ਅੰਮ੍ਰਿਤਸਰ ਅਤੇ ਜਲੰਧਰ ਵਿਕਾਸ ਅਥਾਰਟੀਆਂ ਵੱਲੋਂ ਕੀਤੀ ਜਾ ਰਹੀ ਹੈ ਜਾਇਦਾਦਾਂ ਦੀ ਈ-ਨਿਲਾਮੀ 
ਚੰਡੀਗੜ੍ਹ, 7 ਅਕਤੂਬਰ:
ਜਲੰਧਰ ਵਿਕਾਸ ਅਥਾਰਟੀ ਅਤੇ ਅੰਮ੍ਰਿਤਸਰ ਵਿਕਾਸ ਅਥਾਰਟੀ ਵੱਲੋਂ ਸੂਬੇ ਦੇ ਸ਼ਹਿਰਾਂ ਅੰਮ੍ਰਿਤਸਰ, ਗੁਰਦਾਸਪੁਰ, ਬਟਾਲਾ, ਜਲੰਧਰ, ਫਗਵਾੜਾ, ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਵਿੱਚ ਪ੍ਰਮੁੱਖ ਜਾਇਦਾਦਾਂ ਦੀ ਈ-ਨਿਲਾਮੀ ਕੀਤੀ ਜਾ ਰਹੀ ਹੈ । Opportunity to buy prime properties in major cities of Punjab.
ਇਸ ਬਾਰੇ ਜਾਣਕਾਰੀ ਦਿੰਦਿਆਂ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਅੰਮ੍ਰਿਤਸਰ ਵਿਕਾਸ ਅਥਾਰਟੀ ਵੱਲੋਂ 13 ਐਸ.ਸੀ.ਓਜ਼., 99 ਰਿਹਾਇਸ਼ੀ ਪਲਾਟ, ਗੁਰਦਾਸਪੁਰ ਵਿੱਚ 3.58 ਕਰੋੜ ਰੁਪਏ ਦੀ ਕੀਮਤ ਵਾਲੀ ਇੱਕ ਸਕੂਲ ਸਾਈਟ ਅਤੇ ਬਟਾਲਾ ਵਿੱਚ 5.25 ਕਰੋੜ ਰੁਪਏ ਦੀ ਕੀਮਤ ਵਾਲੀ ਇੱਕ ਹੋਰ ਸਕੂਲ ਸਾਈਟ, ਗੁਰਦਾਸਪੁਰ ਵਿੱਚ 6.10 ਕਰੋੜ ਰੁਪਏ ਦੀ ਕੀਮਤ ਵਾਲੀ ਇੱਕ ਬਹੁ-ਮੰਤਵੀ ਸਾਈਟ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਇਨ੍ਹਾਂ ਜਾਇਦਾਦਾਂ ਦੀ ਈ-ਨਿਲਾਮੀ 20 ਅਕਤੂਬਰ, 2022 ਤੋਂ 31 ਅਕਤੂਬਰ, 2022 ਤੱਕ ਹੋਵੇਗੀ।
ਜਲੰਧਰ ਵਿਕਾਸ ਅਥਾਰਟੀ ਵੱਲੋਂ 105 ਵਪਾਰਕ ਸਾਈਟਾਂ ਦੀ ਈ-ਨਿਲਾਮੀ ਕਰਵਾਈ ਜਾ ਰਹੀ ਹੈ, ਜਿਨ੍ਹਾਂ ਵਿੱਚ ਐਸ.ਸੀ.ਓ., ਐਸ.ਸੀ.ਐਸ., ਐਸ.ਸੀ.ਐਫ., ਕਨਵੀਨੀਐਂਟ ਬੂਥ, ਕਨਵੀਨੀਐਂਟ ਦੁਕਾਨਾਂ ਸ਼ਾਮਲ ਹਨ। 41 ਰਿਹਾਇਸ਼ੀ ਪਲਾਟ ਵੀ ਨਿਲਾਮੀ ਲਈ ਉਪਲਬਧ ਹਨ। ਇਨ੍ਹਾਂ ਤੋਂ ਇਲਾਵਾ ਸੁਲਤਾਨਪੁਰ ਲੋਧੀ ਵਿੱਚ 2.20 ਕਰੋੜ ਰੁਪਏ ਦੀ ਰਾਖਵੀਂ ਕੀਮਤ ਵਾਲੀ ਸਕੂਲ ਸਾਈਟ ਅਤੇ ਜਲੰਧਰ ਵਿੱਚ 6.36 ਕਰੋੜ ਰੁਪਏ, 11.73 ਕਰੋੜ ਰੁਪਏ ਅਤੇ 26.89 ਕਰੋੜ ਰੁਪਏ ਦੀ ਕੀਮਤ ਵਾਲੀਆਂ ਤਿੰਨ ਚੰਕ ਸਾਈਟਾਂ ਬੋਲੀ ਲਈ ਉਪਲਬਧ ਹਨ। ਇਨ੍ਹਾਂ ਜਾਇਦਾਦਾਂ ਦੀ ਈ-ਨਿਲਾਮੀ 17 ਅਕਤੂਬਰ, 2022 ਤੱਕ ਹੋਵੇਗੀ।
ਬੁਲਾਰੇ ਨੇ ਕਿਹਾ ਕਿ ਜਾਇਦਾਦਾਂ ਦੀ ਰਾਖਵੀਂ ਕੀਮਤ, ਆਲਾ-ਦੁਆਲਾ, ਸਥਾਨ ਸਬੰਧੀ ਯੋਜਨਾਵਾਂ, ਭੁਗਤਾਨ ਅਤੇ ਹੋਰ ਨਿਯਮ ਤੇ ਸ਼ਰਤਾਂ ਸਮੇਤ ਹੋਰ ਵੇਰਵੇ ਪੋਰਟਲ www.puda.e-auctions.in ‘ਤੇ ਉਪਲਬਧ ਹਨ। ਨਿਲਾਮੀ ਵਾਲੀਆਂ ਜਾਇਦਾਦਾਂ ਦਾ ਕਬਜ਼ਾ ਅਲਾਟਮੈਂਟ ਪੱਤਰ ਜਾਰੀ ਹੋਣ ਤੋਂ 90 ਦਿਨਾਂ ਦੇ ਅੰਦਰ ਸਫ਼ਲ ਬੋਲੀਕਾਰਾਂ ਨੂੰ ਸੌਂਪ ਦਿੱਤਾ ਜਾਵੇਗਾ। ਸਾਈਟਾਂ ਦਾ ਕਬਜ਼ਾ ਜਲਦ ਸੌਂਪਣ ਨਾਲ ਅਲਾਟੀਆਂ ਨੂੰ ਜਲਦ ਉਸਾਰੀ ਸ਼ੁਰੂ ਕਰਨ ਅਤੇ ਬਾਅਦ ਵਿੱਚ ਸਾਈਟ (ਰਿਹਾਇਸ਼ੀ ਜਾਂ ਵਪਾਰਕ) ਦੀ ਢੁਕਵੀਂ ਵਰਤੋਂ ਕਰਨ ਵਿੱਚ ਮਦਦ ਮਿਲੇਗੀ।

 

ਉਨ੍ਹਾਂ ਅੱਗੇ ਦੱਸਿਆ ਕਿ ਈ-ਨਿਲਾਮੀ ਵਿੱਚ ਹਿੱਸਾ ਲੈਣ ਲਈ ਇੱਛੁਕ ਬੋਲੀਕਾਰਾਂ ਨੂੰ ਨਿਲਾਮੀ ਪੋਰਟਲ ‘ਤੇ ਸਾਈਨਅੱਪ ਕਰਕੇ ਉਪਭੋਗਤਾ ਆਈ.ਡੀ. ਅਤੇ ਪਾਸਵਰਡ ਪ੍ਰਾਪਤ ਕਰਨਾ ਹੋਵੇਗਾ। ਇਸ ਉਪਰੰਤ ਬੋਲੀਕਾਰਾਂ ਨੂੰ ਨੈੱਟ ਬੈਂਕਿੰਗ/ਡੈਬਿਟ ਕਾਰਡ/ਕ੍ਰੈਡਿਟ ਕਾਰਡ/ ਆਰ.ਟੀ.ਜੀ.ਐਸ./ਐਨ.ਈ.ਐਫ.ਟੀ. ਰਾਹੀਂ ਰਿਫੰਡੇਬਲ/ਅਡਜੱਸਟੇਬਲ ਯੋਗਤਾ ਫੀਸ ਜਮ੍ਹਾਂ ਕਰਵਾਉਣੀ ਪਵੇਗੀ।