ਵਿਜੀਲੈਂਸ ਬਿਊਰੋ ਵੱਲੋਂ ਜਾਅਲੀ ਡਿਗਰੀ ਦੇ ਆਧਾਰ ‘ਤੇ ਨੌਕਰੀ ਹਾਸਲ ਕਰਨ ਵਾਲੀ ਸਕੂਲ ਪ੍ਰਿੰਸੀਪਲ ਗ੍ਰਿਫ਼ਤਾਰ

ਚੰਡੀਗੜ੍ਹ, 17 ਜੁਲਾਈ:

ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਫੇਜ਼-11, ਐਸ.ਏ.ਐਸ ਨਗਰ (ਮੋਹਾਲੀ) ਵਿਖੇ ਤਾਇਨਾਤ ਪ੍ਰਿੰਸੀਪਲ ਪਰਮਜੀਤ ਕੌਰ ਨੂੰ ਜਾਅਲੀ ਡਿਗਰੀ ਦੇ ਆਧਾਰ ਉਤੇ ਸਰਕਾਰੀ ਨੌਕਰੀ ਲੈਣ ਅਤੇ ਤਰੱਕੀ ਹਾਸਲ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਪਰਮਜੀਤ ਕੌਰ ਨੇ ਬਿਹਾਰ ਦੀ ਮਗਧ ਯੂਨੀਵਰਸਿਟੀ ਵੱਲੋਂ ਜਾਰੀ ਐਮ.ਕਾਮ ਦੀ ਡਿਗਰੀ ਦੇ ਆਧਾਰ ਉਤੇ ਸਰਕਾਰੀ ਨੌਕਰੀ ਹਾਸਲ ਕੀਤੀ ਸੀ। ਡਿਗਰੀ ਦੀ ਤਸਦੀਕ ਨਾ ਹੋਣ ਉਪਰੰਤ ਉਸ ਖ਼ਿਲਾਫ਼ ਵਿਜੀਲੈਂਸ ਇਨਕੁਆਰੀ ਦਰਜ ਕੀਤੀ ਗਈ ਸੀ।

ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ ਵਿਜਲੈਂਸ ਬਿਊਰੋ ਨੇ ਪਾਇਆ ਕਿ ਉਕਤ ਪ੍ਰਿੰਸੀਪਲ ਵੱਲੋਂ ਸਰਕਾਰੀ ਨੌਕਰੀ ਲੈਣ ਲਈ ਵਰਤੀ ਗਈ ਡਿਗਰੀ ਫ਼ਰਜ਼ੀ ਹੈ। ਸਰਕਾਰੀ ਨੌਕਰੀ ਅਤੇ ਤਰੱਕੀ ਲਈ ਜਾਅਲੀ ਡਿਗਰੀ ਸਰਟੀਫਿਕੇਟ ਦਾ ਸਹਾਰਾ ਲੈਣ ਦੇ ਦੋਸ਼ ਹੇਠ ਮੁਲਜ਼ਮ ਪ੍ਰਿੰਸੀਪਲ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਵਿਜੀਲੈਂਸ ਵੱਲੋਂ ਅੱਜ ਗ੍ਰਿਫਤਾਰ ਕਰ ਲਿਆ ਗਿਆ ਹੈ।