ਪਟਿਆਲਾ ਜੋਨ ਦੀ ਰੈਲੀ ਮੁੱਖ ਮੰਤਰੀ ਦੇ ਹਲਕੇ ਧੂਰੀ ਵਿਖੇ 16 ਨਵੰਬਰ ਕੀਤੀ ਜਾਵੇਗੀ
ਸੰਗਰੂਰ 15 ਨਵੰਬਰ (ਸੁਖਵਿੰਦਰ ਸਿੰਘ ਬਾਵਾ)
ਪੰਜਾਬ ਸਟੇਟ ਪੈਨਸ਼ਨਰਜ਼ ਕੰਨਫੈਡਰੇਸ਼ਨ ਵੱਲੋਂ ਪੰਜਾਬ ਸਰਕਾਰ ਦੀ ਪੈਨਸ਼ਨਰ ਮਾਰੂ ਨੀਤੀ ਵਿਰੁੱਧ ਵਿਸ਼ਾਲ ਜੋਨਲ ਰੈਲੀਆਂ 16 ਨਵੰਬਰ ਨੂੰ ਕੀਤੀਆਂ ਜਾਣਗੀਆਂ ਅਤੇ ਡਿਪਟੀ ਕਮਿਸ਼ਨਰਾਂ ਰਾਹੀਂ ਮੰਗ ਪੱਤਰ ਸੌਂਪੇ ਜਾਣਗੇ। Zonal rallies on November 16.
ਕੰਨਫੈਡਰੇਸ਼ਨ ਦੇ ਸੁਬਾਈ ਮੁੱਖ ਬੁਲਾਰੇ ਸ੍ਰੀ ਰਾਜ ਕੁਮਾਰ ਅਰੋੜਾ ਨੇ ਅੱਜ ਇੱਥੇ ਦੱਸਿਆ ਕਿ ਸਰਕਾਰ ਦੀ ਪੈਨਸ਼ਨਰ ਮਾਰੂ ਨੀਤੀ ਵਿਰੁੱਧ ਅਤੇ ਬਜੁਰਗ ਪੈਨਸ਼ਨਰਾਂ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਗੋਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਵੱਲੋਂ 16 ਨਵੰਬਰ ਨੂੰ ਲੁਧਿਆਣਾ, ਬਠਿੰਡਾ, ਜਲੰਧਰ, ਫਿਰੋਜਪੁਰ ਅਤੇ ਪਟਿਆਲਾ ਜੋਨ ਦੀ ਰੈਲੀ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੇ ਹਲਕੇ ਧੂਰੀ(ਜਿਲ੍ਹਾ ਸੰਗਰੂਰ) ਵਿਖੇ ਰੈਲੀਆਂ ਕੀਤੀਆਂ ਜਾਣਗੀਆਂ । ਇਨ੍ਹਾਂ ਰੈਲੀਆਂ ਦੀ ਅਗਵਾਈ ਸਾਂਝੇ ਫਰੰਟ ਅਤੇ ਜਿਲ੍ਹਾ ਪੱਧਰ ਕੰਨਵੀਨਰਾਂ ਵੱਲੋਂ ਕੀਤੀ ਜਾਵੇਗੀ। ਜੇਕਰ ਫਿਰ ਵੀ ਪੈਨਸ਼ਨਰਾਂ ਦੀਆਂ ਜਾਇਜ ਅਤੇ ਹੱਕ ਮੰਗਾਂ ਨਾ ਮੰਨਿਆ ਗਈਆਂ ਤਾਂ 29 ਨਵੰਬਰ ਨੂੰ ਮੋਹਾਲੀ ਵਿਖੇ ਸੂਬਾ ਪੱਧਰ ਦੀ ਵਿਸ਼ਾਲ ਹੱਲਾ ਬੋਲ ਰੈਲੀ ਕੀਤੀ ਜਾਵੇਗੀ।
ਪੈਨਸ਼ਨਰ ਆਗੂ ਸ੍ਰੀ ਅਰੋੜਾ ਨੇ ਮੰਗਾਂ ਦਾ ਜਿਕਰ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਅਨੁਸਾਰ ਪੈਨਸ਼ਨਰਾਂ ਦੀ ਪੈਨਸ਼ਨ ਵਿੱਚ ਸਨਮਾਨਜਨਕ ਵਾਧਾ ਨਾ ਕਰਨਾ ਗੈਰ ਸੰਵਿਧਾਨਿਕ ਹੈ। ਉਨ੍ਹਾਂ ਕਿਹਾ ਕਿ ਪੇਅ ਕਮਿਸ਼ਨ ਦੀ ਸਿਫ਼ਾਰਿਸ ਅਨੁਸਾਰ ਪੈਨਸ਼ਨਰਾਂ ਦੀ ਪੈਨਸ਼ਨ ਵਿੱਚ 2.59 ਦੇ ਗੁਣਾਂਕ ਨਾਲ ਨੋਸ਼ਨਲ ਅਧਾਰ ਤੇ ਬਣੀ ਪੇਅ ਦਾ 50 ਪ੍ਰਤੀਸ਼ਤ ਪੈਨਸ਼ਨ ਦਾ ਟੇਬਲ ਜਾਰੀ ਕੀਤਾ ਜਾਵੇ। ਜਨਵਰੀ 2016 ਤੋਂ 30 ਜੂਨ 2021 ਤੱਕ ਬਣਦਾ ਪੇਅ ਕਮਿਸ਼ਨ ਦਾ ਬਕਾਇਆ ਪੈਨਸ਼ਨਰਾਂ ਨੂੰ ਯੱਕ-ਮੁਸ਼ਤ ਜਾਰੀ ਕੀਤਾ ਜਾਵੇ। ਮਹਿੰਗਾਈ ਭੱਤੇ ਦੀਆਂ ਕਿਸਤਾਂ ਦੇ ਬਕਾਏ ਅਤੇ ਰਹਿੰਦੀਆਂ ਕਿਸ਼ਤਾਂ ਤੁਰੰਤ ਦਿੱਤੀਆਂ ਜਾਣ। ਪੈਨਸ਼ਨਰਾਂ ਦੇ ਇਲਾਜ ਲਈ ਮੈਡੀਕਲ ਸਹੂਲਤ ਵਾਸਤੇ ਕੈਸ਼ਲੈਸ ਹੈਲਥ ਪ੍ਰਣਾਲੀ ਲਾਗੂ ਕੀਤੀ ਜਾਵੇ। 01-01-2016 ਤੋਂ ਬਾਅਦ ਸੇਵਾ ਨਵਿਰਤ ਪੈਨਸ਼ਨਰਾਂ ਨੂੰ ਸੋਧੀ ਲਿਵ ਇਨ ਕੈਸ਼ਮੈਂਟ ਅਤੇ ਗਰੈਚਿਊਟੀ ਦੀ ਅਦਾਇਗੀ ਤੁਰੰਤ ਕੀਤੀ ਜਾਵੇ। ਸ੍ਰੀ ਅਰੋੜਾ ਨੇ ਪੰਜਾਬ ਦੇ ਸਮੂਹ ਪੈਨਸ਼ਨਰਾਂ ਨੂੰ ਜੋਨਲ ਰੈਲੀਆਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ।