ਟਰਾਂਸਪੋਟਰਾਂ ਵੱਲੋਂ ਮਾਲ ਦੀ ਢੋਆ ਢੁਆਈ ਮੌਕੇ ਕਰੋੜਾਂ ਰੁਪਏ ਦਾ ਕਰ ਚੋਰੀ ਕਰਨ ਦਾ ਪਰਦਾ ਫਾਸ਼

ਚੰਡੀਗੜ੍ਹ 24 ਸਤੰਬਰ :
– ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਬੀਤੀ ਰਾਤ ਗੁਆਂਢੀ ਸੂਬੇ ਹਰਿਆਣਾ ਅਤੇ ਦਿੱਲੀ ਦੇ ਰਸਤੇ ਪੰਜਾਬ ਵਿਚ ਟਰਾਂਸਪੋਰਟ ਕੰਪਨੀਆਂ ਵੱਲੋਂ ਬਿਨਾਂ ਟੈਕਸ ਅਤੇ ਬਿੱਲਾਂ ਤੋਂ ਵਪਾਰਕ ਸਾਮਾਨ ਲਿਆਉਣ ਸਬੰਧੀ ਕਰ ਤੇ ਆਬਕਾਰੀ ਵਿਭਾਗ ਪੰਜਾਬ ਦੇ ਕਰਮਚਾਰੀਆਂ/ਅਧਿਕਾਰੀਆਂ ਵੱਲੋਂ ਭ੍ਰਿਸ਼ਟਾਚਾਰ ਅਤੇ ਆਪਸੀ ਮਿਲੀਭੁਗਤ ਕਾਰਨ ਲੰਮੇ ਅਰਸੇ ਤੋਂ ਸਰਕਾਰੀ ਖ਼ਜ਼ਾਨੇ ਨੂੰ ਕਰੋੜਾਂ ਰੁਪਏ ਦਾ ਚੂਨਾ ਲਾਉਣ ਦੇ ਚੱਲ ਰਹੇ ਵੱਡੇ ਘਪਲੇ ਦਾ ਪਰਦਾ ਫਾਸ਼ ਕੀਤਾ ਹੈ। ਇਸ ਸਬੰਧੀ ਦਿੱਲੀ ਮਾਲਵਾ ਟਰਾਂਸਪੋਰਟ ਕੰਪਨੀ ਦੇ ਮਾਲਕ, ਉਸਦਾ ਲੜਕਾ, ਤਿੰਨ ਡਰਾਈਵਰਾਂ ਤੇ ਇੱਕ ਪਾਸਰ (ਏਜੰਟ) ਸਮੇਤ ਕਰ ਤੇ ਆਬਕਾਰੀ ਵਿਭਾਗ ਪੰਜਾਬ ਦੇ ਕਰਮਚਾਰੀਆਂ/ਅਧਿਕਾਰੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਟਰਾਂਸਪੋਰਟ ਕੰਪਨੀ ਦੇ ਮਾਲਕ ਦਾ ਲੜਕਾ, ਤਿੰਨ ਡਰਾਈਵਰ ਅਤੇ ਇੱਕ ਪਾਸਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। Transport company owner’s son, three drivers and agent arrestedÍ
  ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਊਰੋ ਦੇ ਬਠਿੰਡਾ ਯੂਨਿਟ ਵੱਲੋਂ ਪੁਖ਼ਤਾ ਜਾਣਕਾਰੀ ਦੇ ਆਧਾਰ ਉੱਤੇ ਟੀਮਾਂ ਬਣਾ ਕੇ ਬਠਿੰਡਾ ਵਿਖੇ ਮਾਲ ਢੋਣ ਵਾਲੀਆਂ ਸ਼ੱਕੀ ਗੱਡੀਆਂ ਦੀ ਤਲਾਸ਼ੀ ਲਈ ਗਈ ਜਿਸ ਦੌਰਾਨ ਪਤਾ ਲੱਗਾ ਕਿ ਤਿੰਨ ਗੱਡੀਆਂ ਵਿਚ ਲੱਦੇ ਹੋਏ ਸਾਮਾਨ ਵਿੱਚੋਂ ਕੁੱਝ ਸਮਾਨ ਬਿਲਟੀਆਂ ਅਤੇ ਬਿਲਾਂ ਤੋਂ ਬਗੈਰ ਹੀ ਪੰਜਾਬ ਵਿੱਚ ਲਿਆਂਦਾ ਜਾ ਰਿਹਾ ਸੀ। ਮੌਕੇ ਉਤੇ ਕੀਤੀ ਮੁੱਢਲੀ ਜਾਂਚ ਉਪਰੰਤ ਇਸ ਘਪਲੇਬਾਜ਼ੀ ਅਤੇ ਮਿਲੀਭੁਗਤ ਸਬੰਧੀ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 13 ਅਤੇ ਆਈ. ਪੀ. ਸੀ. ਦੀ ਧਾਰਾ 420, 120-ਬੀ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਬਠਿੰਡਾ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ।
ਹੋਰ ਵੇਰਵੇ ਦਿੰਦਿਆਂ ਉਨਾਂ ਦੱਸਿਆ ਕਿ ਇਸ ਕੇਸ ਵਿਚ ਉੱਕਤ ਟਰਾਂਸਪੋਰਟ ਕੰਪਨੀ ਦੇ ਮਾਲਕ ਦਾ ਪੁੱਤਰ ਮਨਦੀਪ ਸਿੰਘ ਵਾਸੀ ਜੁਝਾਰ ਨਗਰ ਬਠਿੰਡਾ, ਡਰਾਈਵਰ ਸੰਜੇ ਕੁਮਾਰ ਵਾਸੀ ਪਿੰਡ ਕਾਵੇਲੀ ਜ਼ਿਲ੍ਹਾ ਜੌਨਪੁਰ ਉੱਤਰ ਪ੍ਰਦੇਸ਼, ਡਰਾਈਵਰ ਗੁਰਦਾਸ ਸਿੰਘ ਪਿੰਡ ਬਲਾਹੜ ਵਿੰਝੂ ਜ਼ਿਲ੍ਹਾ ਬਠਿੰਡਾ, ਡਰਾਈਵਰ ਜਗਸੀਰ ਸਿੰਘ ਵਾਸੀ ਪਿੰਡ ਸਿਕੰਦਰਪੁਰ ਥੇੜ ਜ਼ਿਲ੍ਹਾ ਸਿਰਸਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦ ਕਿ ਉਕਤ ਕੰਪਨੀ ਦਾ ਮਾਲਕ ਜਗਸੀਰ ਸਿੰਘ ਵਾਸੀ ਜੁਝਾਰ ਨਗਰ ਬਠਿੰਡਾ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਜਿਸ ਤੋਂ ਹੋਰ ਵੱਡੇ ਖੁਲਾਸੇ ਹੋਣਗੇ। ਮੁਕੱਦਮੇ ਦੀ ਤਫਤੀਸ਼ ਦੌਰਾਨ ਮਹਿਕਮੇ ਦੇ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਅਹੁਦੇ ਦੀ ਦੁਰਵਰਤੋਂ ਕਰਕੇ ਸਰਕਾਰ ਦਾ ਕਰ ਚੋਰੀ ਕਰਨ, ਧੋਖਾਧੜੀ ਤੇ ਮਿਲੀਭੁਗਤ ਨਾਲ ਰਿਸ਼ਵਤਾਂ ਹਾਸਲ ਕਰਨ ਸਬੰਧੀ ਵੀ ਹੋਰ ਤਫਤੀਸ਼ ਜਾਰੀ ਹੈ।