Prophet row: Asaduddin Owaisi, Nupur Sharma booked for spreading hateful messages 

ਨਵੀਂ ਦਿੱਲੀ (9 ਜੂਨ) ਏਆਈਐਮਆਈਐਮ ਦੇ ਮੁਖੀ ਅਸਦ ਉਦ ਦੀਨ ਓਵੈਸੀ ਨੂੰ ਕਥਿਤ ਭੜਕਾਊ ਟਿੱਪਣੀ ਕਰਨੀ ਮਹਿੰਗੀ ਪਈ ਹੈ। ਓਵੈਸੀ ਦੀ ਇਸ ਟਿੱਪਣੀ ਨੂੰ ਲੈ ਕੇ ਦਿੱਲੀ ਪੁਲਿਸ ਦੀ IFSO ਟੀਮ ਨੇ ਉਨ੍ਹਾਂ ਦੇ ਖਿਲਾਫ ਐੱਫ.ਆਈ.ਆਰ ਦਰਜ ਹੋ ਗਈ ਹੈ। ਇਸ ਐਫਆਈਆਰ ਵਿੱਚ ਸਵਾਮੀ ਯਤੀ ਨਰ ਸਿਮਹਾ ਨੰਦ ਦਾ ਨਾਂ ਵੀ ਹੈ।

ਨੂਪੁਰ ਸ਼ਰਮਾ ਤੇ ਨਵੀਨ ਜਿੰਦਲ ਖਿਲਾਫ ਵੀ ਕੇਸ

ਦੱਸ ਦਈਏ ਕਿ ਪੈਗੰਬਰ ਮੁਹੰਮਦ ਦੇ ਖਿਲਾਫ ਵਿਵਾਦਿਤ ਟਿੱਪਣੀ ਨੂੰ ਲੈ ਕੇ ਦਿੱਲੀ ਪੁਲਿਸ ਨੇ ਅੱਜ ਸਾਬਕਾ ਭਾਜਪਾ ਨੇਤਾਵਾਂ ਨੂਪੁਰ ਸ਼ਰਮਾ ਅਤੇ ਨਵੀਨ ਜਿੰਦਲ ਖਿਲਾਫ ਵੀ ਕਾਰਵਾਈ ਕੀਤੀ ਹੈ। ਪੁਲਿਸ ਨੇ ਅੱਜ ਇੱਕ ਵਿਸ਼ੇਸ਼ ਭਾਈਚਾਰੇ ਖ਼ਿਲਾਫ਼ ਭੜਕਾਊ ਬਿਆਨ ਦੇਣ ਦੇ ਦੋਸ਼ ਵਿੱਚ ਕਈ ਲੋਕਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਬੁੱਧਵਾਰ ਨੂੰ ਦਰਜ ਕੀਤੀ ਗਈ ਐਫਆਈਆਰ ਵਿੱਚ ਕਿਹਾ ਗਿਆ ਹੈ ਕਿ ਨਫ਼ਰਤੀ ਸੰਦੇਸ਼ ਨੇ ਸਮੂਹਾਂ ਨੂੰ ਭੜਕਾਉਣ ਅਤੇ ਨੁਕਸਾਨਦੇਹ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।
9 ਲੋਕਾਂ ਖਿਲਾਫ ਪਹਿਲਾਂ ਹੀ ਐਫਆਈਆਰ ਦਰਜ ਹੈ

ਦਿੱਲੀ ਪੁਲਿਸ ਹੁਣ ਸੋਸ਼ਲ ਮੀਡੀਆ ‘ਤੇ ਝੂਠ ਫੈਲਾਉਣ ਅਤੇ ਭੜਕਾਊ ਬਿਆਨ ਦੇਣ ਲਈ ਸਖ਼ਤੀ ਨਾਲ ਕਾਰਵਾਈ ਕਰ ਰਹੀ ਹੈ। ਇਸ ਤਹਿਤ ਦਰਜ ਐਫਆਈਆਰ ਵਿੱਚ ਨੂਪੁਰ ਸ਼ਰਮਾ, ਨਵੀਨ ਕੁਮਾਰ ਜਿੰਦਲ, ਮੌਲਾਨਾ ਮੁਫਤੀ ਨਦੀਮ, ਅਬਦੁਰ ਰਹਿਮਾਨ, ਸ਼ਾਦਾਬ ਚੌਹਾਨ, ਸਬਾ ਨਕਵੀ, ਗੁਲਜ਼ਾਰ ਅੰਸਾਰੀ, ਅਨਿਲ ਕੁਮਾਰ ਮੀਨਾ ਅਤੇ ਪੂਜਾ ਸ਼ਕੁਨ ਦੇ ਨਾਂ ਸ਼ਾਮਲ ਹਨ।
ਸੋਸ਼ਲ ਮੀਡੀਆ ਸੰਗਠਨਾਂ ਖਿਲਾਫ ਮਾਮਲਾ ਦਰਜ

ਭਾਜਪਾ ਨੇਤਾ ਨੂਪੁਰ ਸ਼ਰਮਾ ਤੋਂ ਇਲਾਵਾ ਪੁਲਿਸ ਨੇ ਪੈਗੰਬਰ ਮੁਹੰਮਦ ਖਿਲਾਫ ਕਥਿਤ ਤੌਰ ‘ਤੇ ਵਿਵਾਦਿਤ ਟਿੱਪਣੀਆਂ ਕਰਨ ਦੇ ਦੋਸ਼ ‘ਚ ਕਈ ਵਿਅਕਤੀਆਂ ਖਿਲਾਫ ਕਾਰਵਾਈ ਕੀਤੀ ਹੈ। ਇਸ ਕੜੀ ‘ਚ ਕਈ ਸੋਸ਼ਲ ਮੀਡੀਆ ਸੰਗਠਨਾਂ ਖਿਲਾਫ ਵੀ ਐੱਫ.ਆਈ.ਆਰ ਹੋਈ।

ਇਹ ਦੋਵੇਂ ਆਗੂ ਭਾਜਪਾ ਤੋਂ ਮੁਅੱਤਲ ਕੀਤੇ ਗਏ ਹਨ

ਦੱਸ ਦੇਈਏ ਕਿ ਨੂਪੁਰ ਸ਼ਰਮਾ ਅਤੇ ਸਾਬਕਾ ਭਾਜਪਾ ਨੇਤਾ ਨਵੀਨ ਜਿੰਦਲ ਦੀ ਕਥਿਤ ਭੜਕਾਊ ਟਿੱਪਣੀ ਤੋਂ ਬਾਅਦ ਕਈ ਖਾੜੀ ਦੇਸ਼ਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਸੀ। ਜਿਸ ਤੋਂ ਬਾਅਦ ਭਾਜਪਾ ਨੇ ਦੋਵਾਂ ਆਗੂਆਂ ਨੂੰ ਮੁਅੱਤਲ ਕਰ ਦਿੱਤਾ। ਹਾਲਾਂਕਿ, ਭਾਜਪਾ ਨੇ ਕਿਹਾ ਕਿ ਉਹ ਸਾਰੇ ਧਰਮਾਂ ਦਾ ਸਨਮਾਨ ਕਰਦੀ ਹੈ ਅਤੇ ਇਸੇ ਲਈ ਉਸ ਨੇ ਸੰਪਰਦਾ ਜਾਂ ਧਰਮ ਦਾ ਅਪਮਾਨ ਕਰਨ ਲਈ ਇਨ੍ਹਾਂ ਨੇਤਾਵਾਂ ਵਿਰੁੱਧ ਕਾਰਵਾਈ ਕੀਤੀ ਹੈ।

ਤੁਹਾਨੂੰ ਦੱਸ ਦੇਈਏ ਕਿ ਨੂਪੁਰ ਸ਼ਰਮਾ ਦੀ ਟਿੱਪਣੀ ‘ਤੇ ਵਿਵਾਦ ਉਦੋਂ ਸ਼ੁਰੂ ਹੋਇਆ ਸੀ ਜਦੋਂ ਇਕ ਵਾਇਰਲ ਵੀਡੀਓ ‘ਚ ਦਾਅਵਾ ਕੀਤਾ ਗਿਆ ਸੀ ਕਿ ਨੂਪੁਰ ਨੇ ਇਕ TIMES NOW ਟੀਵੀ ਸ਼ੋਅ ‘ਚ ਗਿਆਨਵਾਪੀ ਮਸਜਿਦ ‘ਤੇ ਬਹਿਸ ਦੌਰਾਨ ਪੈਗੰਬਰ ਮੁਹੰਮਦ ‘ਤੇ ਵਿਵਾਦਿਤ ਟਿੱਪਣੀ ਕੀਤੀ ਸੀ। ਇਸ ਤੋਂ ਬਾਅਦ ਨੂਪੁਰ ਨੂੰ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ।