ਸੰਗਰੂਰ, 21 ਜੂਨ:(ਭੁਪਿੰਦਰ ਵਾਲੀਆ)
ਰਿਟਰਨਿੰਗ ਅਫ਼ਸਰ ਸ਼੍ਰੀ ਜਤਿੰਦਰ ਜੋਰਵਾਲ ਨੇ ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਵਿੱਚ ਸਮੂਹ ਪੋਲਿੰਗ ਸਟਾਫ਼ ਨੂੰ ਹਦਾਇਤ ਜਾਰੀ ਕੀਤੀ ਹੈ ਕਿ 23 ਜੂਨ ਨੂੰ ਪੋਲਿੰਗ ਵਾਲੇ ਦਿਨ ਲੋਕ ਸਭਾ ਹਲਕਾ ਸੰਗਰੂਰ ਦੇ ਕਿਸੇ ਵੀ ਪੋਲਿੰਗ ਬੂਥ ਦੇ 200 ਮੀਟਰ ਦੇ ਦਾਇਰੇ ਅੰਦਰ ਪ੍ਰਾਈਵੇਟ ਵਾਹਨਾਂ ਦੇ ਦਾਖਲੇ ’ਤੇ ਪੂਰਨ ਪਾਬੰਦੀ ਰਹੇਗੀ ਅਤੇ ਪੋਲਿੰਗ ਬੂਥ ਦੇ 100 ਮੀਟਰ ਦੇ ਦਾਇਰੇ ਅੰਦਰ ਕੋਈ ਵੀ ਰਾਜਸੀ ਪਾਰਟੀ ਜਾਂ ਉਮੀਦਵਾਰ ਜਾਂ ਕੋਈ ਵਰਕਰ ਕਿਸੇ ਵੀ ਤਰਾਂ ਦੀ ਚੋਣ ਸਮੱਗਰੀ ਜਿਵੇਂ ਪੋਸਟਰ, ਬੈਨਰ, ਝੰਡੇ, ਸੰਕੇਤ ਆਦਿ ਨਹੀਂ ਲਗਾ ਸਕੇਗਾ ਅਤੇ ਜੇਕਰ ਕੋਈ ਵੀ ਵਿਅਕਤੀ ਇਨਾਂ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਰਾਜਸੀ ਪਾਰਟੀਆਂ ਵੱਲੋਂ ਲਗਾਏ ਜਾਣ ਵਾਲੇ ਆਰਜ਼ੀ ਬੂਥ ਵੀ ਪੋਲਿੰਗ ਸਟੇਸ਼ਨ ਤੋਂ 200 ਮੀਟਰ ਦੀ ਦੂਰੀ ‘ਤੇ ਹੀ ਲਗਾਏ ਜਾ ਸਕਣਗੇ। ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਵਧੀਕ ਜ਼ਿਲਾ ਚੋਣ ਅਫ਼ਸਰ ਅਨਮੋਲ ਸਿੰਘ ਧਾਲੀਵਾਲ, ਏ.ਡੀ.ਸੀ ਵਿਕਾਸ ਵਰਜੀਤ ਵਾਲੀਆ ਤੇ ਐਸ.ਪੀ ਜਸਬੀਰ ਸਿੰਘ ਨਾਲ ਸਮੁੱਚੇ ਪ੍ਰਬੰਧਾਂ ਬਾਰੇ ਸਮੀਖਿਆ ਮੀਟਿੰਗ ਕਰਦਿਆਂ ਰਿਟਰਨਿੰਗ ਅਫ਼ਸਰ ਸ਼੍ਰੀ ਜਤਿੰਦਰ ਜੋਰਵਾਲ ਨੇ ਪੋਲਿੰਗ ਤੋਂ ਪਹਿਲਾਂ ਤੇ ਪੋਲਿੰਗ ਤੋਂ ਬਾਅਦ ਲਈ ਵੱਖ ਵੱਖ ਦਿਸ਼ਾ ਨਿਰਦੇਸ਼ਾ ਜਾਰੀ ਕੀਤੇ। ਉਨਾਂ ਕਿਹਾ ਕਿ ਸਮੁੱਚੀ ਪ੍ਰਕਿਰਿਆ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚੜਾਉਣ ਲਈ ਪੂਰਾ ਤਾਲਮੇਲ ਰੱਖਿਆ ਜਾਵੇ। ਉਨਾਂ ਕਿਹਾ ਕਿ ਉਪ ਚੋਣ ਵਿੱਚ ਦਿਵਿਆਂਗ ਵੋਟਰਾਂ ਦੀ ਸੌ ਫੀਸਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਸਮੂਹ ਪੋਲਿੰਗ ਸਟੇਸ਼ਨਾਂ ’ਤੇ ਵਿਸ਼ੇਸ਼ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣ ਅਤੇ ਨਿਰੰਤਰ ਨਿਗਰਾਨੀ ਲਈ ਵਲੰਟੀਅਰਾਂ ਦੀ ਤਾਇਨਾਤੀ ਕੀਤੀ ਜਾਵੇ। ਉਨਾਂ ਨੇ ਦੱਸਿਆ ਕਿ ਚੋਣ ਪ੍ਰਚਾਰ ਦੀ ਸਮਾਂ ਸੀਮਾ ਸਮਾਪਤ ਹੋਣ ਮਗਰੋਂ ਉਮੀਦਵਾਰਾਂ ਤੇ ਸਮੂਹ ਸਿਆਸੀ ਪਾਰਟੀਆਂ ਦੇ ਉਨਾਂ ਸਮਰਥਕਾਂ ਨੂੰ ਤੁਰੰਤ ਹਲਕੇ ਵਿੱਚੋਂ ਬਾਹਰ ਜਾਣ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ, ਜਿਹੜੇ ਕਿ ਲੋਕ ਸਭਾ ਹਲਕਾ ਸੰਗਰੂਰ ਦੇ ਵੋਟਰ ਨਹੀਂ ਹਨ। ਉਨਾਂ ਦੱਸਿਆ ਕਿ ਸਮੂਹ ਸਹਾਇਕ ਰਿਟਰਨਿੰਗ ਅਧਿਕਾਰੀਆਂ ਤੇ ਪੁਲਿਸ ਅਧਿਕਾਰੀਆਂ ’ਤੇ ਆਧਾਰਿਤ ਟੀਮਾਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਹਲਕੇ ਦੇ ਹੋਟਲਾਂ, ਰੈਸਟੋਰੈਂਟਾਂ, ਗੈਸਟ ਹਾਊਸ, ਧਰਮਸ਼ਾਲਾਵਾਂ ਆਦਿ ਦੀ ਲਗਾਤਾਰ ਚੈਕਿੰਗ ਕੀਤੀ ਜਾਵੇ ਅਤੇ ਇਨਾਂ ਥਾਵਾਂ ’ਤੇ ਰੁਕਣ ਵਾਲਿਆਂ ਦੇ ਸ਼ਨਾਖਤੀ ਸਬੂਤਾਂ ਦੀ ਵੀ ਜਾਂਚ ਕੀਤੀ ਜਾਵੇ। ਉਨਾਂ ਦੱਸਿਆ ਕਿ ਚੋਣ ਕਾਰਜਾਂ ਵਿੱਚ ਲੱਗੇ ਕਰਮਚਾਰੀਆਂ ਤੇ ਪੁਲਿਸ ਟੀਮਾਂ ਤੋਂ ਇਲਾਵਾ ਜੇ ਕੋਈ ਵੀ ਵਿਅਕਤੀ ਜੋ ਕਿ ਲੋਕ ਸਭਾ ਹਲਕਾ ਸੰਗਰੂਰ ’ਚ ਵੋਟਰ ਵਜੋਂ ਰਜਿਸਟਰ ਨਹੀਂ ਹੈ, ਨੂੰ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਇਥੇ ਠਹਿਰਨ ਦੀ ਆਗਿਆ ਨਹੀਂ ਹੈ। ਰਿਟਰਨਿੰਗ ਅਫ਼ਸਰ ਨੇ ਹਦਾਇਤ ਕੀਤੀ ਕਿ 22 ਜੂਨ ਅਤੇ 23 ਜੂਨ ਦੇ ਦਿਨਾਂ ਦੌਰਾਨ ਵਧੇਰੇ ਚੌਕਸੀ ਵਰਤਣ ਦੀ ਲੋੜ ਹੈ ਅਤੇ ਸਮੂਹ ਫਲਾਇੰਗ ਸਰਵੇਲੈਂਸ ਟੀਮਾਂ ਤੇ ਸਟੈਟਿਕ ਸਰਵੇਲੈਂਸ ਟੀਮਾਂ ਨੂੰ ਵੀ 24 ਘੰਟੇ ਹਰੇਕ ਗਤੀਵਿਧੀ ’ਤੇ ਤਿੱਖੀ ਨਜ਼ਰ ਰੱਖਣ ਅਤੇ ਸ਼ਰਾਬ, ਨਗਦੀ ਸਮੇਤ ਹੋਰ ਕਿਸੇ ਵੀ ਸ਼ੱਕੀ ਵੰਡ ਦੀ ਸਥਿਤੀ ਨੂੰ ਚੌਕਸੀ ਨਾਲ ਠੱਲ ਪਾਉਣ ਦੀ ਹਦਾਇਤ ਕੀਤੀ ਗਈ ਹੈ। ਉਨਾਂ ਦੱਸਿਆ ਕਿ ਕਿਸੇ ਵੀ ਗੈਰ ਸਮਾਜਿਕ ਅਨਸਰ ਕੋਲੋਂ ਨਗਦੀ ਜਾਂ ਨਸ਼ੀਲੇ ਪਦਾਰਥ ਪਕੜੇ ਜਾਣ ਦੀ ਸੂਰਤ ਵਿੱਚ ਪੂਰੀ ਵੀਡੀਓਗ੍ਰਾਫੀ ਕਰਵਾਈ ਜਾਵੇ ਅਤੇ ਸੀ.ਆਰ.ਪੀ.ਸੀ ਐਕਟ ਤਹਿਤ ਕਾਨੂੰਨੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇ। ਉਨਾਂ ਹਦਾਇਤ ਕੀਤੀ ਕਿ ਜਿਹੜੇ ਇਲਾਕਿਆਂ ਵਿੱਚ ਵੋਟਰਾਂ ਨੂੰ ਵਿੱਤੀ ਲਾਲਚ ਦੇ ਕੇ ਗੁੰਮਰਾਹ ਕੀਤੇ ਜਾਣ ਦੀ ਸੰਭਾਵਨਾ ਹੋਵੇ ਉਥੇ ਨਿਗਰਾਨੀ ਪ੍ਰਬੰਧਾਂ ਨੂੰ ਹੋਰ ਸਖ਼ਤ ਕੀਤਾ ਜਾਵੇ।
ਸ਼੍ਰੀ ਜਤਿੰਦਰ ਜੋਰਵਾਲ ਨੇ ਚੋਣ ਪ੍ਰਚਾਰ ਕਰ ਰਹੇ ਸਮੂਹ ਉਮੀਦਵਾਰਾਂ, ਸਿਆਸੀ ਪਾਰਟੀਆਂ ਅਤੇ ਸਿਆਸੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਚੋਣ ਕਮਿਸ਼ਨ ਦੇ ਆਦੇਸ਼ਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਵਿੱਚ ਪੂਰਨ ਸਹਿਯੋਗ ਦੇਣ।