲੀਆ ਜੁਟਾਉਣ ਲਈ ਲੋੜੀਂਦੇ ਕਦਮ ਨਹੀਂ ਚੁੱਕ ਰਹੀ। ਉਹਨਾਂ ਨੇ ਨਵੀਂ ਆਬਕਾਰੀ ਨੀਤੀ ਦੀ ਵੀ ਨਿਖੇਧੀ ਕੀਤੀ ਜਿਸਦਾ ਮਕਸਦ ਸੂਬੇ ਦੇ ਸ਼ਰਾਬ ਕਾਰੋਬਾਰ ਨੁੰ ਸੂਬੇ ਦੇ ਬਾਹਰਲੇ ਕੁਝ ਲੋਕਾਂ ਹਵਾਲੇ ਕਰਨਾ ਹੈ ਤੇ ਸਥਾਨਕ ਸੈਂਕੜੇ ਕਾਰੋਬਾਰੀਆਂ ਨੂੰ ਕਾਰੋਬਾਰ ਵਿਚੋਂ ਬਾਹਰ ਕਰਨਾ ਹੈ।
ਇਸ ਤੋਂ ਪਹਿਲਾਂ ਵਰਕਰ ਮੀਟਿੰਗ ਵਿਚ ਬੀਬਾ ਰਾਜੋਆਣਾ ਨੇ ਸਾਰੇ ਬੰਦੀ ਸਿੰਘਾਂ ਨੁੰ ਜੇਲ੍ਹਾਂ ਵਿਚੋਂ ਰਿਹਾਅ ਕਰਵਾਉਣ ਲਈ ਸਮੂਹ ਪੰਜਾਬੀਆਂ ਨੁੰ ਭਾਵੁਕ ਅਪੀਲ ਵੀ ਕੀਤੀ। ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੁੰ ਵੀ ਅਪੀਲ ਕੀਤੀ ਕਿ ਉਹ ਇਸ ਕੰਮ ਵਿਚ ਮਦਦ ਕਰਨ ਅਤੇ ਕਿਹਾ ਕਿ ਕੌਮ ਨੇ ਇਕਜੁੱਟ ਹੋ ਕੇ 1989 ਦੀਆਂ ਪਾਰਲੀਮਾਨੀ ਚੋਣਾਂ ਵਿਚ ਉਹਨਾਂ ਦੇ ਹੱਕ ਵਿਚ ਡੱਟ ਕੇ ਉਹਨਾਂ ਦੀ ਰਿਹਾਈ ਕਰਵਾਈ ਸੀ।
ਇਸ ਤੋਂ ਪਹਿਲਾਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਨੀਅਰ ਆਗੂ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਇਕ ਮੌਕਾ ਮੰਗਿਆ ਸੀ ਤੇ ਪੰਜਾਬੀਆਂ ਨੇ ਸੱਤਾ ਦਾ ਇਕ ਮੌਕਾ ਇਹਨਾਂ ਨੁੰ ਦਿੱਤਾ ਵੀ ਹੈ। ਉਹਨਾਂ ਸਵਾਲ ਕੀਤਾ ਕਿ ਆਮ ਆਦਮੀ ਪਾਰਟੀ ਨੇ ਕੀ ਕੀਤਾ ਹੈ  ? ਉਹਨਾਂ ਕਿਹਾ ਕਿ ਸਾਰੀਆਂ ਮਹਿਲਾਵਾਂ ਨੁੰ 1000 ਰੁਪਏ ਅਤੇ ਨੌਜਵਾਨਾਂ ਨੁੰ ਰੋਜ਼ਗਾਰ  ਦੇਣ ਦੀ ਤਾਂ ਗੱਲ ਹੀ ਛੱਡੋ ਆਮ ਆਦਮੀ ਪਾਰਟੀ ਸਰਕਾਰ ਤਾਂ ਰੇਤੇ ਦਾ ਭਾਅ ਨਹੀਂ ਘਟਾ ਸਕੀ ਤੇ ਨਾ ਹੀ ਨਸ਼ਾ ਖਤਮ ਕਰ ਸਕੀ ਹੈ ਜੋ ਕਈ ਗੁਣਾ ਵੱਧ ਗਿਆ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਦੇਵ ਸਿੰਘ ਮਾਨ, ਗੁਲਜ਼ਾਰ ਸਿੰਘ ਰਣੀਕੇ, ਮਹੇਸ਼ਇੰਦਰ ਸਿੰਘ ਗਰੇਵਾਲ, ਪ੍ਰਕਾਸ਼ ਚੰਦ ਗਰਗ, ਮਨਪ੍ਰੀਤ ਇਯਾਲੀ, ਦਿਲਰਾਜ ਸਿੰਘ ਭੂੰਦੜ, ਪ੍ਰੇਮ ਕੁਮਾਰ ਅਰੋੜਾ, ਵਿਰਸਾ ਸਿੰਘ ਵਲਟੋਹਾ ਤੇ ਕਰਨੈਲ ਸਿੰਘ ਪੀਰਮੁਹੰਮਦ ਨੇ ਵੀ ਸੰਬੋਧਨ ਕੀਤਾ।