ਸੰਗਰੂਰ,29 ਜੂਨ (ਭੁਪਿੰਦਰ ਵਾਲੀਆ) ਪੰਜਾਬ ਸਰਕਾਰ ਵੱਲੋਂ ਲੋਕ ਸਭਾ ਦੀ ਜ਼ਿਮਨੀ ਚੋਣ ਮੌਕੇ ਆਪਣੀਆਂ ਮੰਗਾਂ ਲਈ ਪ੍ਰਦਰਸ਼ਨ ਕਰਦੀਆਂ ਜਥੇਬੰਦੀਆਂ ਨੂੰ 28 ਅਤੇ 29 ਜੂਨ ਲਈ ਪ੍ਰਮੁੱਖ ਸਕੱਤਰ ਨਵਰਾਜ ਸਿੰਘ ਨਾਲ ਪੈਨਲ ਮੀਟਿੰਗਾਂ ਦਿੱਤੀਆਂ ਸਨ। ਭਾਵੇਂ 28 ਜੂਨ ਨੂੰ ਮੀਟਿੰਗ ਦੀ ਆਸ ਲੈਕੇ ਪਹੁੰਚੀਆਂ ਜਥੇਬੰਦੀਆਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਸੀ।ਪ੍ਰੰਤੂ ਅੱਜ ਬਾਅਦ ਦੁਪਹਿਰ 3 ਵਜੇ ਕਰੀਬ ਕੁਝ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਪ੍ਰਮੁੱਖ ਸਕੱਤਰ ਨੇ ਜਲਦੀ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ। ਬੇਰੁਜ਼ਗਾਰ ਬੀ ਐਡ ਟੈਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਉਹਨਾਂ ਵੱਲੋ 20 ਜੂਨ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਣਾ ਸੀ।ਪ੍ਰੰਤੂ ਸਥਾਨਕ ਪ੍ਰਸ਼ਾਸ਼ਨ ਵੱਲੋ 29 ਜੂਨ ਲਈ ਲਿਖਤੀ ਪੈਨਲ ਮੀਟਿੰਗ ਦਿੱਤੀ ਸੀ।ਅੱਜ ਪ੍ਰਮੁੱਖ ਸਕੱਤਰ ਸ੍ਰ ਨਵਰਾਜ ਸਿੰਘ ਨੇ ਬੇਰੁਜ਼ਗਾਰਾਂ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣ ਕੇ ਆਉਂਦੇ ਕੁਝ ਦਿਨਾਂ ਵਿਚ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਉਹਨਾ ਕਿਹਾ ਕਿ ਬਹੁਤ ਖੱਜਲ -ਖ਼ੁਆਰੀ ਝੱਲਣ ਮਗਰੋ ਹੋਈ ਮੀਟਿੰਗ ਭਾਵੇਂ ਹਾਂ ਪੱਖੀ ਰਹੀ ਹੈ।ਪ੍ਰੰਤੂ ਮੰਗਾਂ ਦੀ ਪੂਰਤੀ ਮਗਰੋ ਹੀ ਕੁਝ ਆਖਿਆ ਜਾ ਸਕਦਾ ਹੈ। ਸਰਕਾਰੀ ਧਰਵਾਸ ਨਾਲ ਭਾਵੇਂ ਬੇਰੁਜ਼ਗਾਰਾਂ ਨੇ ਕੁਝ ਸਮਾਂ ਆਪਣੇ ਸੰਘਰਸ਼ ਨੂੰ ਵਿਰਾਮ ਦਿੱਤਾ ਹੈ। ਪਰ ਜੇਕਰ ਸਰਕਾਰ ਦੇ ਭਰੋਸੇ ,ਲਾਰੇ ਸਾਬਤ ਹੋਏ ਤਾਂ ਆਉਂਦੇ ਅਗਲੇ ਹਫਤੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ।
ਬੇਰੁਜ਼ਗਾਰਾਂ ਦੀ ਮੰਗ ਹੈ ਕਿ 4161 ਅਸਾਮੀਆਂ ਮਾਸਟਰ ਕੇਡਰ ਦੇ ਇਸਤਿਹਾਰ ਵਿਚ ਅਸਾਮੀਆਂ ਖਾਸ ਕਰਕੇ ਹਿੰਦੀ,ਪੰਜਾਬੀ ਅਤੇ ਸਮਾਜਿਕ ਸਿੱਖਿਆ ਵਿੱਚ ਵਾਧਾ ਕਰਕੇ ਲਿਖਤੀ ਪ੍ਰੀਖਿਆ ਤੁਰੰਤ ਰੱਖੀ ਜਾਵੇ। ਇਸ ਮੌਕੇ ਅਮਨ ਸੇਖਾ ਮੀਤ ਪ੍ਰਧਾਨ,ਸੰਦੀਪ ਸਿੰਘ ਗਿੱਲ,ਬਲਕਾਰ ਸਿੰਘ ਮਾਨਸਾ,ਲਖਵਿੰਦਰ ਸਿੰਘ ਮੁਕਤਸਰ,ਹਰਦਮ ਸਿੰਘ ਸੰਗਰੂਰ ਅਤੇ ਗੁਰਪ੍ਰੀਤ ਸਿੰਘ ਫਰੀਦਕੋਟ ਆਦਿ ਹਾਜ਼ਰ ਸਨ। ਇਸੇ ਤਰਾਂ ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰ ਯੂਨੀਅਨ ਪੁਰਸ਼ ਦੇ ਆਗੂਆਂ ਹਰਵਿੰਦਰ ਸਿੰਘ,ਜਸਮੇਲ ਸਿੰਘ ,ਦਵਿੰਦਰ ਕੁਮਾਰ ਆਦਿ ਨੂੰ ਵੀ ਮੰਗਾਂ ਮੰਨੇ ਜਾਣ ਦਾ ਭਰੋਸਾ ਮਿਲਿਆ।ਇਸ ਤੋਂ ਇਲਾਵਾ ਆਦਰਸ ਸਕੂਲ ਯੂਨੀਅਨ, ਮੈਰੀਟੋਰੀਅਸ ਸਕੂਲ ਯੂਨੀਅਨ,ਓਵਰ ਏਜ ਅਧਿਆਪਕ ਯੂਨੀਅਨ, ਨਿਊ ਪੀ ਟੀ ਆਈ ਅਧਿਆਪਕ ਯੂਨੀਅਨ ਪੰਜਾਬ ਨੂੰ ਵੀ ਭਰੋਸੇ ਮਿਲੇ।