ਚੰਡੀਗੜ੍ਹ, 7 ਦਸੰਬਰ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬਿਨਾਂ ਕਿਸੇ ਵਿੱਤੀ ਪ੍ਰਬੰਧ ਤੋਂ ਲੋਕ ਲੁਭਾਵੀ ਮੁਫ਼ਤ ਦੀਆਂ ਸਹੂਲਤਾਂ ਦੇ ਕੇ ਪੰਜਾਬ ਨੂੰ ਨਾ ਪੂਰਿਆ ਜਾ ਸਕਣ ਵਾਲੇ ਵਿੱਤੀ ਦੀਵਾਲੀਏਪਣ ਵੱਲ ਧੱਕਣ ਵਿਰੁੱਧ ਚੇਤਾਵਨੀ ਦਿੱਤੀ ਹੈ।Congress warns AAP against pushing Punjab towards bankruptcy
ਇੱਥੇ ਜਾਰੀ ਇੱਕ ਬਿਆਨ ਵਿੱਚ, ਵੜਿੰਗ ਨੇ ਕਿਹਾ ਕਿ ‘ਆਪ’ ਸਰਕਾਰ ਦੌਰਾਨ ਪੰਜਾਬ ਨੇ ਕਰਜ਼ਾ-ਜੀਐਸਡੀਪੀ ਅਨੁਪਾਤ 53.3 ਫੀਸਦੀ ਤੱਕ ਪਹੁੰਚਣ ਦਾ ਨਾਂਹ-ਪੱਖੀ ‘ਰਿਕਾਰਡ’ ਬਣਾਇਆ ਹੈ।
ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਕੋਈ ਵੀ ਸੁਧਾਰ ਕਰਨ ਦੀ ਬਜਾਏ ਲਗਾਤਾਰ ਲੋਕਪ੍ਰਿਅਤਾ ਦੇ ਰਾਹ ‘ਤੇ ਚੱਲ ਰਹੀ ਹੈ, ਜਿਸ ਨਾਲ ਅਰਥ ਵਿਵਸਥਾ ਦਾ ਹੋਰ ਖੂਨ ਵਹਿ ਜਾਵੇਗਾ ਅਤੇ ਪੰਜਾਬ ਪੂਰੀ ਤਰ੍ਹਾਂ ਦੀਵਾਲੀਆ ਹੋ ਜਾਵੇਗਾ।
ਵੜਿੰਗ ਨੇ ‘ਆਪ’ ਸਰਕਾਰ ਦੀ ਅਸਲ ਵਿੱਚ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਰਾਹਤ ਦੇਣ ਦੀ ਨੀਅਤ ‘ਤੇ ਸਵਾਲ ਚੁੱਕੇ ਹਨ।  ਤੁਸੀਂ ਅਜਿਹਾ ਕਰਕੇ ਲੋਕਾਂ ਨੂੰ ਧੋਖਾ ਦੇ ਰਹੇ ਹੋ, ਜਦੋਂ ਤੁਸੀਂ ਜਾਣਦੇ ਹੋ ਕਿ ਤੁਸੀਂ ਕੀਤੇ ਵਾਅਦੇ ਨੂੰ ਪੂਰਾ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਰਕਾਰ ਆਰਥਿਕ ਬੈਕਅੱਪ ਲਈ ਕੋਈ ਰਣਨੀਤੀ ਬਣਾਏ ਬਿਨਾਂ ਮੁਫਤ ਲਾਭ ਦੇਣ ਦਾ ਕੰਮ ਕਰ ਰਹੀ ਹੈ, ਉਸ ਨਾਲ ਆਰਥਿਕਤਾ ਦਾ ਵਿਗਾੜ ਹੋਣਾ ਯਕੀਨੀ ਹੈ।
ਸੂਬਾ ਕਾਂਗਰਸ ਪ੍ਰਧਾਨ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਦੀ ਉਦਾਹਰਣ ਦਿੱਤੀ, ਜੋ ਕਿ ਭਾਰੀ ਰਿਆਇਤਾਂ ਦੇ ਬੋਝ ਹੇਠ ਦੱਬੀ ਹੋਈ ਹੈ।  ਉਨ੍ਹਾਂ ਕਿਹਾ ਕਿ ਜ਼ੀਰੋ ਬਿੱਲ ਦੇ ਨਾਂ ‘ਤੇ ‘ਆਪ’ ਪੰਜਾਬ ਨੂੰ ਦੀਵਾਲੀਏਪਣ ਵੱਲ ਧੱਕ ਰਹੀ ਹੈ।  ਅਜਿਹੀਆਂ ਲੋਕ-ਲੁਭਾਊ ਸਕੀਮਾਂ ਕਦੇ ਵੀ ਸਫਲ ਨਹੀਂ ਹੋ ਸਕਦੀਆਂ, ਜਦੋਂ ਤੱਕ ਕਿ ਉਨ੍ਹਾਂ ਬਾਰੇ ਉਚਿਤ ਵਿੱਤੀ ਪ੍ਰਬੰਧ ਨਹੀਂ ਕੀਤੇ ਜਾਂਦੇ, ਜੋ ਕੰਮ ਕਰਨ ਵਿਚ ਆਪ ਅਸਫਲ ਰਹੀ ਹੈ।  ਉਨ੍ਹਾਂ ਚਿਤਾਵਨੀ ਦਿੱਤੀ ਕਿ ਇਹ ਸਕੀਮ ਨਾ ਸਿਰਫ਼ ਢਹਿ-ਢੇਰੀ ਹੋ ਜਾਵੇਗੀ, ਸਗੋਂ ਸੂਬੇ ਦੀ ਆਰਥਿਕਤਾ ਨੂੰ ਵੀ ਪੂਰੀ ਤਰ੍ਹਾਂ ਤਬਾਹ ਕਰ ਦੇਵੇਗੀ।