ਮੁੰਬਈ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਸੀਨੀਅਰ ਵਿਕਟਕੀਪਰ ਰਿਧੀਮਾਨ ਸਾਹਾ ਨੂੰ ਧਮਕਾਉਣ ਲਈ ਬੋਰੀਆ ਮਜੂਮਦਾਰ ‘ਤੇ ਦੋ ਸਾਲ ਦੀ ਪਾਬੰਦੀ ਲਗਾਈ ਹੈ ਤੇ ਇਸ ਖੇਡ ਪੱਤਰਕਾਰ ਦੇ ਰਜਿਸਟਰਡ ਖਿਡਾਰੀਆਂ ਨਾਲ ਇੰਟਰਵਿਊ ਕਰਨ ਤੇ ਦੇਸ਼ ਦੇ ਕ੍ਰਿਕਟ ਸਟੇਡੀਅਮਾਂ ‘ਤੇ ਦਾਖ਼ਲ ਹੋਣ ‘ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਮਜੂਮਦਾਰ ‘ਤੇ ਬੀ. ਸੀ. ਸੀ. ਆਈ. ਜਾਂ ਮੈਂਬਰ ਸੰਘਾਂ ਦੀ ਕ੍ਰਿਕਟ ਸਹੂਲਤਾਂ ‘ਚ ਪ੍ਰਵੇਸ਼ ‘ਤੇ ਵੀ ਦੋ ਸਾਲ ਦੀ ਪਾਬੰਦੀ ਲਗਾਈ ਗਈ ਹੈ। ਬੀ. ਸੀ. ਸੀ. ਆਈ. ਦੇ ਚੋਟੀ ਦੇ ਅਧਿਕਾਰੀਆਂ ਨੇ ਸਾਰੀਆਂ ਸੂਬਾ ਇਕਾਈਆਂ ਤੋਂ ਪਾਬੰਦੀਆਂ ਦੀ ਪਾਲਣਾ ਕਰਨ ਲਈ ਕਿਹਾ ਹੈ।

ਬੀ. ਸੀ. ਸੀ. ਆਈ. ਦੀ ਚੋਟੀ ਦੀ ਪਰਿਸ਼ਦ ਵਲੋਂ ਮਨਜ਼ੂਰ ਕੀਤੀਆਂ ਗਈਆਂ ਪਾਬੰਦੀਆਂ ਦੇ ਤਹਿਤ ਮਜੂਮਦਾਰ ਨੂੰ ਦੋ ਸਾਲ ਤਕ ‘ਮੀਡੀਆ ਐਕ੍ਰੀਡਿਟੇਸ਼ਨ’ ਨਹੀਂ ਦਿੱਤਾ ਜਾਵੇਗਾ। ਸਾਹਾ ਨੂੰ ਇੰਟਰਵਿਊ ਦੀ ਬੇਨਤੀ ਤੋਂ ਇਨਕਾਰ ਕਰਨ ਦੇ ਕਾਰਨ ਮਿਲੇ ਧਮਕੀ ਭਰੇ ਸੰਦੇਸ਼ਾਂ ਦੀ ਜਾਂਚ ਦੇ ਲਈ ਬੀ. ਸੀ. ਸੀ. ਆਈ. ਨੇ 25 ਫ਼ਰਵਰੀ ਨੂੰ ਇਕ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ। ਸਾਹਾ ਨੇ 23 ਫਰਵਰੀ ਨੂੰ ਲਗਾਤਾਰ ਟਵੀਟ ਕੀਤੇ ਤੇ ਸ਼ੁਰੂ ‘ਚ ਇਸ ਪੱਤਰਕਾਰ ਦਾ ਨਾਂ ਦੱਸਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਬਾਅਦ ‘ਚ ਉਨ੍ਹਾਂ ਨੇ ਤਿੰਨ ਮੈਂਬਰੀ ਕਮੇਟੀ ਦੇ ਸਾਹਮਣੇ ਇਸ ਪੱਤਰਕਾਰ ਦਾ ਖ਼ੁਲਾਸਾ ਕੀਤਾ ਤੇ ਮਜੂਮਦਾਰ ਦਾ ਨਾਂ ਦੱਸ ਦਿੱਤਾ।

ਇਸ ਤਿੰਨ ਮੈਂਬਰੀ ਕਮੇਟੀ ‘ਚ ਬੀ. ਸੀ. ਸੀ. ਆਈ. ਉਪ ਪ੍ਰਧਾਨ ਰਾਜੀਵ ਸ਼ੁਕਲਾ, ਬੀ. ਸੀ. ਸੀ. ਆਈ. ਖ਼ਜ਼ਾਨਚੀ ਅਰੁਣ ਸਿੰਘ ਧੂਮਲ ਤੇ ਬੀ. ਸੀ. ਸੀ. ਆਈ. ਪਰਿਸ਼ਦ ਦੇ ਮੈਂਬਰ ਪ੍ਰਭਤੇਜ ਸਿੰਘ ਭਾਟੀਆ ਸ਼ਾਮਲ ਸਨ। ਤਿੰਨ ਮਈ ਨੂੰ ਬੀ. ਸੀ. ਸੀ. ਆਈ. ਦੇ ਅੰਤਰਿਮ ਸੀ. ਈ. ਓ. ਤੇ ਆਈ. ਪੀ. ਐੱਲ.ਦੇ ਮੁੱਖ ਪਰਿਚਾਲਨ ਅਧਿਕਾਰੀ ਹੇਮਾਂਗ ਅਮੀਨ ਨੇ ਸੂਬਾ ਇਕਾਈਆਂ ਨੂੰ ਲਿਖੇ ਪੱਤਰ ‘ਚ ਕਿਹਾ, ‘ਰਿਧੀਮਾਨ ਸਾਹਾ ਨੇ ਸੋਸ਼ਲ ਮੀਡੀਆ ਪਲੈਟਫਾਰਮ ਟਵਿੱਟਰ ‘ਤੇ ਇਕ ਪੱਤਰਕਾਰ ਵਲੋਂ ਭੇਜੇ ਗਏ ਸੰਦੇਸ਼ਾਂ ਦੇ ਸਕ੍ਰੀਨਸ਼ਾਟ ਸਾਂਝੇ ਕੀਤੇ ਜਿਸ ‘ਚ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਸ ਪੱਤਰਕਾਰ ਨੇ ਧਮਕਾਇਆ ਸੀ। ਸਾਹਾ ਨੇ ਸੁਣਵਾਈ ਦੇ ਦੌਰਾਨ ਪੱਤਰਕਾਰ ਦਾ ਨਾਂ ਬੋਰੀਆ ਮਜੂਮਦਾਰ ਦੱਸਿਆ।’ ਅਮੀਨ ਨੇ ਕਿਹਾ, ‘ਬੀ. ਸੀ. ਸੀ. ਆਈ. ਕਮੇਟੀ ਨੇ ਸਾਹਾ ਤੇ ਮਜੂਮਦਾਰ ਦੇ ਬਿਆਨ ‘ਤੇ ਵਿਚਾਰ ਕੀਤਾ ਤੇ ਇਸ ਸਿੱਟੇ ਤੇ ਪੁੱਜੇ ਕਿ ਮਜੂਮਦਾਰ ਦਾ ਲਹਿਜ਼ਾ ਧਮਕਾਉਣ ਵਾਲਾ ਸੀ।