ਲੋਕ ਸਭਾ ਮੈਂਬਰ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਸੰਗਤ ਨੂੰ ਵੱਡੇ ਕਾਫਲਿਆਂ ਦੇ ਵਿੱਚ ਮੁਹਾਲੀ ਪੁੱਜਣ ਦੀ ਅਪੀਲ
ਸੁਖਵਿੰਦਰ ਸਿੰਘ ਬਾਵਾ
ਸੰਗਰੂਰ, 28 ਫਰਵਰੀ – ਸ਼ਹੀਦ ਬਾਬਾ ਦੀਪ ਸਿੰਘ ਜੀ ਗ੍ਰੰਥੀ ਸਭਾ ਪੰਜਾਬ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲਿਆਂਦੇ ਜਾ ਰਹੇ ਕੌਮੀ ਇਨਸਾਫ ਮਾਰਚ ਦਾ ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਵੱਲੋਂ ਸਵਾਗਤ ਕੀਤਾ ਗਿਆ ਹੈ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਸਮੂਹ ਸੰਗਤ ਨੂੰ ਕੌਮੀ ਇਨਸਾਫ ਮਾਰਚ ਵਿੱਚ ਸ਼ਮੂਲੀਅਤ ਕਰਕੇ ਵੱਡੇ ਕਾਫਲਿਆਂ ਦੇ ਰੂਪ ਵਿੱਚ 02 ਮਾਰਚ ਨੂੰ ਮੋਹਾਲੀ ਪਹੁੰਚਣ ਦੀ ਅਪੀਲ ਕੀਤੀ ਗਈ ਹੈ | ਇਹ ਜਾਣਕਾਰੀ ਅੱਜ ਸ਼੍ਰੋਮਣੀ ਅਕਾਲੀ ਦਲ (ਅ) ਦੇ ਸੰਗਰੂਰ ਸਥਿਤ ਪਾਰਟੀ ਦਫਤਰ ਤੋਂ ਪ੍ਰੈਸ ਬਿਆਨ ਜਾਰੀ ਕਰਦਿਆਂ ਪਾਰਟੀ ਦੇ ਪੀਏਸੀ ਮੈਂਬਰ ਬਹਾਦਰ ਸਿੰਘ ਭਸੌੜ, ਜਥੇਬੰਦਕ ਸਕੱਤਰ ਗੁਰਨੈਬ ਸਿੰਘ ਰਾਮਪੁਰਾ ਅਤੇ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਦਰਸ਼ਨ ਸਿੰਘ ਮੰਡੇਰ ਵੱਲੋਂ ਸਾਂਝੇ ਤੌਰ ‘ਤੇ ਦਿੱਤੀ ਗਈ | Shiromani Akali Dal (A) welcomed the national justice march
ਆਗੂਆਂ ਨੇ ਦੱਸਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਉਦੇਸ਼ ਨਾਲ ਸ਼ਹੀਦ ਬਾਬਾ ਦੀਪ ਸਿੰਘ ਜੀ ਗ੍ਰੰਥੀ ਸਭਾ ਪੰਜਾਬ ਵੱਲੋਂ 02 ਮਾਰਚ ਨੂੰ ਭੀਖੀ ਤੋਂ ਮੋਹਾਲੀ ਤੱਕ ਕੌਮੀ ਇਨਸਾਫ ਮਾਰਚ ਕੀਤਾ ਜਾਵੇਗਾ, ਜਿਸ ਦਾ ਹਲਕੇ ਦੇ ਹਰ ਪਿੰਡ ਅਤੇ ਸ਼ਹਿਰ ਵਿੱਚ ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ ਅਤੇ ਵੱਧੋ-ਵੱਧ ਸੰਗਤਾਂ ਦੀ ਸ਼ਮੂਲੀਅਤ ਮਾਰਚ ਵਿੱਚ ਕਰਵਾਈ ਜਾਵੇਗੀ | ਆਗੂਆਂ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਪਾਰਟੀ ਦੇ ਜਥੇਦਾਰਾਂ, ਆਗੂਆਂ ਤੇ ਵਰਕਰਾਂ ਸਮੇਤ ਸਮੂਹ ਸੰਗਤ ਨੂੰ ਮਾਰਚ ਵਿੱਚ ਸ਼ਮੂਲੀਅਤ ਕਰਕੇ 02 ਮਾਰਚ ਨੂੰ ਚੰਡੀਗੜ੍ਹ ਵਿਖੇ ਕੌਮੀ ਇਨਸਾਫ ਮੋਰਚੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਇਹ ਕੌਮੀ ਮਾਰਚ ਭੀਖੀ ਤੋਂ ਸਵੇਰੇ 09 ਵਜੇ ਸ਼ੁਰੂ ਹੋ ਕੇ ਚੀਮਾ ਮੰਡੀ,ਸੁਨਾਮ, ਮਹਿਲਾਂ ਚੌਕ, ਭਵਾਨੀਗੜ੍ਹ ਮੰਡੀ, ਪਟਿਆਲਾ, ਰਾਜਪੁਰਾ, ਬਨੂੜ, ਏਅਰਪੋਰਟ ਰੋਡ ਹੁੰਦਾ ਹੋਇਆ ਸ਼ਾਮ ਨੂੰ 06 ਵਜੇ ਮੋਹਾਲੀ ਪੁੱਜੇਗਾ |
ਇਸ ਦੌਰਾਨ ਗੁਰਦੁਆਰਾ ਨੌਵੀਂ ਪਾਤਸ਼ਾਹੀ ਫੱਗੂਵਾਲਾ ਵਿਖੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ | ਆਗੂਆਂ ਨੇ ਦੱਸਿਆ ਕਿ ਸੰਗਰੂਰ ਹਲਕੇ ਦੇ ਹਰੇਕ ਪਿੰਡ ਵਿੱਚੋਂ ਟਰੈਕਟਰ ਟਰਾਲੀਆਂ, ਮੋਟਰਸਾਈਕਲਾਂ ਸਮੇਤ ਵੱਖ-ਵੱਖ ਸਾਧਨਾਂ ਰਾਹੀਂ ਵੱਡੀ ਗਿਣਤੀ ਵਿੱਚ ਸੰਗਤ ਇਸ ਕੌਮੀ ਮਾਰਚ ਵਿੱਚ ਸਮੂਲੀਅਤ ਕਰੇਗੀ | ਆਗੂਆਂ ਨੇ ਕਿਹਾ ਕਿ ਕੌਮ ਲਈ ਕੁਰਬਾਨੀਆਂ ਦੇਣ ਵਾਲੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਜਾਣ ਵਾਲੇ ਹਰ ਸੰਘਰਸ਼ ਵਿੱਚ ਸ਼੍ਰੋਮਣੀ ਅਕਾਲੀ ਦਲ (ਅ) ਹਮੇਸ਼ਾ ਵੱਧ ਚੜ੍ਹ ਕੇ ਸਹਿਯੋਗ ਕਰਦਾ ਰਿਹਾ ਹੈ ਅਤੇ ਕਰਦਾ ਰਹੇਗਾ |