ਵਿੱਦਿਅਕ ਅਦਾਰਿਆਂ ਵੱਲੋਂ ਨਕਲ ਦੇ ਧੰਦੇ ਤੇ ਮਿੱਟੀ ਪਾਉਣ ਦੀ ਸਫਲ ਕੋਸ਼ਿਸ਼ : ਵੀ ਸੀ ਦੀ ਸ਼ਾਖ਼ ਕਾਟੇ ਹੇਠ!

ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਪ੍ਰੀਖਿਆ ਕੇਂਦਰ 707 ਵਿੱਚ ਕਾਨੂੰਨ ਦੀ ਪ੍ਰੀਖਿਆ ਦੇ ਰਹੇ ਇਕ ਵਿਦਿਆਰਥੀ ‘ਤੇ ਪੰਜਾਬ ਨਾਮਾ ਵੱਲੋਂ ਰਿਪੋਰਟ ਹੋਣ ਉਪਰੰਤ ਵਿਦਿਆਰਥੀ, ਜੋ ਨਕਲ ਵਿੱਚ ਸ਼ਾਮਲ ਸੀ, ‘ਤੇ ਅਯੋਗ ਸਾਧਨ ਕੇਸ ਤਾਂ ਬਣਾ ਦਿੱਤਾ ਗਿਆ ਹੈ, ਪਰ ਇਸ ਨਕਲ ਦੇ ਪਿੱਛੇ ਸਾਜ਼ਿਸ਼ੀ ਤਾਕਤਾਂ ਉਪਰ ਹਾਲੇ ਕੋਈ ਵੀ ਕਾਰਵਾਈ, ਨਾ ਤਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੀਖਿਆ ਕੰਟਰੋਲਰ ਡਾ ਅਸ਼ੌਕ ਤਿਵਾੜੀ ਵੱਲੋਂ ਹਾਲੇ ਤੱਕ ਸਾਹਮਣੇ ਆਈ ਹੈ, ਤੇ ਨਾ ਹੀ ਡਾ ਧਰਮ ਪਾਲ ਗਰਗ, ਡਿਪਟੀ ਰਜਿਸਟਰਾਰ (ਕੰਡੱਕਟ) ਵੱਲੋਂ ਕੋਈ ਪੜਤਾਲ ਦਾ ਹੁਕਮ ਦਿੱਤਾ ਗਿਆ ਹੈ।

ਯੂਨੀਵਰਸਿਟੀ ਵੱਲੋਂ ਇਸ ਮਾਮਲੇ ਨੂੰ ਰਫ਼ਾ ਦਫ਼ਾ ਕਰਨ ਜਾਂ ਦਬਾਉਣ ਦਾ ਯਤਨ ਹੋ ਰਿਹਾ ਹੈ।
ਇਸ ਨਕਲ ਦੇ ਪਿੱਛੇ ਮੁੱਖ ਮੁੱਦਾ ਇਹ ਹੈ ਕਿ ਲਾਅ ਵਿਭਾਗ ਦਾ ਇਕ ਸਹਾਇਕ ਪ੍ਰੋਫੈਸਰ ਲਗਭਗ 10:30 ਵਜੇ ਸਵੇਰੇ ਪ੍ਰੀਖਿਆ ਕੇਂਦਰ 707 ਵਿੱਚ ਲਾਅ ਦੇ ਚੱਲ ਰਹੇ ਪਰਚੇ ਦੇ ਪ੍ਰਸ਼ਨ ਪੱਤਰ ਨੂੰ ਦੇਖਣ ਲਈ ਪ੍ਰਵੇਸ਼ ਕਰਦਾ ਹੈ ਅਤੇ ਪ੍ਰਸ਼ਨ ਪੱਤਰ ਪੜ੍ਹ ਕੇ ਚਲਾ ਜਾਂਦਾ ਹੈ।
ਹਰ ਪ੍ਰੀਖਿਆ ਕੇਂਦਰ ਦੇ ਬਾਹਰ ਕਾਲਜ ਦਾ ਇਕ ਅੰਦਰੂਨੀ ਸੀਨੀਅਰ ਅਧਿਆਪਕ ਜਿਸ ਨੂੰ ਆਊਟ ਸਾਈਡ ਡਿਪਟੀ ਕਿਹਾ ਜਾਂਦਾ ਹੈ, ਤਾਇਨਾਤ ਹੁੰਦਾ ਹੈ। ਇਹ ਬਹੁਤ ਹੀ ਹੈਰਾਨਗੀ ਦੀ ਗੱਲ ਹੈ ਕਿ ਜਦੋਂ ਆਊਟ ਸਾਈਡ ਡਿਪਟੀ ਪ੍ਰੀਖਿਆ ਕੇਂਦਰ ਦਾ ਬਾਹਰ ਤਾਇਨਾਤ ਹੋਵੇ, ਉਸ ਵੇਲੇ ਇਕ ਅਣਅਧਿਕਾਰਤ ਅਧਿਆਪਕ ਪ੍ਰੀਖਿਆ ਕੇਂਦਰ ਵਿੱਚ ਕਿਸ ਤਰਾਂ ਪ੍ਰਵੇਸ਼ ਕਰ ਸਕਦਾ ਹੈ?


ਇਸ ਵਿੱਚ ਸੰਭਾਵਨਾਵਾਂ ਦੋਵੇਂ ਬਣਦੀਆਂ ਹਨ, ਕਿ ਪ੍ਰਵੇਸ਼ ਕੀਤਾ ਅਧਿਆਪਕ ਜਾਂ ਤਾਂ ਆਊਟ ਸਾਈਡ ਡਿਪਟੀ ਦੀ ਮਿਲੀ ਭੁਗਤ ਨਾਲ ਪ੍ਰਵੇਸ਼ ਕੀਤਾ ਹੋ ਸਕਦਾ ਹੈ ਜਾਂ ਫਿਰ ਆਊਟ ਸਾਈਡ ਡਿਪਟੀ ਡਿਊਟੀ ਉਪਰ ਹਾਜ਼ਰ ਹੀ ਨਹੀਂ ਹੋਵੇਗਾ। ਦੋਵਾਂ ਹੀ ਸਥਿਤੀਆਂ ਵਿੱਚ ਪ੍ਰਮੁੱਖ ਸਕੱਤਰ ਉਚੇਰੀ ਸਿੱਖਿਆ ਨਿਰਦੇਸ਼ਕ ਉਚੇਰੀ ਸਿੱਖਿਆ ਪੰਜਾਬ ਅਤੇ ਪ੍ਰਿੰਸੀਪਲ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ (ਵਾਧੂ ਚਾਰਜ) ਵੱਲੋਂ ਪੜਤਾਲ ਦੇ ਹੁਕਮ ਹੁਣ ਤੱਕ ਜਾਰੀ ਕੀਤੇ ਜਾਣੇ ਚਾਹੀਦੇ ਸਨ, ਪਰ ਨਹੀਂ ਕੀਤੇ ਗਏ।

ਇਹ ਵ‌ੀ ਦੇਖਣ ਵਾਲੀ ਗੱਲ ਹੈ ਕਿ ਇਸ ਤਰਾਂ ਦੇ ਅਣਅਧਿਕਾਰਤ ਦਖ਼ਲ ਅੰਦਾਜ਼ੀ ਦੀ ਸ਼ਿਕਾਇਤ ਸੰਬੰਧਿਤ ਪ੍ਰੀਖਿਆ ਕੇਂਦਰ 707 ਦੇ ਸੁਪਰਡੈਂਟ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪ੍ਰਿੰਸੀਪਲ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਨੂੰ ਲਾਅ ਵਿਭਾਗ ਦੇ ਸਹਾਇਕ ਪ੍ਰੋਫੈਸਰ ਦੀ ਅਣਅਧਿਕਾਰਤ ਦਖ਼ਲਅੰਦਾਜ਼ੀ ਬਾਰੇ 10:30 ਵਜੇ ਤੋਂ ਬਾਦ ਪਤਾ ਲੱਗਣ ਉਪਰੰਤ ਸੂਚਿਤ ਕਰ ਦਿੱਤਾ ਗਿਆ ਸੀ।
ਇਸ ਤੋਂ ਇਲਾਵਾ ਲਾਅ ਵਿਭਾਗ ਦੇ ਦਸਵੇਂ ਸਮੈਸਟਰ ਵਿੱਚ ਵੀ ਨਕਲ ਸੰਬੰਧੀ ਇਕ ਵਿਦਿਆਰਥੀ ਵੱਲੋਂ ਅਧਿਆਪਕੀ ਅਤੇ ਦਫ਼ਤਰੀ ਸਟਾਫ਼ ਦੇ ਖ਼ਿਲਾਫ਼ ਨਕਲ ਨਾਲ ਸੰਬੰਧਿਤ ਸੰਗੀਨ ਦੋਸ਼ ਲਗਾਏ ਗਏ ਹਨ, ਜਿਨ੍ਹਾਂ ਬਾਰੇ ਹੋਣ ਵਾਲੀ ਪੜਤਾਲ ਵੀ ਕਾਲਜ ਪ੍ਰਬੰਧਨ ਵੱਲੋਂ ਲਟਕਾਈ ਜਾ ਰਹੀ ਹੈ॥

ਇੱਥੇ ਜ਼ਿਕਰਯੋਗ ਹੈ ਕਿ ਮਹਿੰਦਰਾ ਕਾਲ ਦੇ ਪ੍ਰਿੰਸੀਪਲ ਨੇ ਇਕ ਨੋਟਿਸ ਕੱਢ ਕੇ ਸਖ਼ਤ ਹਦਾਇਤ ਕੀਤੀ ਹੋਈ ਹੈ, ਕਿ ਕੋਈ ਵੀ ਅਣਅਧਿਕਾਰਤ ਵਿਅਕਤੀ ਕੇਂਦਰ ਵਿੱਚ ਦਾਖਲ ਨਹੀਂ ਹੋਵੇਗਾ। ਕਾਲਜ ਪ੍ਰਬੰਧਨ ਦਾ ਕਹਿਣਾ ਹੈ ਕਿ ਕਾਲਜ ਕੋਲ ਤਾਂ ਜੈਮਰ ਵੀ ਮੌਜੂਦ ਹਨ, ਪਰ ਯੂਨੀਵਰਸਿਟੀ ਵੱਲੋਂ ਇਹਨਾਂ ਦੀ ਕਦੇ ਮੰਗ ਨਹੀਂ ਕੀਤੀ ਗਈ।


ਇੱਥੇ ਇਹ ਵੀ ਵਰਨਨ ਯੋਗ ਹੈ ਕਿ ਲਾਅ ਦਾ ਇਹ ਪੰਜ ਸਾਲਾ ਕੋਰਸ ਸਵੈ ਵਿੱਤੀ ਕੋਰਸ ਦੇ ਸੰਵਿਧਾਨ ਦੀ ਉਲੰਘਣਾ ਵਿੱਚ ਚੱਲ ਰਿਹਾ ਹੈ ਅਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਨਿਰੀਖਣ ਲਈ ਆਉਣ ਵਾਲੀਆਂ ਟੀਮਾਂ ਇਤਰਾਜ਼ ਲਗਾਉਂਦੀਆਂ ਹਨ, ਪਰ ਫੇਰ ਵੀ ਸਦਕੇ ਮੇਰੀ ਯੂਨੀਵਰਸਿਟੀ ਦੇ ਵੀਸੀ ਅਤੇ ਹੋਰ ਅਧਿਕਾਰੀਆਂ ਦੇ ਇਹ ਲਾਅ ਕੋਰਸ ਸਰਕਾਰੀ ਮਹਿੰਦਰਾ ਕਾਲਜ ਵਿੱਚ ਯੂਨੀਵਰਸਿਟੀ ਵੱਲੋਂ ਨਿਰੰਤਰ ਜਾਰੀ ਰੱਖਿਆ ਹੋਇਆ ਅਤੇ ਨਕਲ ਨਾਲ ਹੋਰ ਵਡੇਰਾ ਹੋ ਰਿਹਾ ਹੈ। ਇਸ ਤਰਾਂ ਦਾ ਧੰਧਾ ਕਈ ਸਾਲਾਂ ਤੋਂ ਕਿਰਿਆ ਸ਼ੀਲ ਹੈ ਅਤੇ ਹਰ ਵਾਰ ਨਵੀਂ ਸਰਕਾਰ ਆਉਣ ਤੋਂ ਪਹਿਲਾਂ ਰਾਜਨੀਤਕ ਪਾਰਟੀਆਂ ਪੰਜਾਬ ਦੇ ਵਿੱਦਿਅਕ ਢਾਂਚੇ ਨੂੰ ਦਰੁਸਤ ਕਰਨ ਦੇ ਵਾਅਦੇ ਤਾਂ ਕਰਦੀਆਂ ਹਨ, ਪਰ ਹੁੰਦਾ ਕੁਝ ਵੀ ਨਹੀਂ।