ਚੰਗੀ ਕਾਰਗੁਜ਼ਾਰੀ ਵਾਲ਼ੀ ਸੰਸਥਾਵਾਂ ਦਾ ਹੋਵੇਗਾ ਵਿਸ਼ੇਸ਼ ਸਨਮਾਨ

ਬਾਬਾ ਸਾਹਿਬ ਨੇ ਸਭਨਾਂ ਨੂੰ ਬਰਾਬਰਤਾ ਦੇ ਹੱਕ ਦਿਵਾਏ: ਸ਼੍ਰੀ ਦਰਸ਼ਨ ਕਾਂਗੜਾ

ਸੰਗਰੂਰ 28 ਮਾਰਚ (ਸੁਖਵਿੰਦਰ  ਸਿੰਘ ਬਾਵਾ) -ਦੇਸ਼ ਦੀ ਪ੍ਰਸਿੱਧ ਤੇ ਸਰਗਰਮ ਸਮਾਜਿਕ ਜੱਥੇਬੰਦੀ ਭਾਰਤੀਯ ਅੰਬੇਡਕਰ ਮਿਸ਼ਨ ਵੱਲੋਂ ਭਾਰਤ ਰਤਨ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਸਬੰਧੀ ਸੂਬਾ ਪੱਧਰੀ ਪ੍ਰੋਗਰਾਮ 16 ਅਪ੍ਰੈਲ ਨੂੰ ਸੰਗਰੂਰ ਵਿਖੇ ਹੋਵੇਗਾ ਜਿਸ ਸਬੰਧੀ ਜਾਣਕਾਰੀ ਦਿੰਦਿਆਂ ਮਿਸ਼ਨ ਦੇ ਕੌਮੀ ਪ੍ਰਧਾਨ ਸ੍ਰੀ ਦਰਸ਼ਨ ਸਿੰਘ ਕਾਂਗੜਾ ਨੇ ਕਿਹਾ ਕਿ ਬਾਬਾ ਸਾਹਿਬ ਸਿਰਫ਼ ਦਲਿਤਾਂ ਦੇ ਮਸੀਹਾ ਹੀ ਨਹੀਂ ਬਲਕਿ ਦੇਸ਼ ਦੇ ਅਜਿਹੇ ਮਹਾਨ ਆਗੂ ਹਨ ਜਿਨ੍ਹਾਂ ਨੇ ਭਾਰਤ ਦੇ ਸਵਿਧਾਨ ਦੀ ਰਚਨਾ ਕਰਕੇ ਸਭਨਾਂ ਨੂੰ ਬਰਾਬਰਤਾ ਦੇ ਹੱਕ ਦਿਲਾਏ ਹਨ ।

ਭਾਰਤੀਯ ਅੰਬੇਡਕਰ ਮਿਸ਼ਨ ਦੇ ਮੁੱਖ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਾਡਾ ਮਿਸ਼ਨ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਸਮਝਣ ਵਾਲੇ ਸਾਥੀਆਂ ਨੂੰ ਇੱਕਜੁੱਟ ਕਰਨਾ,ਦੱਬੇ ਕੁੱਚਲੇ ਲੋਕਾਂ ਨੂੰ ਇਨਸਾਫ਼ ਦਿਵਾਉਣਾ, ਉਨ੍ਹਾਂ ਦੀ ਹਰ ਪੱਖੋਂ ਮਦਦ ਕਰਨਾ, ਲਾਚਾਰ ਲੋਕਾਂ ਦਾ ਇਲਾਜ ਕਰਵਾਉਣਾ, ਜ਼ਰੂਰਤ ਮੰਦ ਲੜਕੀਆਂ ਦੇ ਵਿਆਹ ਸਮੇਂ ਉਨ੍ਹਾਂ ਦੀ ਹਰ ਪੱਖੋਂ ਮਦਦ ਕਰਨਾ, ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦਾ ਵਿਦਿਅਕ ਪੱਧਰ ਉੱਚਾ ਚੁੱਕਣਾ, ਉਨ੍ਹਾਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਕਰਨਾ, ਉਨ੍ਹਾਂ ਨੂੰ ਪੜ੍ਹਾਈ ਤੇ ਖੇਡਾਂ ਵੱਲ ਪ੍ਰੇਰਿਤ ਕਰਨਾ, ਵੱਖ ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਤੇ ਆਪਣਾਂ ਵਡਮੁੱਲਾ ਯੋਗਦਾਨ ਪਾਉਣ ਵਾਲੇ ਲੋਕਾਂ ਦਾ ਵਿਸ਼ੇਸ਼ ਸਨਮਾਨ ਕਰਨਾ ਅਤੇ ਬਾਬਾ ਸਾਹਿਬ ਦੀ ਸੋਚ ਨੂੰ ਘਰ ਘਰ ਲੈਕੇ ਜਾਣਾ ਹੈ ਉਨ੍ਹਾਂ ਕਿਹਾ ਕਿ ਭਾਰਤੀਯ ਅੰਬੇਡਕਰ ਮਿਸ਼ਨ ਦੇ ਸਾਥੀ ਜ਼ੋ ਦੇਸ਼ ਦੇ ਵੱਖ ਵੱਖ ਸੂਬਿਆਂ ਸਣੇਂ ਪੰਜਾਬ ਦੇ ਹਰ ਕੋਨੇ ਵਿੱਚ ਤਨ ਮਨ ਨਾਲ ਸਮਾਜ ਸੇਵਾ ਵਿੱਚ ਜੁਟੇ ਹੋਏ ਹਨ ।

ਸ਼੍ਰੀ ਦਰਸ਼ਨ ਕਾਂਗੜਾ ਨੇ ਦੱਸਿਆ ਕਿ ਮਿਸ਼ਨ ਵੱਲੋਂ ਸੂਬਾ ਪੱਧਰੀ ਪ੍ਰੋਗਰਾਮ ਵਿੱਚ ਮਾਲਵੇ ਦੇ 7 ਜ਼ਿਲ੍ਹਿਆਂ ਜਿਨ੍ਹਾਂ ਵਿੱਚ ਲੁਧਿਆਣਾ, ਪਟਿਆਲਾ, ਮਾਨਸਾ, ਬਰਨਾਲਾ, ਮਾਲੇਰਕੋਟਲਾ, ਬਠਿੰਡਾ ਅਤੇ ਸੰਗਰੂਰ ਸ਼ਾਮਿਲ ਹਨ ਦੀਆਂ ਚੰਗੀ ਕਾਰਗੁਜ਼ਾਰੀ ਵਾਲੀਆਂ ਐਸ ਸੀ ਸੰਸਥਾਵਾਂ ਅਤੇ ਹਰ ਵਰਗ ਨਾਲ ਸਬੰਧਤ ਸਪੋਰਟਸ ਕਲੱਬਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਸਭਨਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ।