ਸੰਗਰੂਰ, 10 ਜੂਨ- (ਭੁਪਿੰਦਰ ਵਾਲੀਆ)
ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ 23 ਜੂਨ ਨੂੰ ਹੋਣ ਵਾਲੀ ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਸਬੰਧੀ ਅੱਜ ਰਿਟਰਨਿੰਗ ਅਫ਼ਸਰ ਸ੍ਰੀ ਜਤਿੰਦਰ ਜੋਰਵਾਲ ਵੱਲੋਂ ਲੋਕ ਸਭਾ ਹਲਕੇ ਦੇ ਸਰਵਿਸ ਵੋਟਰਾਂ ਨੂੰ ਇਲੈਕਟ੍ਰਾਨਿਕਲੀ ਟਰਾਂਸਮਿਟਡ ਪੋਸਟਲ ਬੈਲਟ (ਈ ਟੀ ਪੀ ਬੀ ਐਸ) ਆਨਲਾਈਨ ਜਾਰੀ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫ਼ਸਰ ਸ੍ਰੀ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਲੋਕ ਸਭਾ ਹਲਕੇ ਦੇ 7540 ਸਰਵਿਸ ਵੋਟਰਾਂ ਨੂੰ ਇਹ ਪੋਸਟਲ ਬੈਲਟ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਲੋਕ ਸਭਾ ਹਲਕਾ ਸੰਗਰੂਰ ਅਧੀਨ ਆਉਂਦੇ 9 ਵਿਧਾਨ ਸਭਾ ਹਲਕਿਆਂ ਦੇ ਸਹਾਇਕ ਰਿਟਰਨਿੰਗ ਅਧਿਕਾਰੀਆਂ ਰਾਹੀਂ ਇਨ੍ਹਾਂ ਸਰਵਿਸ ਵੋਟਰਾਂ ਦਾ ਵੇਰਵਾ ਇਕੱਤਰ ਹੋਇਆ ਸੀ ਅਤੇ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਇਲੈਕਟ੍ਰਾਨਿਕਲੀ ਇਹ ਪੋਸਟਲ ਬੈਲਟ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਰਵਿਸ ਵੋਟਰਾਂ, ਜੋ ਕਿ ਦੇਸ਼ ਦੀ ਰੱਖਿਆ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਤਾਇਨਾਤ ਹਨ, ਨੂੰ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰਨ ਦਾ ਹੱਕ ਦੇਣ ਲਈ ਇਹ ਪੋਸਟਲ ਬੈਲਟ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ 7540 ਸਰਵਿਸ ਵੋਟਰਾਂ ਵਿੱਚੋਂ 7392 ਪੁਰਸ਼ ਵੋਟਰ ਅਤੇ 148 ਮਹਿਲਾ ਵੋਟਰ ਸ਼ਾਮਲ ਹਨ।
ਆਨਲਾਈਨ ਪੋਸਟਲ ਬੈਲਟ ਜਾਰੀ ਕਰਨ ਮੌਕੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਅਨਮੋਲ ਸਿੰਘ ਧਾਲੀਵਾਲ, ਉਪ ਅਰਥ ਤੇ ਅੰਕੜਾ ਸਲਾਹਕਾਰ ਪਰਮਜੀਤ ਸਿੰਘ ਸਿੱਧੂ ਵੀ ਹਾਜ਼ਰ ਸਨ।