ਸੰਗਰੂਰ, 29 ਅਗਸਤ
– ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਦਾ ਮਹੀਨਾਵਾਰ ਸਮਾਗਮ ਸੁਤੰਤਰ ਭਵਨ ਸੰਗਰੂਰ ਵਿਖੇ ਡਾ. ਨਰਵਿੰਦਰ ਸਿੰਘ ਕੌਸ਼ਲ ਸਾਬਕਾ ਡੀਨ ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ ਦੀ ਪ੍ਰਧਾਨਗੀ ਵਿੱਚ ਹੋਇਆ.ਜਿਸ ਵਿੱਚ ਸਿਰਮੌਰ ਪੰਜਾਬੀ ਗੀਤਕਾਰ ਸ੍ਰੀ ਮੂਲ ਚੰਦ ਸ਼ਰਮਾ ਨਾਲ ਰੂ-ਬ-ਰੂ ਕਰਵਾਇਆ ਗਿਆ ।
ਇਸ ਸਮਾਗਮ ਵਿੱਚ ਉੱਘੇ ਮੁਲਾਜ਼ਮ ਆਗੂ ਸ੍ਰੀ ਬਲਬੀਰ ਚੰਦ ਲੌਂਗੋਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਡਾ. ਨਰਵਿੰਦਰ ਸਿੰਘ ਕੌਸ਼ਲ ਨੇ ਕਿਹਾ ਕਿ ਨਵੀਂ ਪਨੀਰੀ ਨੂੰ ਮਾਂ-ਬੋਲੀ ਨਾਲ ਜੋੜਨ ਲਈ ਸਾਹਿਤ ਸਭਾਵਾਂ ਬੜਾ ਜ਼ਿਕਰਯੋਗ ਯੋਗਦਾਨ ਪਾ ਰਹੀਆਂ ਹਨ। ਜੇਲ੍ਹਾਂ ਵਿੱਚ ਬੰਦ ਕੀਤੇ ਲੇਖਕਾਂ ਅਤੇ ਬੁੱਧੀਜੀਵੀਆਂ ਦੀ ਚਰਚਾ ਕਰਦਿਆਂ ਸ੍ਰੀ ਬਲਬੀਰ ਲੌਂਗੋਵਾਲ ਨੇ ਕਿਹਾ ਕਿ ਸਾਹਿਤਕਾਰ ਲੋਕ-ਹਿੱਤਾਂ ਲਈ ਸੰਘਰਸ਼ ਕਰਨ ਵਾਲੇ ਜੁਝਾਰੂਆਂ ਦੀ ਸਰਗਰਮ ਅਗਵਾਈ ਕਰਨ ਲਈ ਅੱਗੇ ਆਉਣ।
ਟਰੇਡ ਯੂਨੀਅਨ ਆਗੂ ਸ੍ਰੀ ਸੁਖਦੇਵ ਸ਼ਰਮਾ ਨੇ ਕਿਹਾ ਕਿ ਜਦੋਂ ਤੱਕ ਲੋਕਾਂ ਨੂੰ ਅਸਲੀ ਅਰਥਾਂ ਵਿੱਚ ਆਜ਼ਾਦੀ ਨਹੀਂ ਮਿਲ ਜਾਂਦੀ, ਉਦੋਂ ਤੱਕ ਲੜਦੇ ਰਹਿਣਾ ਅਣਸਰਦੀ ਲੋੜ ਹੈ। ਆਪਣੇ ਜੀਵਨ ਅਤੇ ਲਿਖਣ ਪ੍ਰਕਿਰਿਆ ਸਬੰਧੀ ਯਾਦਾਂ ਸਾਂਝੀਆਂ ਕਰਦਿਆਂ ਸ੍ਰੀ ਮੂਲ ਚੰਦ ਸ਼ਰਮਾ ਨੇ ਕਿਹਾ ਕਿ ਸਾਫ਼-ਸੁਥਰੀ ਅਤੇ ਨਰੋਈ ਗੀਤਕਾਰੀ ਹੀ ਸਮਾਜ ਲਈ ਕਲਿਆਣਕਾਰੀ ਸਾਬਤ ਹੋ ਸਕਦੀ ਹੈ ਕਿਉਂਕਿ ਲੋਕ ਲਹਿਰਾਂ ਦੀ ਉਸਾਰੀ ਵਿੱਚ ਕਲਮਕਾਰਾਂ ਦੀ ਭੂਮਿਕਾ ਬੜੀ ਅਹਿਮ ਹੈ।
ਪੰਜਾਬੀ ਦੇ ਚੋਟੀ ਦੇ ਗਾਇਕਾਂ ਦੀ ਆਵਾਜ਼ ਵਿੱਚ ਰਿਕਾਰਡ ਹੋਏ ਆਪਣੇ ਬੇਹੱਦ ਹਰਮਨ ਪਿਆਰੇ ਹੋਏ ਗੀਤਾਂ ਦੀ ਚਰਚਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਗੀਤ ਲਿਖਣੇ ਉਸ ਵੇਲੇ ਹੀ ਸ਼ੁਰੂ ਕਰ ਦਿੱਤੇ ਸਨ, ਜਦੋਂ ਅਜੇ ਉਹ ਨੌਵੀਂ ਜਮਾਤ ਵਿੱਚ ਹੀ ਪੜ੍ਹਦੇ ਸਨ। ਉਨ੍ਹਾਂ ਨੇ ਆਪਣੇ ਕੁੱਝ ਚੋਣਵੇਂ ਗੀਤ ਆਪਣੀ ਮਨਮੋਹਕ ਅਤੇ ਬੁਲੰਦ ਆਵਾਜ਼ ਵਿੱਚ ਗਾ ਕੇ ਸਰੋਤਿਆਂ ਦੀ ਵਾਹ-ਵਾਹ ਵੀ ਖੱਟੀ ਅਤੇ ਉਨ੍ਹਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਬੜੇ ਤਸੱਲੀਬਖ਼ਸ਼ ਢੰਗ ਨਾਲ ਦਿੱਤੇ। ਇਸ ਮੌਕੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਪਾਏ ਵਡਮੁੱਲੇ ਯੋਗਦਾਨ ਲਈ ਸਭਾ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਲਾਭ ਸਿੰਘ ਝੱਮਟ ਵੱਲੋਂ ਪੋਤਾ ਹੋਣ ਦੀ ਖ਼ੁਸ਼ੀ ਵਿੱਚ ਹਾਜ਼ਰ ਸਾਹਿਤਕਾਰਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ।
ਇਸ ਮੌਕੇ ਆਜ਼ਾਦੀ ਦਿਵਸ ਨੂੰ ਸਮਰਪਿਤ ਸ਼ਾਨਦਾਰ ਕਵੀ ਦਰਬਾਰ ਵਿੱਚ ਸੁਖਵਿੰਦਰ ਸਿੰਘ ਲੋਟੇ, ਕੁਲਵੰਤ ਖਨੌਰੀ, ਜਸਪਾਲ ਸਿੰਘ ਸੰਧੂ, ਅਮਨ ਜੱਖਲਾਂ, ਪੰਥਕ ਕਵੀ ਲਾਭ ਸਿੰਘ ਝੱਮਟ, ਰਾਜਿੰਦਰ ਸਿੰਘ ਰਾਜਨ, ਕਰਮ ਸਿੰਘ ਜ਼ਖ਼ਮੀ, ਜਰਨੈਲ ਸਿੰਘ ਸੱਗੂ, ਪੂਜਾ ਪੁੰਡਰਕ, ਜਗਜੀਤ ਸਿੰਘ ਤਾਜ, ਜਤਿੰਦਰ ਸਿੰਘ, ਗਗਨਪ੍ਰੀਤ ਕੌਰ ਸੱਪਲ, ਪਰਮਜੀਤ ਕੌਰ ਸੇਖਪੁਰ ਕਲਾਂ, ਸਰਬਜੀਤ ਸਿੰਘ ਨਮੋਲ, ਡਾ. ਪਰਮਜੀਤ ਸਿੰਘ ਦਰਦੀ, ਸੰਦੀਪ ਸੋਖਲ ਬਾਦਸ਼ਾਹਪੁਰੀ, ਪਰਮਜੀਤ ਕੌਰ ਸੰਗਰੂਰ, ਗੁਰਮੀਤ ਸਿੰਘ ਸੋਹੀ, ਲਖਵਿੰਦਰ ਸਿੰਘ ਖੁਰਾਣਾ, ਗੁਰਪ੍ਰੀਤ ਸਿੰਘ ਸਹੋਤਾ, ਦੇਸ਼ ਭੂਸਨ, ਸੁਖਵਿੰਦਰ ਸਿੰਘ ਫੁੱਲ, ਰਾਜਿੰਦਰ ਰਾਣੀ ਗੰਢੂਆਂ, ਬਲਜੀਤ ਸ਼ਰਮਾ, ਆਰ. ਐੱਮ. ਸ਼ਰਮਾ, ਗੁਰਜੰਟ ਸਿੰਘ ਮੀਮਸਾ, ਚਰਨਜੀਤ ਸਿੰਘ ਮੀਮਸਾ, ਮਹਿੰਦਰਜੀਤ ਸਿੰਘ ਧੂਰੀ ਅਤੇ ਸੁਖਦੀਪ ਸਿੰਘ ਆਦਿ ਕਵੀਆਂ ਨੇ ਹਿੱਸਾ ਲਿਆ। ਅੰਤ ਵਿੱਚ ਕਰਮ ਸਿੰਘ ਜ਼ਖ਼ਮੀ ਨੇ ਸਾਰੇ ਆਏ ਸਾਹਿਤਕਾਰਾਂ ਲਈ ਧੰਨਵਾਦੀ ਸ਼ਬਦ ਕਹੇ ਅਤੇ ਮੰਚ ਸੰਚਾਲਨ ਦੀ ਭੂਮਿਕਾ ਰਜਿੰਦਰ ਸਿੰਘ ਰਾਜਨ ਨੇ ਬਾਖ਼ੂਬੀ ਨਿਭਾਈ।