ਸੰਗਰੂਰ, 20 ਜੂਨ:
– ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਸੰਗਰੂਰ ਲੋਕ ਸਭਾ ਹਲਕੇ ਲਈ 23 ਜੂਨ ਨੂੰ ਹੋਣ ਜਾ ਰਹੀ ਜ਼ਿਮਨੀ ਚੋਣ ਸਬੰਧੀ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ 21 ਜੂਨ ਸ਼ਾਮ 6 ਵਜੇ ਵੋਟਾਂ ਪੈਣ ਦੀ ਪ੍ਰਕਿਰਿਆ ਮੁਕੰਮਲ ਹੋਣ ਤੋਂ 48 ਘੰਟੇ ਪਹਿਲਾਂ ਵਾਲਾ ਜ਼ਾਬਤਾ ਲਾਗੂ ਹੋ ਜਾਵੇਗਾ।

ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ ਵੋਟਾਂ 23 ਜੂਨ ਸ਼ਾਮ 6 ਵਜੇ ਤੱਕ ਪੈਣਗੀਆਂ ਅਤੇ ਇਸ ਤੋਂ 48 ਘੰਟੇ ਪਹਿਲਾਂ ਭਾਵ 21 ਜੂਨ ਸ਼ਾਮ 6 ਵਜੇ ਤੋਂ ਬਾਅਦ ਰਾਜਨੀਤਕ ਪਾਰਟੀਆਂ ਜਾਂ ਉਮੀਦਵਾਰਾਂ ਵੱਲੋਂ ਜਲਸਿਆਂ, ਰੈਲੀਆਂ, ਰੋਡ ਸ਼ੋਅ, ਪਬਲਿਕ ਮੀਟਿੰਗਾਂ ਜਾਂ ਹੋਰ ਮਾਧਿਅਮਾਂ ਰਾਹੀਂ ਚੋਣ ਪ੍ਰਚਾਰ ਨਹੀਂ ਕੀਤਾ ਜਾ ਸਕੇਗਾ। ਉਨਾਂ ਦੱਸਿਆ ਕਿ ਇਸ ਸਮੇਂ ਦੌਰਾਨ ਕਿਸੇ ਨੂੰ ਵੀ ਲਾਊਡਸਪੀਕਰ ਵਰਤਣ ਦੀ ਆਗਿਆ ਨਹੀਂ ਹੋਵੇਗੀ।
ਸ਼੍ਰੀ ਜਤਿੰਦਰ ਜੋਰਵਾਲ ਨੇ ਦੱਸਿਆ ਕਿ 21 ਜੂਨ ਸ਼ਾਮ 6 ਵਜੇ ਤੋਂ ਬਾਅਦ ਜ਼ਿਲੇ ਅੰਦਰ ਧਾਰਾ 144 ਤਹਿਤ ਪਾਬੰਦੀਆਂ ਲਾਗੂ ਹੋ ਜਾਣਗੀਆਂ ਜਿਨਾਂ ਤਹਿਤ ਪਬਲਿਕ ਮੀਟਿੰਗਾਂ ਤੇ ਬਿਨਾਂ ਮਨਜ਼ੂਰੀ ਤੋਂ ਇਕੱਠ ’ਤੇ ਪੂਰਨ ਪਾਬੰਦੀ ਹੋਵੇਗੀ। ਉਨਾਂ ਦੱਸਿਆ ਕਿ ਇਸੇ ਤਰਾਂ ਇੱਕ ਜਗਾ ’ਤੇ 5 ਤੋਂ ਵਧੇਰੇ ਵਿਅਕਤੀ ਇਕੱਠੇ ਹੋਣ ਅਤੇ ਚੱਲਣ ’ਤੇ ਵੀ ਪਾਬੰਦੀ ਹੋਵੇਗੀ। ਉਨਾਂ ਉਨਾਂ ਦੱਸਿਆ ਕਿ ਹਾਲਾਂਕਿ ਉਮੀਦਵਾਰ ਸੀਮਤ ਵਿਅਕਤੀਆਂ ਨਾਲ ਡੋਰ-ਟੂ-ਡੋਰ ਪ੍ਰਚਾਰ ਕਰ ਸਕਣਗੇ ਜਿਨਾਂ ’ਤੇ ਧਾਰਾ 144 ਤਹਿਤ ਪਾਬੰਦੀ ਲਾਗੂ ਨਹੀਂ ਹੋਵੇਗੀ।

ਸ਼੍ਰੀ ਜੋਰਵਾਲ ਨੇ ਕਿਹਾ ਕਿ ਚੋਣ ਪ੍ਰਚਾਰ ਮੁਕੰਮਲ ਹੋਣ ਤੋਂ ਬਾਅਦ ਜ਼ਿਲੇ ਦੇ ਵੋਟਰਾਂ ਤੋਂ ਇਲਾਵਾ ਬਾਕੀ ਸਾਰੇ ਵਿਅਕਤੀਆਂ, ਜਿਨਾਂ ’ਚ ਰਾਜਨੀਤਕ ਆਗੂ, ਪਾਰਟੀ ਵਰਕਰ ਜਾਂ ਚੋਣ ਪ੍ਰਚਾਰ ’ਚ ਸ਼ਾਮਲ ਹੋਰ ਵਿਅਕਤੀ ਸ਼ਾਮਲ ਹਨ, ਨੂੰ ਸੰਗਰੂਰ ਜ਼ਿਲਾ ਤੁਰੰਤ ਪ੍ਰਭਾਵ ਨਾਲ ਛੱਡਣਾ ਪਵੇਗਾ। ਉਨਾਂ ਕਿਹਾ ਕਿ ਇਸ ਸਬੰਧੀ ਲੋੜੀਂਦੇ ਦਿਸ਼ਾ-ਨਿਰਦੇਸ਼ ਰਾਜਨੀਤਕ ਪਾਰਟੀਆਂ ਤੇ ਉਮੀਦਵਾਰਾਂ ਨੂੰ ਭੇਜ ਦਿੱਤੇ ਗਏ ਹਨ ਅਤੇ ਪੁਲਿਸ ਵਿਭਾਗ ਨੂੰ ਪੁਖ਼ਤਾ ਸੁਰੱਖਿਆ ਪ੍ਰਬੰਧਾਂ ਦੇ ਨਾਲ-ਨਾਲ ਹੋਟਲਾਂ, ਸਰਾਵਾਂ ਤੇ ਹੋਰ ਠਹਿਰਾਂ ਦੀ ਨਿਯਮਤ ਜਾਂਚ ਦੇ ਵੀ ਹੁਕਮ ਦਿੱਤੇ ਗਏ ਹਨ। ਉਨਾਂ ਕਿਹਾ ਕਿ ਇਸਦੇ ਨਾਲ ਹੀ ਐਕਸਾਈਜ਼ ਵਿਭਾਗ ਨੂੰ ਗੈਰਕਾਨੂੰਨੀ ਤੇ ਨਾਜਾਇਜ਼ ਸ਼ਰਾਬ ਦੀ ਵਰਤੋਂ ਰੋਕਣ ਲਈ ਵੀ ਚੈਕਿੰਗ ਤੇਜ਼ ਕਰਨ ਦੀ ਹਦਾਇਤ ਕੀਤੀ ਗਈ ਹੈ।

ਉਨਾਂ ਦੱਸਿਆ ਕਿ ਵੋਟਾਂ ਵਾਲੇ ਦਿਨ ਭਾਵ 23 ਜੂਨ ਅਤੇ ਵੋਟਾਂ ਦੀ ਗਿਣਤੀ ਵਾਲੇ ਦਿਨ ਭਾਵ 26 ਜੂਨ ਨੂੰ ਜ਼ਿਲਾ ਪ੍ਰਸ਼ਾਸਨ ਵੱਲੋਂ ਡਰਾਈ ਡੇਅ ਐਲਾਨਿਆ ਗਿਆ ਹੈ ਜਿਸ ਤਹਿਤ ਸ਼ਰਾਬ ਦੀ ਵਿਕਰੀ ’ਤੇ ਮੁਕੰਮਲ ਪਾਬੰਦੀ ਹੋਵੇਗੀ।

ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ ਵੋਟਾਂ ਪੈਣ ਤੋਂ ਅੱਧੇ ਘੰਟੇ ਬਾਅਦ ਤੱਕ ਐਕਜ਼ਿਟ ਪੋਲ ਕਰਵਾਉਣ ਅਤੇ ੳਪੀਨੀਅਨ ਪੋਲ ਦੇ ਨਤੀਜੇ ਨਸ਼ਰ ਕਰਨ ’ਤੇ ਮਨਾਹੀ ਹੋਵੇਗੀ।