ਬੰਦੀ ਸਿੰਘਾਂ ਦੀ ਰਿਹਾਈ ਦਾ ਅੱਜ ਕੇਂਦਰ ਨੋਟੀਫਿਕੇਸ਼ਨ ਜਾਰੀ ਕਰੇ ਤਾਂ ਮੈਂ ਚੋਣਾਂ ਤੋਂ ਲਾਂਭੇ ਹੋ ਜਾਵਾਂਗੀ : ਕਮਲਦੀਪ ਕੌਰ ਰਾਜੋਆਣਾ

0
27

ਸੰਗਰੂਰ, 20 ਜੂਨ – ਪੰਥਕ ਜਥੇਬੰਦੀਆਂ ਤੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਉਮੀਦਵਾਰ ਬੀਬਾ ਕਮਲਦੀਪ ਕੌਰ ਰਾਜੋਆਣਾ ਨੇ ਐਲਾਨ ਕੀਤਾ ਹੈ ਕਿ ਜੇਕਰ ਕੇਂਦਰ ਸਰਕਾਰ ਅੱਜ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਨੋਟੀਫਿਕੇਸ਼ਨ ਜਾਰੀ ਕਰਦੀ ਹੈ ਤਾਂ ਉਹ ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਤੋਂ ਪਾਸੇ ਹੋ ਜਾਣਗੇ ਨਾਲ ਹੀ ਉਹਨਾਂ ਨੇ ਉਹਨਾਂ ‘ਤੇ ਰਾਜਨੀਤੀ ਕਰਨ ਦਾ ਦੋਸ਼ ਲਾਉਣ ਵਾਲਿਆਂ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਸਪਸ਼ਟ ਕਿਹਾ ਹੈ ਕਿ ਨਾ ਤਾਂ ਉਹਨਾਂ ਨੂੰ ਰਾਜਨੀਤੀ ਆਉਂਦੀ ਹੈ ਤੇ ਨਾ ਹੀ ਰਾਜਨੀਤੀ ਨਾਲ ਕੋਈ ਲੈਣਾ ਦੇਣਾ ਹੈ।

ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬੀਬਾ ਕਮਲਦੀਪ ਕੌਰ ਰਾਜੋਆਣਾ ਨੇ ਕਿਹਾ ਕਿ ਉਹ ਸੰਗਰੂਰ ਹਲਕੇ ਤੋਂ ਸਿਰਫ ਇਸ ਕਰ ਕੇ ਚੋਣ ਮੈਦਾਨ ਵਿਚ ਹਨ ਕਿਉਂਕਿ ਉਹਨਾਂ ਦਾ ਮਕਸਦ ਬੰਦੀ ਸਿੰਘਾਂ ਦੀ ਰਿਹਾਈ ਕਰਵਾਉਣਾ ਹੈ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬੰਦੀ ਸਿੰਘਾਂ ਦੇ ਪਰਿਵਾਰ ਵਿਚੋਂ ਉਮੀਦਵਾਰ ਖੜਾ ਕਰਨ ਦੀ ਕੀਤੀ ਹਦਾਇਤ ਮਗਰੋਂ ਪੰਥਕ ਧਿਰਾਂ ਨੇ ਉਹਨਾਂ ਨੂੰ ਉਮੀਦਵਾਰ ਬਣਾਇਆ ਹੈ। ਨਾ ਉਹ ਪਹਿਲਾਂ ਕਦੇ ਰਾਜਨੀਤੀ ਵਿਚ ਆਏ ਸਨ ਤੇ ਨਾ ਹੀ ਭਵਿੱਖ ਵਿਚ ਰਾਜਨੀਤੀ ਵਿਚ ਆਉਣਗੇ।

ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਤੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੁੰ ਕਰੜੇ ਹੱਥੀਂ ਲੈਂਦਿਆਂ ਬੀਬਾ ਰਾਜੋਆਣਾ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੋਵੇਂ ਆਗੂ ਇਹ ਕਹਿੰਦੇ ਸਨ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਉਹਨਾਂ ਸਵਾਲ ਕੀਤਾ ਕਿ ਹੁਣ ਉਹ ਇਸ ਮਾਮਲੇ ਵਿਚ ਕਿਉਂ ਚੁੱਪ ਹਨ ? ਕੀ ਉਹ ਪਹਿਲਾਂ ਰਾਜਨੀਤੀ ਕਰ ਰਹੇ ਸਨ ?

ਸਿਮਰਨਜੀਤ ਸਿੰਘ ਮਾਨ ‘ਤੇ ਵਰਦਿਆਂ ਕਮਲਦੀਪ ਕੌਰ ਰਾਜੋਆਣਾ ਨੇ ਕਿਹਾ ਕਿ ਸਰਦਾਰ ਮਾਨ ਨੂੰ ਅੱਜ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਉਲਝੇ ਕਾਂਗਰਸੀ ਆਗੂ ਰਾਹੁਲ ਗਾਂਧੀ ਲਈ ਮਨੁੱਖੀ ਅਧਿਕਾਰ ਚੇਤੇ ਆ ਗਏ ਹਨ ਪਰ ਉਹ 25, 25, 30, 30 ਸਾਲਾਂ ਤੋਂ ਜੇਲਾਂ ਵਿਚ ਬੰਦੀ ਸਿੰਘਾਂ ਦੇ ਮਨੁੱਖੀ ਅਧਿਕਾਰਾਂ ਨੂੰ ਭੁੱਲ ਗਏ ਹਨ। ਉਹ ਇਹ ਵੀ ਭੁੱਲ ਗਏ ਹਨ ਕਿ ਇਸੇ ਗਾਂਧੀ ਪਰਿਵਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ‘ਤੇ ਟੈਂਕਾਂ ਅਤੇ ਤੋਪਾਂ ਨਾਲ ਹਮਲੇ ਕਰਵਾਏ ਸਨ।

ਉਹਨਾਂ ਕਿਹਾ ਕਿ ਸਿੱਖਾਂ ਦੇ ਖਿਲਾਫ ਜ਼ਬਰ ਤੇ ਜ਼ੁਲਮ 1984 ਵਿਚ ਸ਼ੁਰੂ ਹੋ ਗਏ ਸਨ ਤੇ 1989 ਤੋਂ 1993 ਦਾ ਦੌਰ ਸਿੱਖਾਂ ‘ਤੇ ਕਹਿਰ ਢਾਹੁਣ ਵਾਲਾ ਰਿਹਾ ਹੈ। ਉਹਨਾਂ ਕਿਹਾ ਕਿ 1989 ਵਿਚ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੁੰ ਭਾਰੀ ਬਹੁਮਤ ਨਾਲ ਲੋਕਾਂ ਨੇ ਜਿਤਾ ਕੇ ਭੇਜਿਆ ਸੀ, ਉਸ ਵੇਲੇ ਜੇਕਰ ਉਹ ਪਾਰਲੀਮੈਂਟ ਵਿਚ ਸਿੱਖਾਂ ਨਾਲ ਹੋ ਰਹੇ ਜ਼ਬਰ ਤੇ ਜ਼ੁਲਮ ਬਾਰੇ ਆਵਾਜ਼ ਬੁਲੰਦ ਕਰਦੇ ਤਾਂ ਹਜ਼ਾਰਾਂ ਬੇਕਸੂਰ ਨੌਜਵਾਨਾਂ ਦੀਆਂ ਜਾਨਾਂ ਵੀ ਬੱਚ ਸਕਦੀਆਂ ਸਨ ਤੇ ਦੁਨੀਆਂ ਭਰ ਦੇ ਲੋਕਾਂ ਨੁੰ ਇਹ ਪਤਾ ਵੀ ਲੱਗਣਾ ਸੀ ਕਿ ਪੰਜਾਬ ਵਿਚ ਕਿੰਨਾ ਜ਼ਬਰ ਤੇ ਜ਼ੁਲਮ ਢਾਹਿਆ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਉਹ ਪੰਥਕ ਪਰਿਵਾਰ ਦੇ ਮੈਂਬਰ ਹਨ। ਉਹਨਾਂ ਦੇ ਪਿਤਾ ਸਾਬਕਾ ਫੌਜੀ ਸਨ ਜਿਹਨਾਂ ਨੇ 1962, 1965 ਅਤੇ 1971 ਦੀਆਂ ਜੰਗਾਂ ਦੇਸ਼ ਵਾਸਤੇ ਲੜੀਆਂ ਸਨ। ਉਹਨਾਂ ਦੀ ਭੈਣ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਤੇ ਭਰਾ ਨੂੰ ਮਾਰ ਕੇ ਲਾਸ਼ ਵੀ ਨਹੀਂ ਦਿੱਤੀ ਗਈ। ਉਹਨਾਂ ਕਿਹਾ ਕਿ ਇਸ ਜ਼ਬਰ ਤੇ ਜ਼ੁਲਮ ਬਾਰੇ ਆਵਾਜ਼ ਬੁਲੰਦ ਕਰਨ ਵਾਸਤੇ ਉਹ ਚੋਣ ਮੈਦਾਨ ਵਿਚ ਆਏ ਹਨ। ਉਹ ਉਹਨਾਂ ਸਾਰੀਆਂ ਮਾਵਾਂ ਤੇ ਭੈਣਾਂ ਦੇ ਦਰਦ ਦੀ ਆਵਾਜ਼ ਚੁੱਕਣ ਆਏ ਹਨ ਜਿਹਨਾਂ ਦੇ ਪੁੱਤਰ ਤੇ ਭਰਾ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰ ਦਿੱਤੇ ਗਏ। ਉਹਨਾਂ ਕਿਹਾ ਕਿ ਜਦੋਂ ਉਹਨਾਂ ਦੇ ਪਰਿਵਾਰ ‘ਤੇ ਜ਼ੁਲਮ ਢਾਹੇ ਗਏ ਸਨ ਤਾਂ ਉਸ ਵੇਲੇ ਹਿੰਦੂ ਪਰਿਵਾਰ ਆ ਕੇ ਉਹਨਾਂ ਨਾਲ ਚੱਟਾਨ ਵਾਂਗ ਖੜੇ ਹੋਏ ਸਨ। ਅੱਜ ਵੀ ਹਿੰਦੂ ਪਰਿਵਾਰ ਸਾਡੇ ਮੋਢੇ ਨਾਲ ਮੋਢਾ ਲਗਾ ਕੇ ਖੜੇ ਹਨ।ਉਹਨਾਂ ਸਵਾਲ ਕੀਤਾ ਕਿ ਕੀ 28 ਸਾਲਾਂ ਤੋਂ ਫਾਂਸੀ ਦੀ ਚੱਕੀ ਵਿਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਤੇ ਹੋਰ ਬੰਦੀ ਸਿੰਘਾਂ ਲਈ ਆਵਾਜ਼ ਬੁਲੰਦ ਕਰਨਾ ਰਾਜਨੀਤੀ ਹੈ ?

ਉਹਨਾਂ ਕਿਹਾ ਕਿ ਕੁਝ ਰਾਜਨੀਤਕ ਲੋਕ ਹਿੰਦੂ ਤੇ ਸਿੱਖਾਂ ਵਿਚਾਲੇ ਪਾੜਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜੋ ਬਹੁਤ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਸਾਡੀ ਲੜਾਈ ਕਿਸੇ ਵੀ ਧਰਮ, ਜਾਤੀ ਜਾਂ ਭਾਈਚਾਰੇ ਦੇ ਖਿਲਾਫ ਨਹੀਂ ਹੈ ਬਲਕਿ ਗੁਰੂ ਸਾਹਿਬ ਦੇ ਦਰਸਾਏ ਅਨੁਸਾਰ ਸਾਰੇ ਵਰਗਾਂ ਨੁੰ ਨਾਲ ਲੈ ਕੇ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸੰਘਰਸ਼ ਕਰ ਰਹੇ ਹਾਂ।

ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕੇਂਦਰ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਫੈਸਲਾ ਨਹੀਂ ਲੈ ਰਹੀ ਹਾਲਾਂਕਿ ਉਸਨੇ 2019 ਵਿਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ‘ਤੇ 8 ਬੰਦੀ ਸਿੰਘਾਂ ਨੁੰ ਰਿਹਾਅ ਕਰਨ ਦਾ ਐਲਾਨ ਕੀਤਾ ਸੀ। ਇੰਨਾ ਹੀ ਨਹੀਂ ਬਲਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਲਈ ਪਾਈ ਗਈ ਰਹਿਮ ਦੀ ਅਪੀਲ ‘ਤੇ ਵੀ ਅੱਜ 11 ਸਾਲਾਂ ਤੋਂ ਕੋਈ ਫੈਸਲਾ ਨਹੀਂ ਲਿਆ ਗਿਆ ਹਾਲਾਂਕਿ ਸੁਪਰੀਮ ਕੋਰਟ ਨੇ ਵੀ ਕੇਂਦਰ ਸਰਕਾਰ ਨੁੰ ਫੈਸਲਾ ਲੈਣ ਵਾਸਤੇ ਕਿਹਾ ਸੀ।

ਉਹਨਾਂ ਕਿਹਾ ਕਿ ਇਸੇ ਤਰੀਕੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦਾ ਕੇਸ ਹੈ ਜਿਹਨਾਂ ਦੀ ਰਿਹਾਈ ਵਾਸਤੇ ਸੁਪਰੀਮ ਕੋਰਟ ਨੇ ਪ੍ਰਵਾਨਗੀ ਦਿੱਤੀ ਹੋਈ ਹੈ ਪਰ ਪਿਛਲੇ 7 ਮਹੀਨਿਆਂ ਤੋਂ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਉਹਨਾਂ ਦੀ ਰਿਹਾਈ ਦੀ ਫਾਈਲ ‘ਤੇ ਹਸਤਾਖ਼ਰ ਨਹੀਂ ਕਰ ਰਹੇ ਤੇ ਸਿੱਧੇ ਤੌਰ ‘ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਰਹੇ ਹਨ।
ਬੀਬਾ ਕਮਲਦੀਪ ਕੌਰ ਰਾਜੋਆਣਾ ਨੇ ਹਰ ਵਰਗ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਆਓ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਰਲ ਕੇ ਸੰਘਰਸ਼ ਕਰੀਏ ਤਾਂ ਜੋ ਉਹਨਾਂ ਦੀ ਰਿਹਾਈ ਸੰਭਵ ਬਣਾਈ ਜਾ ਸਕੇ।

Google search engine

LEAVE A REPLY

Please enter your comment!
Please enter your name here