ਜਲ੍ਹਿਆਂਵਾਲਾ ਬਾਗ: ਯਾਦਗਾਰ ਦੀ ਮੁਰੰਮਤ ਨੂੰ ਲੈ ਕੇ ਦੇਸ਼ ਭਗਤ ਨਾਰਾਜ਼

68

ਜਲ੍ਹਿਆਂਵਾਲਾ ਬਾਗ: ਯਾਦਗਾਰ ਦੀ ਮੁਰੰਮਤ ਨੂੰ ਲੈ ਕੇ ਦੇਸ਼ ਭਗਤ ਨਾਰਾਜ਼

ਇੱਕ ਸਾਲ ਤੋਂ ਵੀ ਵੱਧ ਸਮੇਂ ਲਈ ਜੱਲ੍ਹਿਆਂਵਾਲਾ ਬਾਗ਼ ਦੇ ਦਰਵਾਜ਼ੇ ਬੰਦ ਕਰ ਕੇ ਇਸ ਦੇ ਨਵੀਨੀਕਰਨ ਦੇ ਕੰਮ ਮਗਰੋਂ 28 ਅਗਸਤ 2021 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਡਿਜੀਟਲ ਰੂਪ ਵਿੱਚ ਜਨਤਾ ਨੂੰ ਸਮਰਪਿਤ ਕੀਤਾ ਸੀ। ਆਪਣੀ ਸਰਕਾਰ ਦੀ ਪ੍ਰਸ਼ੰਸਾ ਹੋਣ ਦੀ ਉਮੀਦ ਕਰਦਿਆਂ ਪ੍ਰਧਾਨ ਮੰਤਰੀ ਨੇ ਆਪਣੇ ਟਵਿੱਟਰ ਹੈਂਡਲ ’ਤੇ ਲਿਖਿਆ: “ਨਵੀਨੀਕਰਨ ਤੋਂ ਬਾਅਦ ਜੱਲ੍ਹਿਆਂਵਾਲਾ ਬਾਗ਼ ਸਮਾਰਕ ਦਾ ਅੱਜ ਸ਼ਾਮ 6:25 ਵਜੇ ਉਦਘਾਟਨ ਕਰਦੇ ਸਮੇਂ ਤੁਸੀਂ ਮੇਰੇ ਨਾਲ ਸ਼ਾਮਲ ਹੋਵੋ। ਮੈਂ ਤੁਹਾਨੂੰ ਸਾਊਂਡ ਅਤੇ ਲਾਈਟ ਸ਼ੋਅ ਦੇਖਣ ਲਈ ਵੀ ਸੱਦਾ ਦਿੰਦਾ ਹਾਂ। ਇਹ ਅਪਰੈਲ 1919 ਦੇ ਭਿਆਨਕ ਕਤਲੇਆਮ ਨੂੰ ਪ੍ਰਦਰਸ਼ਿਤ ਕਰੇਗਾ ਅਤੇ ਸ਼ਹੀਦਾਂ ਪ੍ਰਤੀ ਧੰਨਵਾਦ ਤੇ ਸ਼ਰਧਾ ਦੀ ਭਾਵਨਾ ਪੈਦਾ ਕਰੇਗਾ।”

An illuminated Jallianwala Bagh Memorial glitters with lighting as after its renovation Prime Minister Narendra Modi inaugurated it virtually on Saturday evening on August 28, 2021 i

ਕਈ ਵਿਅਕਤੀਆਂ ਨੇ ਸਮਾਗਮ ਦੇਖਿਆ, ਪਰ ਉਨ੍ਹਾਂ ਦਾ ਪ੍ਰਤੀਕਰਮ ਆਸ ਦੇ ਉਲਟ ਹੋਇਆ। ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ, ਸਮਾਜਿਕ ਕਾਰਕੁਨਾਂ, ਅਕਾਦਮਿਕ, ਸੱਭਿਆਚਾਰ, ਵਿਰਾਸਤ ਸੰਭਾਲ ਮਾਹਿਰਾਂ, ਪੱਤਰਕਾਰਾਂ, ਸੈਲਾਨੀਆਂ ਅਤੇ ਸਿਆਸਤਦਾਨਾਂ ਨੇ ਇਸ ਦੀ ਨਿੰਦਾ ਕੀਤੀ। ਇੱਥੋਂ ਤੱਕ ਕਿ ਅੰਮ੍ਰਿਤਸਰ ਦੇ ਇੱਕ ਸੀਨੀਅਰ ਭਾਜਪਾ ਆਗੂ ਅਤੇ ਸਾਬਕਾ ਮੰਤਰੀ ਨੇ ‘ਮੁਰੰਮਤ’ ਨੂੰ ‘ਰਾਸ਼ਟਰੀ ਅਪਰਾਧ’ ਦੱਸਿਆ।

Visitors at the Jallianwala Bagh memorial after its reopening, on August 29, 2021 in Amritsar, India.

2019 ਵਿੱਚ ਜੱਲ੍ਹਿਆਂਵਾਲਾ ਬਾਗ਼ ਸਾਕੇ ਨੂੰ 100 ਸਾਲ ਪੂਰੇ ਹੋ ਗਏ। ਇਸ ਦੀ 100 ਸਾਲਾ ਯਾਦ ਨੂੰ ਸਮਰਪਿਤ 20 ਕਰੋੜ ਦੀ ਰਕਮ ਨਾਲ ਇਸ ਦੀ ਸਾਂਭ-ਸੰਭਾਲ ਦੀ ਯੋਜਨਾ ਬਣਾਈ ਗਈ। ਉਦੋਂ ਹੀ 1951 ਵਾਲੇ ਕਾਨੂੰਨ ਵਿੱਚ ਸੋਧ ਕਰ ਕੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਦੀ ਮੈਂਬਰਸ਼ਿਪ ਖ਼ਤਮ ਕਰ ਦਿੱਤੀ ਗਈ ਅਤੇ ਸਰਕਾਰ ਨੂੰ ਅਧਿਕਾਰ ਦਿੱਤਾ ਗਿਆ ਕਿ ਉਹ ਕਿਸੇ ਵੀ ਨਾਮਜ਼ਾਦ ਮੈਂਬਰ ਨੂੰ ਕਿਸੇ ਵੀ ਸਮੇਂ ਉਸ ਦੀ ਟਰਮ ਪੂਰੀ ਹੋਣ ਤੋਂ ਪਹਿਲਾਂ ਹਟਾ ਸਕੇ।

Bullet marks in Jallianwala Bagh

ਸਾਂਭ ਸੰਭਾਲ ਦੇ ਕੰਮ ਲਈ ਭਾਰਤ ਦੇ ਪੁਰਾਤੱਤਵ ਸਰਵੇਖਣ ਵਿਭਾਗ ਅਤੇ ਨੈਸ਼ਨਲ ਬਿਲਡਿੰਗ ਕੰਸਟਰਕਸ਼ਨ ਕਾਰਪੋਰੇਸ਼ਨ (NBCC) ਦੀ ਨਿਗਰਾਨੀ ਹੇਠ ਅਹਿਮਦਾਬਾਦ ਆਧਾਰਿਤ ਨਿੱਜੀ ਕੰਪਨੀ ਵਾਮਾ (VAMA) ਕਮਿਊਨੀਕੇਸ਼ਨ ਨੂੰ ਠੇਕਾ ਦਿੱਤਾ ਗਿਆ। ਇਤਿਹਾਸ, ਸਥਾਨਕ ਸੱਭਿਆਚਾਰ ਅਤੇ ਸ਼ਹੀਦੀ ਸਮਾਰਕ ਦੀ ਦੇਖ ਰੇਖ ਸਬੰਧੀ ਬਿਨਾਂ ਕਿਸੇ ਸਮਝ ਦੇ ਅਤੇ ਬਿਨਾਂ ਕਿਸੇ ਸਥਾਨਕ ਵਿਦਵਾਨ ਦੀ ਸਲਾਹ ਦੇ ਉਪਰੋਕਤ ਕੰਪਨੀ ਨੇ ਇਸ ਕੰਮ ਨੂੰ ਪੂਰਾ ਕਰ ਦਿੱਤਾ। ਸ਼ਹੀਦੀ ਸਮਾਰਕ ਨੂੰ ਸੈਰ-ਸਪਾਟਾ ਸਥਾਨ ਸਮਝਦਿਆਂ ਇਸ ਇਤਿਹਾਸਕ ਸਥਾਨ ਨੂੰ ਸ਼ਹੀਦਾਂ ਪ੍ਰਤੀ ਸਤਿਕਾਰ ਅਰਪਣ ਕਰਨ ਨਾਲੋਂ ਵੱਧ ਮਨੋਰੰਜਨ ਸਥਾਨ ਬਣਾ ਦਿੱਤਾ, ਸਿੱਟੇ ਵਜੋਂ ਦੇਸ਼ ਅਤੇ ਦੁਨੀਆ ਦੇ ਹਰ ਵਰਗ ਵੱਲੋਂ ਇਸ ਦੀ ਨਿੰਦਿਆ ਹੋਈ ।

ਜਿਸ ਤੰਗ ਗਲੀ ਰਾਹੀਂ 13 ਅਪਰੈਲ, 1919 ਨੂੰ ਅੰਗਰੇਜ਼ ਸਿਪਾਹੀ ਇੱਥੇ ਦਾਖਲ ਹੋਏ ਸਨ ਅਤੇ ਜਿਸ ਨੂੰ 1961 ਵਿੱਚ ਯਾਦ ਵਜੋਂ ਹੂਬਹੂ ਰੱਖ ਲਿਆ ਗਿਆ ਸੀ, ਉਸ ਨੂੰ ਬੇਰਹਿਮੀ ਨਾਲ ਬਦਲ ਦਿੱਤਾ ਗਿਆ। ਹਾਲਾਂਕਿ ਇਸ ਗਲੀ ਦੇ ਦੋਵੇਂ ਪਾਸੇ ਦੀਆਂ ਦੀਵਾਰਾਂ ਬਿਲਕੁਲ ਸਹੀ ਹਾਲਤ ਵਿੱਚ ਸਨ, ਇਨ੍ਹਾਂ ਉੱਤੇ ਤਾਂਬੇ ਰੰਗੇ ਵੱਡੇ ਵੱਡੇ ਮਨੁੱਖੀ ਮੂਰਤੀ ਚਿੱਤਰ ਲਗਾ ਦਿੱਤੇ ਗਏ। ਇਨ੍ਹਾਂ ਚਿੱਤਰਾਂ ਵਿੱਚ ਸਪਾਈਕਸ ਹੇਅਰ ਸਟਾਈਲ (ਉੱਪਰ ਵੱਲ ਉੱਠੇ ਹੋਏ ਸਿਰ ਦੇ ਵਾਲ) ਵਾਲੇ ਛੋਟੇ ਮੁੰਡਿਆਂ ਅਤੇ ਸਿਰ ’ਤੇ ‘ਪਟਕਾ’ ਬੰਨ੍ਹੇ ਪਕਰੌੜ ਸਿੱਖ ਮਰਦਾਂ ਦੇ ਮੂਰਤੀ ਚਿੱਤਰ 19 ਅਪਰੈਲ 1919 ਨੂੰ ਹੋਏ ਕਤਲੇਆਮ ਵਾਲੇ ਬੱਚਿਆਂ ਅਤੇ ਵੱਡੀ ਉਮਰ ਦੇ ਮਰਦਾਂ ਔਰਤਾਂ ਨਾਲ ਮੇਲ ਨਹੀਂ ਖਾਂਦੇ। ਕੁਲ ਮਿਲਾ ਕੇ ਇੱਥੋਂ ਹੀ ਸੈਲਾਨੀਆਂ ਲਈ ਜਸ਼ਨ ਅਤੇ ਸੈਲਫੀ ਖਿੱਚਣ ਦਾ ਮਾਹੌਲ ਤਿਆਰ ਹੋ ਜਾਂਦਾ ਹੈ।

Decoded | Why renovated Jallianwala Bagh Smarak has landed in controversy

ਬਰਤਾਨਵੀ ਸਿਪਾਹੀਆਂ ਵੱਲੋਂ ਨਿਹੱਥੇ ਲੋਕਾਂ ’ਤੇ ਗੋਲੀਆਂ ਚਲਾਉਣ ਵਾਲੇ ਸਥਾਨ ਦੀ ਨਿਸ਼ਾਨਦੇਹੀ ਕਰਦੇ ਸਿਲ ਪੱਥਰ ਨੂੰ ਤੋੜ ਕੇ ਇਤਿਹਾਸ ਨਾਲ ਛੇੜਛਾੜ ਕੀਤੀ ਗਈ। ਆਖਰ ਇਹ ਪੱਥਰ ਵੀ 90 ਸਾਲ ਤੋਂ ਵੱਧ ਪੁਰਾਣਾ ਹੋ ਗਿਆ ਹੈ। ਇਬਾਰਤ ਜ਼ਮੀਨ ’ਤੇ ਲਿਖ ਦਿੱਤੀ ਗਈ ਹੈ। ਅਮਰ ਜੋਤੀ ਨੂੰ ਬੇਲੋੜੀ ਸਮੱਗਰੀ ਸਮਝ ਕੇ ਇਸ ਦੇ ਸਥਾਨ ਤੋਂ ਪਿੱਛੇ ਕਰ ਦਿੱਤਾ ਗਿਆ ਹੈ। ਕਤਲੇਆਮ ਸਬੰਧੀ ਘਟਨਾਵਾਂ ਦੇ ਬਿਰਤਾਂਤ ਬਿਆਨ ਕਰਨ ਲਈ ਹਾਈਟੈਕ ਡਿਜੀਟਲ ਸ਼ੋਆਂ ਨਾਲ ਲੈਸ ਚਾਰ ਗੈਲਰੀਆਂ ਵਿੱਚ ਕੰਧਾਂ ਉੱਤੇ ਯਾਤਰੂਆਂ ਦੇ ਪੜ੍ਹਨ ਲਈ ਘਟਨਾਵਾਂ ਬਿਆਨ ਕਰਦੇ ਕੰਧ ਬੋਰਡ ਲਗਾਏ ਗਏ ਹਨ, ਪਰ ਇਨ੍ਹਾਂ ਵਿੱਚ ਆਪਸੀ ਦੂਰੀ ਘੱਟ ਹੋਣ ਕਰ ਕੇ ਡਿਜੀਟਲ ਸ਼ੋਆਂ ਦੀਆਂ ਆਵਾਜ਼ਾਂ ਆਪਸ ਵਿੱਚ ਰਲਗੱਡ ਹੁੰਦੀਆਂ ਹਨ। ਦੂਜੇ ਪਾਸੇ ਤਾਂ ਕਿ ਭੀੜ ਨਾ ਹੋਵੇ, ਸੁਰੱਖਿਆ ਗਾਰਡ ਯਾਤਰੂਆਂ ਨੂੰ ਚੱਲਦੇ ਰਹਿਣ ਲਈ ਕਹਿੰਦੇ ਰਹਿੰਦੇ ਹਨ।

ਜਿਸ ਕਰ ਕੇ ਅਸਲ ਮਕਸਦ ਪੂਰਾ ਹੋਣ ਦੀ ਥਾਂ ਮੁਨਾਫੇ ਲਈ ਕੀਤੀ ਖਾਨਾਪੂਰਤੀ ਨਜ਼ਰ ਆਉਂਦੀ ਹੈ। ਕੰਧ ਬੋਰਡਾਂ ’ਤੇ ਪੰਜਾਬੀ ਵਿੱਚ ਲਿਖੇ ਬਿਰਤਾਂਤਾਂ ਵਿੱਚ ਭਾਸ਼ਾਈ ਗ਼ਲਤੀਆਂ ਹਨਃ ਇੱਕ ਬਿਰਤਾਂਤ ਵਿੱਚ ‘ਕੋੜਿਆਂ ਵਾਲੀ ਗਲੀ ਨੂੰ ਕੌਡੀਆਂ ਵਾਲੀ ਗਲੀ ਲਿਖਿਆ ਗਿਆ ਹੈ। ਲਿਬਰਟੀ ਲਾਟ ’ਤੇ ਫੁੱਲ ਚੜ੍ਹਾਉਂਦੇ ਸਮੇਂ ਜੁੱਤੀ ਉਤਾਰਨ ਦੀ ਹਦਾਇਤ ਵਾਲੀ ਇੱਕ ਤਖ਼ਤੀ ਲਗਾਈ ਗਈ ਹੈ, ਪਰ ਇਸ ਤਖ਼ਤੀ ਉੱਤੇ ਜੋੜੇ ਲਾਹ ਕੇ (ਜੁੱਤੀ ਉਤਾਰ ਕੇ) ਲਿਖਣ ਦੀ ਬਜਾਏ ਜੋੜੇ ਲਾ ਕੇ (ਜੁੱਤੀ ਪਾ ਕੇ) ਲਿਖਿਆ ਗਿਆ ਹੈ। ਜਿਸ ਤੋਂ ਗੈਰ ਸੰਜੀਦਾ ਪਹੁੰਚ ਸਪੱਸ਼ਟ ਹੁੰਦੀ ਹੈ। ਲਿਬਰਟੀ ਲਾਟ ਦੇ ਸਾਹਮਣੇ ਕਮਲ ਵਾਲਾ ਇੱਕ ਤਲਾਬ ਬਣਾ ਦਿੱਤਾ ਗਿਆ ਹੈ। ਅਜਾਇਬ ਘਰ ਦਾ ਨਾਂ ਵੀ ਗੈਲਰੀ ਕਰ ਦਿੱਤਾ ਗਿਆ ਹੈ ਅਤੇ ਸ਼ਹੀਦਾਂ ਦੀਆਂ ਤਸਵੀਰਾਂ ਹਟਾ ਦਿੱਤੀਆਂ ਗਈਆਂ ਹਨ।

ਸ਼ਹੀਦੀ ਖੂਹ ਦੇ ਉੱਪਰਲੇ ਢਾਂਚੇ ਨੂੰ ਨਾਨਕਸ਼ਾਹੀ ਇੱਟਾਂ ਨਾਲ ਢੱਕ ਕੇ ਆਧੁਨਿਕ ਢਾਂਚੇ ਨੂੰ ਮੱਧਕਾਲੀ ਢਾਂਚਾ ਦਿਖਾ ਦਿੱਤਾ ਗਿਆ ਹੈ। ਇਸ ਉੱਤੇ ਲੱਗਾ ਸ਼ਹੀਦੀ ਖੂਹ ਵਾਲਾ ਬੋਰਡ ਹਟਾ ਦਿੱਤਾ ਗਿਆ ਹੈ। ਲਿਬਰਟੀ ਫਲੇਮ ਵੱਲ ਜਾਂਦੇ ਰਸਤੇ ’ਤੇ ਲੱਗੀ ਧਾਤ ਦੀ ਰੇਲਿੰਗ ਉਤਾਰ ਕੇ ਇੱਥੇ ਅਤੇ ਦੂਜੇ ਰਸਤਿਆਂ ਦੇ ਦੋਵੇਂ ਪਾਸੇ ਲੱਕੜ ਦੀ ਰੇਲਿੰਗ ਲਗਾ ਦਿੱਤੀ ਗਈ ਹੈ ਜੋ ਕਿ ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਟੁੱਟ ਗਈ ਹੈ। ਧਾਤ ਦੀ ਰੇਲਿੰਗ ਸ਼ਾਇਦ ਨੀਲਾਮ ਕਰ ਦਿੱਤੀ ਗਈ ਹੋਵੇ ਜਿਸ ਨੂੰ ਕਿਸੇ ਸਮੇਂ ਪੁਰਾਤਨ ਅਤੇ ਵਿਰਾਸਤੀ ਵਸਤੂ ਦੇ ਤੌਰ ’ਤੇ ਕਈ ਗੁਣਾ ਵੱਡੀ ਕੀਮਤ ’ਤੇ ਵੇਚਿਆ ਜਾ ਸਕਦਾ ਹੈ। ਕੰਮ ਅਤੇ ਮੁਨਾਫਾ ਵਧਾਉਣ ਦੇ ਉਦੇਸ਼ ਨਾਲ ਬੇਲੋੜੀ ਅਖੌਤੀ ਲੈਂਡਸਕੇਪਿੰਗ ਅਧੀਨ ਪੱਧਰੀ ਜ਼ਮੀਨ ਉੱਪਰ ਭਰਤ ਪਾ ਕੇ ਟਿੱਲਾ ਬਣਾਇਆ ਗਿਆ ਹੈ।

ਇਸ ਨਾਲ ਸ਼ਹੀਦੀ ਸਥਾਨ ਸ਼ਰਧਾ ਨਾਲੋਂ ਮਨੋਰੰਜਨ ਵੱਲ ਜ਼ਿਆਦਾ ਪ੍ਰੇਰਦਾ ਹੈ। ਬੱਚੇ ਟਿੱਲੇ ’ਤੇ ਚੜ੍ਹਨ ਉਤਰਨ ਅਤੇ ਮਾਪੇ ਆਪਣੀਆਂ ਤਸਵੀਰਾਂ ਖਿੱਚਣ ਦਾ ਮਜ਼ਾ ਲੈਂਦੇ ਹਨ। ਖੂਨ-ਭਰੀ ਸ਼ਹਾਦਤ ਵਾਲੀ ਜਗ੍ਹਾ ਨੂੰ ਅਧਿਆਤਮਿਕ ਰੰਗ ਦਿੰਦਾ ‘ਮੁਕਤੀ’ ਕੇਂਦਰ ਨਾਮ ਦਾ ਇੱਕ ਥੜ੍ਹਾ ਬਣਾਇਆ ਗਿਆ ਹੈ, ਪਰ ਇਹ ‘ਮੁਕਤੀ’ ਕੇਂਦਰ ਸੈਲਾਨੀਆਂ ਲਈ ਸਿਰਫ਼ ਸੈਲਫੀ ਅਤੇ ਆਰਾਮ ਕਰਨ ਦੇ ਕੰਮ ਆਉਂਦਾ ਹੈ।

ਇਸ ਤਰ੍ਹਾਂ ਫੇਸ ਲਿਫਟਿੰਗ ਦੇ ਨਾਂ ’ਤੇ ‘ਸ਼ਹੀਦਾਂ ਦੀ ਯਾਦਗਾਰ’ ਜੱਲ੍ਹਿਆਂਵਾਲਾ ਬਾਗ਼ ਨੂੰ ‘ਸੈਰ-ਸਪਾਟਾ ਸਥਾਨ’ ਵਜੋਂ ਵਿਕਸਿਤ ਕਰਨ ਦੀ ਗ਼ਲਤ ਧਾਰਨਾ ਅਧੀਨ ਬੇਲੋੜੇ ਕੰਮਾਂ ’ਤੇ ਪੈਸੇ ਦੀ ਦੁਰਵਰਤੋਂ ਨਾਲ ਇਸ ਦਾ ਚਿਹਰਾ ਵਿਗਾੜ ਦਿੱਤਾ ਗਿਆ ਹੈ, ਜਿਸ ਨਾਲ ਇਸ ਸਬੰਧੀ ਬਹੁਤ ਵਿਵਾਦ ਅਤੇ ਆਲੋਚਨਾ ਹੋਈ ਹੈ।

ਚੀਜ਼ਾਂ ਨੂੰ ਠੀਕ ਕਰਨ ਲਈ ਅਤੇ ਭਵਿੱਖ ਦੀ ਕਾਰਵਾਈ ਲਈ ਇਤਿਹਾਸ ਨੂੰ ਜਾਣਨ ਅਤੇ ਸਮਝਣ ਵਾਲੇ ਭਾਸ਼ਾ, ਲੈਂਡਸਕੇਪਿੰਗ ਅਤੇ ਆਰਕੀਟੈਕਚਰ ਦੇ ਮਾਹਿਰਾਂ ਦੀ ਇੱਕ ਕਮੇਟੀ ਬਣਾਈ ਜਾਵੇ। ਪ੍ਰਾਜੈਕਟ ਲਾਗੂ ਕਰਨ ਵਾਲੀ ਏਜੰਸੀ ਨੂੰ ਬਲੈਕਲਿਸਟ ਕਰ ਕੇ ਉਸ ਤੋਂ ਜੁਰਮਾਨੇ ਸਮੇਤ ਪ੍ਰਾਜੈਕਟ ਦੀ ਪੂਰੀ ਰਕਮ ਵਸੂਲ ਕੀਤੀ ਜਾਵੇ। ਇਸ ਰਕਮ ਨਾਲ ਭਵਿੱਖ ਵਿੱਚ ਜੱਲ੍ਹਿਆਂਵਾਲਾ ਬਾਗ਼ ਸ਼ਹੀਦੀ ਸਮਾਰਕ ਦੇ ਰੱਖ-ਰਖਾਅ ਅਤੇ ਦੇਖ ਭਾਲ ਲਈ ਇੱਕ ਕਾਰਪਸ ਫੰਡ ਬਣਾਇਆ ਜਾਵੇ।

ਟਰੱਸਟ ਦੇ ਨਾਮਜ਼ਦ ਕੀਤੇ ਜਾਣ ਵਾਲੇ ਤਿੰਨ ਮੈਂਬਰ ਸਰਗਰਮ ਰਾਜਨੀਤਕ ਨੇਤਾ ਨਾ ਹੋ ਕੇ ਜਾਣੇ-ਪਛਾਣੇ ਇਤਿਹਾਸਕਾਰ, ਇਤਿਹਾਸਕ ਸੱਭਿਆਚਾਰਕ ਸਥਾਨਾਂ ਦੀ ਸੰਭਾਲ ਦੇ ਮਾਹਿਰ, ਸਮਾਜਿਕ ਕਾਰਕੁਨ, ਸੁਤੰਤਰਤਾ ਸੈਨਾਨੀ ਪਰਿਵਾਰਾਂ ਦੇ ਮੈਂਬਰ ਅਤੇ ਕਲਾਕਾਰ ਹੋਣੇ ਚਾਹੀਦੇ ਹਨ। ਇੱਕ ਵਾਰ ਨਾਮਜ਼ਦ ਹੋਣ ਤੋਂ ਬਾਅਦ, ਉਨ੍ਹਾਂ ਨੂੰ ਆਪਣਾ ਕਾਰਜਕਾਲ ਪੂਰਾ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ।

ਸੁਖਦੇਵ ਸਿੰਘ 

ਮੈਂਬਰ ਗਵਰਨਿੰਗ ਕੌ਼ਸਲ, ਇਨਟੈੱਕ

ਸੰਪਰਕ: +91-946-422-5655

ਨੋਟ: ਜੇਕਰ ਤੁਹਾਡੇ ਕੋਲ ਕੋਈ ਵੱਡੀ ਖ਼ਬਰ ਹੈ, ਤਾਂ ਤੁਸੀਂ ਉਸ ਨੂੰ ਸਮੇਤ ਸਬੂਤ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਸਾਡੇ ਪੁਰਾਣੇ ਕੰਮਾਂ ਦੇ ਇਤਿਹਾਸ ਨੂੰ ਦੇਖਦੇ ਹੋਏ ਤੁਸੀਂ ਸਹਿਜੇ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਖ਼ਬਰ ਸਹੀ ਹੋਣ ਦੀ ਸੂਰਤ ਵਿੱਚ ਜ਼ਰੂਰ ਲੱਗੇਗੀ, ਚਾਹੇ ਕਿਸੇ ਦੇ ਵੀ ਖ਼ਿਲਾਫ਼ ਹੋਵੇ। ਡਰਨਾ ਨਹੀਂ ਹੈ,ਅਸੀਂ ਪੰਜਾਬ ਨੂੰ ਬਣਾਉਣਾ ਹੈ। ਪੰਜਾਬ ਨਾਮਾ ਦੇ ਨਾਲ ਖਲੋਣਾ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ Google Store ‘ਤੇ ਸਾਡੇ  ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Punjab Nama ਦੇ YouTube ਚੈਨਲ ਨੂੰ Subscribe ਕਰ ਲਵੋ। Punjab Nama ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ ਫੋਲੋ ਕਰ ਸਕਦੇ ਹੋ।

ਨੋਟ:: ਪੰਜਾਬ ਨਾਮਾ ਵਟਸਐਪ ਪਾਠਕ ਸਮੂਹ ਦਾ ਹਿੱਸਾ ਬਣਨ ਲਈ ਇਸ ਲਿੰਕ ਨੂੰ ਦੱਬੋ ਤੇ ਇਸ ਸਮੂਹ ਦਾ ਹਿੱਸਾ ਬਣੋ। ਵੱਡੀਆਂ ਖ਼ਬਰਾਂ ਦੇ ਲਿੰਕ ਅਤੇ ਹਫ਼ਤਾਵਾਰੀ ਅੰਕ ਦੇ ਲਿੰਕ ਇਸੇ ਸਮੂਹ ਵਿੱਚ ਸਾਂਝਾ ਕੀਤਾ ਜਾਇਆ ਕਰੇਗਾ। ਤੁਸੀਂ ਆਪ ਵੀ ਇਸ ਦਾ ਹਿੱਸਾ ਬਣੋ ਅਤੇ ਆਪਣੇ ਸੁਹਿਰਦ ਜਾਣਕਾਰਾਂ ਨੂੰ ਵੀ ਇਸ ਦਾ ਹਿੱਸਾ ਬਣਨ ਦਾ ਸੁਝਾਅ ਦਿਓ। ਧੰਨਵਾਦ ਗੁਰਮਿੰਦਰ ਸਮਦ
Follow this link to join my WhatsApp group: https://chat.whatsapp.com/BSnEygMSz1l9czBfrEchJv

Google search engine
Previous articleਪੰਜਾਬ ਯੂਨੀਵਰਸਿਟੀ: ਬਰਖ਼ਾਸਤ ਮੁਲਾਜ਼ਮਾਂ ਦੇ ਹੱਕ ਵਿੱਚ ਡਟੇ ਵਿਦਿਆਰਥੀ
Next articleਬਹੁਤ ਗਹਿਰੀ ਸਾਜ਼ਸ਼ ਦਾ ਨਤੀਜਾ, ਦੇਸ਼ ਦੀ 77% ਲਾਚਾਰਾਂ ਦੀ ਅਬਾਦੀ
ਗੁਰਮਿੰਦਰ ਸਿੰਘ ਸਮਦ, ਪਿਛਲੇ ਕਰੀਬ 25 ਸਾਲਾਂ ਤੋਂ ਭਾਰਤੀ ਪੱਤਰਕਾਰੀ ਵਿੱਚ ਵੱਖੋ ਵੱਖ ਫਾਰਮੈਟ ਨਾਲ ਸਚਾਈ ਦਾ ਪਤਾ ਲਾਉਣ ਦੀ ਕੋ‌ਸ਼ਿਸ਼ ਕਰਦੇ ਕਰਦੇ ਗੁਆਚ ਗਏ ਸਨ। ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਪੱਤਰਕਾਰੀ ਦੇ ਮਿਆਰ ਨੂੰ ਹੋਰ ਸੁਧਾਰਨ ਦੀ ਜਾਚ ਸਿੱਖ ਰਹੇ ਹਨ। ਪੰਜਾਬ ਨੂੰ ਦਰਪੇਸ਼ ਪਰਦੇ ਦੇ ਪਿੱਛੇ ਦੀਆਂ ਅਲਾਮਤਾਂ ਨੂੰ ਬੇਪਰਦਾ ਕਰਨ ਦੀ ਬਹੁਤ ਔਖੀ ਕਸ਼ਮਕਸ਼ ਵਿੱਚ ਰੱਸੇ ਨੂੰ ਲੱਭ ਰਹੇ ਹਨ। ਰੋਜ਼ਾਨਾ ਸਪੋਕਸਮੈਨ ਅਖ਼ਬਾਰ ਦੇ ਮੁੱਖ ਸੰਪਾਦਕ ਅਤੇ ETV ਭਾਰਤ, PUNJAB TODAY ਅਤੇ NRI TV ਦੇ ਸੰਪਾਦਕ ਦੇ ਤੌਰ 'ਤੇ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ, ਪਰ ਪੀਲੀ ਪੱਤਰਕਾਰੀ ਨੂੰ ਠੱਲ੍ਹ ਪਾਉਣ ਵਿੱਚ ਬੁਰੀ ਤਰਾਂ ਅਸਫਲ ਰਹੇ 'ਤੇ ਨੌਕਰੀ ਤੋਂ ਕਈ ਵਾਰ ਹੱਥ ਵੀ ਧੋ ਚੁੱਕੇ ਹਨ। ਸਾਫ਼ ਹੱਥਾਂ ਨਾਲ ਅਜੋਕੀ ਪੱਤਰਕਾਰੀ ਸਿੱਖ ਰਹੇ ਇਸ ਬੰਦੇ ਨੂੰ, ਤੁਸੀਂ ਹੇਠਲੇ ਲਿੰਕ 'ਤੇ ਵੀ ਲੱਭ ਸਕਦੇ ਹੋ।