ਅੱਜ ਮਨੁੱਖ ਰੋਜ਼ਾਨਾ ਜ਼ਿੰਦਗੀ ਵਿੱਚ ਵਧ ਰਹੀਆਂ ਸਹੁਲਤਾਂ ਕਾਰਨ ਬਿਮਾਰ ਹੋ ਰਿਹਾ ਹੈ।ਸਰੀਰਕ ਕਸਰਤ ਰੋਜ਼ਾਨਾ ਦੇ ਕੰਮਕਾਰ ਵਿਚੋਂ ਮਨਫੀ ਹੋ ਗਈ ਹੈ।ਔਰਤ,ਮਰਦ ਤੇ ਬੱਚੇ ਸਖਤ ਮਿਹਨਤ ਤੋਂ ਦੂਰ ਹੋ ਗਏ ਹਨ।
ਇਸ ਦਾ ਸਭ ਤੋਂ ਵੱਡਾ ਕਾਰਨ ਮਸ਼ੀਨਰੀ ਯੁੱਗ ਹੈ।ਹੱਥ ਚੱਕੀ, ਹੱਥ ਮਧਾਨੀ,ਕੱਪੜੇ ਕੁੱਟਣ ਲਈ ਥਾਪੇ, ਮਸਾਲਾ ਰਗੜਣ ਲਈ ਕੁੰਡੇ, ਵਿਹੜਿਆਂ ਵਿੱਚ ਗੋਹੇ ਦਾ ਪੋਚਾ,ਬਹੁਕਰ, ਚੂੱਲਿਆ ਦੀ ਫੂਕਨੀ,ਦਰੀਆਂ ਖੱਡੀਆਂ ਦੇ ਹੱਥੇ, ਖੇਤਾਂ ਵਿੱਚ ਭੱਤਾ ਲੇ ਕੇ ਜਾਣਾ, ਬਲਦਾਂ ਵਾਲੇ ਹਲ,ਖਾਲੇ ਘੜਣ ਵਾਲੀਆਂ ਕਹੀਆਂ,ਵੱਟਾਂ ਬਣਾਉਣ ਵਾਲੇ ਜ਼ਿੰਦਰੇ ਤੇ ਸਾਈਕਲ ਸਾਡੀ ਰੋਜ਼ਾਨਾ ਜ਼ਿੰਦਗੀ ਵਿਚੋਂ ਗਾਇਬ ਹੋ ਗਏ ਹਨ।
ਜਿਸ ਕਰਕੇ ਬਿਮਾਰੀਆਂ ਦਾ ਫੈਲਾਅ ਹੋ ਰਿਹਾ ਹੈ।ਅੱਜ ਪਿੱਠ ਦਰਦ,ਕਮਰ ਦਰਦ, ਸਰਵਾਈਕਲ, ਗੋਡੇ ਮੋਢਿਆਂ ਦੇ ਦਰਦ ਤੇ ਮਾਈਗ੍ਰੇਨ ਤੋਂ ਹਰ ਮਰਦ ਔਰਤ ਪੀੜਤ ਹੈ।
ਅੱਜ ਤੋਂ 25-30 ਸਾਲ ਪਹਿਲਾਂ ਪਿੰਡਾਂ ਵਿੱਚ ਇਨਾਂ ਬਿਮਾਰੀਆਂ ਦਾ ਨਾਮੋਂ ਨਿਸ਼ਾਂਨ ਨਹੀਂ ਸੀ। ਸ਼ੂਗਰ,ਬਲੱਡ ਪ੍ਰੈੱਸ਼ਰ ਤੇ ਹਾਰਟ ਅਟੈਕ ਬਹੁਤ ਘੱਟ ਸੀ।ਪਰ ਅੱਜ ਜੰਮਦੇ ਬੱਚੇ ਸ਼ੂਗਰ ਨਾਲ ਪੀੜਤ ਹਨ।
ਨਰਕ ਬਣਿਆ ਬਚਪਨ
ਬੱਚਿਆਂ ਦੀ ਨਜ਼ਰ ਬਚਪਨ ਤੋਂ ਹੀ ਕਮਜ਼ੋਰ,ਆਲਸੀ ਪਣ ਤੇ ਕਮਜੋਰੀ ਆਮ ਗੱਲ ਹੋ ਗਈ ਹੈ।ਇਸ ਦਾ ਮੁੱਖ ਕਾਰਨ ਅਸੀਂ ਖ਼ੁਦ ਨੂੰ ਤੇ ਬੱਚਿਆਂ ਨੂੰ ਖੇਡਾਂ ਤੋਂ ਦੂਰ ਕਰ ਲਿਆ ਹੈ।
ਬੱਚਿਆਂ ਤੇ ਪੜ੍ਹਾਈ,ਵੱਧ ਅੰਕ ਪ੍ਰਾਪਤ ਕਰਨ ਦਾ ਬੋਝ ਤੇ ਸਾਰਾ ਦਿਨ ਪੜ੍ਹਾਈ ਹੀ ਪੜ੍ਹਾਈ ਨੇ ਉਨਾਂ ਦਾ ਬਚਪਨ ਨਰਕ ਬਣਾ ਦਿੱਤਾ ਹੈ।ਅਸੀਂ ਆਪਣੀ ਉਮਰ ਵਿੱਚ 60% ਭਾਵ ਫਸਟ ਡਵੀਜ਼ਨ ਲੇ ਕੇ ਵੀ ਬਾਗੋਬਾਗ ਸੀ।ਪਰ ਅੱਜ ਦੇ ਬੱਚੇ 99% ਅੰਕ ਲੇ ਕੇ ਵੀ ਅਸੰਤੁਸ਼ਟ ਹਨ।
ਪ੍ਰਾਈਵੇਟ ਸਕੂਲਾਂ ਵਿਚੋਂ ਖੇਡਾਂ,ਖੇਡ ਮੈਦਾਨ ਤੇ ਖੇਡ ਅਧਿਆਪਕ ਗਾਇਬ ਹੋ ਗਏ ਹਨ। ਅਸੀਂ ਸਭ ਕੁੱਝ ਜਾਣਦੇ ਹੋਏ ਵੀ ਅੱਖਾਂ ਮੀਟ ਰਹੇ ਹਾਂ। ਜੇਕਰ ਇਹੀ ਰੁਝਾਨ ਰਿਹਾ ਤਾਂ ਹਰ ਘਰ ਹਸਪਤਾਲ ਦਾ ਰੂਪ ਧਾਰਨ ਕਰ ਲਵੇਗਾ।
ਇਹ ਵੀ ਪੜ੍ਹੋ : -ਬਿਨਾ ਮੁਕਾਬਲਾ ਜਿੱਤ ਪ੍ਰਵਾਨ ਨਹੀਂ
ਅਸੀਂ ਆਪਣੀ ਜ਼ਿੰਦਗੀ ਵਿੱਚ ਕੀ ਪ੍ਰਾਪਤ ਨਹੀਂ ਕੀਤਾ ਤੇ ਆਉਣ ਵਾਲੀ ਪੀੜ੍ਹੀ ਕੀ ਪ੍ਰਾਪਤ ਕਰ ਲਵੇਗੀ।ਇਸ ਤੇ ਵਿਚਾਰ ਕਰਨਾ ਬਣਦਾ ਹੈ।
– ਐਡਵੋਕੇਟ ਹਰਦੀਪ ਸਿੰਘ ਗਿੱਲ, ਸੇਵਾਦਾਰ ਸਰਬਸੁੱਖ ਸੇਵਾ ਸੁਸਾਇਟੀ ਬਠਿੰਡਾ। ਸੰਪਰਕ ਨੰਬਰ 62834-88512