ਗੀਤਕਾਰ ਤੇ ਗਾਇਕ ਗੁਰਵਿੰਦਰ ਬਰਾੜ ਨਾਲ ਕਰਵਾਇਆ ਰੂ-ਬ-ਰੂ ਸਮਾਗਮ

 

ਅਸ਼ੋਕ ਵਰਮਾ

 

ਬਠਿੰਡਾ,4 ਮਈ2022:ਭਾਸ਼ਾ ਵਿਭਾਗ ਵੱਲੋਂ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਦੇ ਖਚਾ-ਖਚ ਭਰੇ ਆਡੀਟੋਰੀਅਮ ਵਿੱਚ ਗੀਤਕਾਰ ਅਤੇ ਲੋਕ ਗਾਇਕ ਗੁਰਵਿੰਦਰ ਬਰਾੜ ਨਾਲ ਰੂ-ਬ-ਰੂ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪੰਜਾਬੀ ਦੇ ਸਿਰਮੌਰ ਗੀਤਕਾਰ ਜਨਕ ਸ਼ਰਮੀਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਿਲ੍ਹਾ ਭਾਸ਼ਾ ਅਫਸਰ ਕੀਰਤੀ ਕਿਰਪਾਲ ਨੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਭਾਸ਼ਾ ਵਿਭਾਗ ਸਾਹਿਤਕ ਗੀਤਕਾਰੀ ਅਤੇ ਸੱਭਿਆਚਾਰਕ ਗਾਇਕੀ ਨੂੰ ਬਣਦਾ ਮਾਣ-ਸਨਮਾਨ ਦੇਣ ਲਈ ਭਵਿੱਖ ਵਿੱਚ ਵੀ ਐਸੇ ਪ੍ਰੋਗਰਾਮ ਉਲੀਕੇਗਾ।

 

ਉਨ੍ਹਾਂ ਸਮਾਗਮ ਦੇ ਪ੍ਰਬੰਧ ਵਿੱਚ ਸਹਿਯੋਗ ਦੇਣ ਲਈ ਕਾਲਜ ਦੇ ਪਿ੍ਰੰਸੀਪਲ ਅਤੇ ਸਟਾਫ ਦਾ ਧੰਨਵਾਦ ਕੀਤਾ। ਰੂ-ਬ-ਰੂ ਸਮਾਗਮ ਦੌਰਾਨ ਕੀਰਤੀ ਕਿਰਪਾਲ ਨੇ ਮੇਜਬਾਨ ਦੇ ਤੌਰ ‘ਤੇ ਗੁਰਵਿੰਦਰ ਬਰਾੜ ਨੂੰ ਉਨ੍ਹਾਂ ਦੇ ਜੀਵਨ-ਸੰਘਰਸ, ਪ੍ਰਾਪਤੀਆਂ ਅਤੇ ਅਜੋਕੀ ਗੀਤਕਾਰੀ- ਗਾਇਕੀ ਬਾਬਤ ਕਈ ਤਰ੍ਹਾਂ ਦੇ ਸੁਆਲ ਕੀਤੇ, ਜਿੰਨ੍ਹਾਂ ਦੇ ਜੁਆਬ ਗੁਰਵਿੰਦਰ ਬਰਾੜ ਨੇ ਬੜੇ ਵਿਸਥਾਰ ਅਤੇ ਖੂਬਸੂਰਤੀ ਨਾਲ ਦਿੱਤੇ। ਕਾਲਜ ਦੇ ਵਿਦਿਆਰਥੀਆਂ ਨੇ ਪੁੱਛੇ ਸੁਆਲਾਂ ਦੇ ਰੌਚਕ ਜੁਆਬ ਦਿੰਦਿਆਂ ਉਨ੍ਹਾਂ ਵਿਦਿਆਰਥੀਆਂ ਵੱਲੋਂ ਕੀਤੀਆਂ ਗੀਤਾਂ ਦੀਆਂ ਫਰਮਾਇਸ਼ਾਂ ਵੀ ਪੂਰੀਆਂ ਕੀਤੀਆਂ।

 

ਸਮਾਗਮ ਦੌਰਾਨ ਆਡੀਟੋਰੀਅਮ ਲਗਾਤਾਰ ਤਾੜੀਆਂ ਨਾਲ ਗੂੰਜਦਾ ਰਿਹਾ। ਮੁੱਖ ਮਹਿਮਾਨ ਜਨਕ ਸ਼ਰਮੀਲਾ ਨੇ ਵੀ ਭਾਸ਼ਾ ਵਿਭਾਗ ਦੇ ਇਸ ਨਿਵੇਕਲੇ ਉਪਰਾਲੇ ਦੀ ਸਲਾਘਾ ਕੀਤੀ ਅਤੇ ਕਿਹਾ ਕਿ ਅੱਜ ਇਸ ਸਮਾਗਮ ਵਿੱਚ ਆ ਕੇ ਉਨ੍ਹਾਂ ਦੀ ਰੂਹ ਖੁਸ਼ ਹੋ ਗਈ ਹੈ। ਮੰਚ ਦਾ ਸੰਚਾਲਨ ਖੋਜ ਅਫਸਰ ਨਵਪ੍ਰੀਤ ਸਿੰਘ ਨੇ ਕੀਤਾ। ਸਮਾਗਮ ਵਿੱਚ ਕਹਾਣੀਕਾਰ ਅਤਰਜੀਤ, ਨਾਮਵਰ ਗੀਤਕਾਰ ਮਨਪ੍ਰੀਤ ਟਿਵਾਣਾ ਅਤੇ ਸਰਕਾਰੀ ਰਜਿੰਦਰਾ ਕਾਲਜ ਤੇ ਭਾਸ਼ਾ ਵਿਭਾਗ ਦਾ ਸਮੂਹ ਸਟਾਫ ਹਾਜ਼ਰ ਰਿਹਾ।