ਕੋਲਕਾਤਾ: ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਦੀ ਮਹਿਲਾ ਡਾਕਟਰ ਨਾਲ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਸੰਜੇ ਰਾਏ ਨੇ ਅਪਣਾ ਬਿਆਨ ਬਦਲ ਕੇ ਮਾਮਲੇ ਨੂੰ ਨਵਾਂ ਮੋੜ ਦੇ ਦਿੱਤਾ ਹੈ।

ਸੰਜੇ ਰਾਏ ਦੀ ਵਕੀਲ ਕਵਿਤਾ ਸਰਕਾਰ ਨੇ ਦੱਸਿਆ ਕਿ ਸੰਜੇ ਚਾਹੁੰਦਾ ਹੈ ਕਿ ਉਸ ਦਾ ਪੌਲੀਗ੍ਰਾਫ ਟੈਸਟ ਹੋਵੇ ਤਾਂ ਜੋ ਸੱਚਾਈ ਸਾਹਮਣੇ ਆ ਸਕੇ। ਉਸ ਦਾ ਕਹਿਣਾ ਹੈ ਕਿ ਉਹ ਬੇਕਸੂਰ ਹੈ ਅਤੇ ਅਸਲ ਦੋਸ਼ੀ ਨੂੰ ਕਾਨੂੰਨ ਦੇ ਕਟ‌ਹਿਰੇ ਤੱਕ ਲਿਆਉਣਾ ਚਾਹੁੰਦਾ ਹੈ। ਸੰਜੇ ਨੇ ਜਾਂਚ ਕਰ ਰਹੀ ਸੀਬੀਆਈ ਨੂੰ ਸਹਿਯੋਗ ਦੇਣ ਦੀ ਪੂਰੀ ਸਹਿਮਤੀ ਦਿੱਤੀ ਹੈ।

ਸੰਜੇ ਰਾਏ ਦੀ ਵਕੀਲ ਕਵਿਤਾ ਸਰਕਾਰ ਨੇ ਕਿਹਾ, “ਜਦੋਂ ਪੌਲੀਗ੍ਰਾਫ ਟੈਸਟ ਲਈ ਸੰਜੇ ਦੀ ਸਹਿਮਤੀ ਲਈ ਗਈ, ਤਾਂ ਮੈਂ ਉਥੇ ਮੌਜੂਦ ਸੀ। ਉਸ ਨੇ ਇਸ ਟੈਸਟ ਲਈ ਸਹਿਮਤੀ ਦੇ ਦਿੱਤੀ ਸੀ।” ਕਵਿਤਾ ਨੇ ਸੰਜੇ ਨੂੰ ਨਿੱਜੀ ਤੌਰ ‘ਤੇ ਸਮਝਾਇਆ ਕਿ ਪੌਲੀਗ੍ਰਾਫ ਟੈਸਟ ਕੀ ਹੁੰਦਾ ਹੈ ਅਤੇ ਉਸ ਤੋਂ ਬਾਅਦ ਸੰਜੇ ਟੈਸਟ ਲਈ ਤਿਆਰ ਹੋ ਗਿਆ।

ਕਵਿਤਾ ਨੇ ਇਹ ਵੀ ਦੱਸਿਆ ਕਿ ਸੰਜੇ ਇਸ ਸਮੇਂ ਬਹੁਤ ਜ਼ਿਆਦਾ ਮਾਨਸਿਕ ਦਬਾਅ ਹੇਠ ਹੈ, ਕਿਉਂਕਿ ਉਸ ‘ਤੇ ਇਹ ਗੰਭੀਰ ਦੋਸ਼ ਲਗੇ ਹਨ। ਉਹ ਸਿਰਫ਼ ਚਾਹੁੰਦਾ ਹੈ ਕਿ ਸੱਚ ਸਾਹਮਣੇ ਆਵੇ ਅਤੇ ਉਹ ਆਪਣੇ ਉੱਤੇ ਲੱਗੇ ਦੋਸ਼ਾਂ ਤੋਂ ਬਰੀ ਹੋ ਸਕੇ।

ਵਕੀਲ ਕਵਿਤਾ ਸਰਕਾਰ ਅਨੁਸਾਰ, ਸੰਜੇ ਰਾਏ ਦਾ ਕਹਿਣਾ ਹੈ ਕਿ ਉਹ ਇਸ ਅਪਰਾਧ ਵਿੱਚ ਸ਼ਾਮਲ ਨਹੀਂ ਹੈ ਅਤੇ ਇਸੇ ਲਈ ਕਿਸੇ ਵੀ ਕਿਸਮ ਦੇ ਟੈਸਟ ਲਈ ਤਿਆਰ ਹੈ। ਉਸਨੇ ਕਿਹਾ ਹੈ ਕਿ ਉਹ ਜਾਂਚ ਅਧਿਕਾਰੀਆਂ ਨਾਲ ਹਰ ਤਰ੍ਹਾਂ ਦੇ ਸਹਿਯੋਗ ਕਰਨ ਲਈ ਤਿਆਰ ਹੈ, ਤਾਂ ਜੋ ਮਾਮਲੇ ਦੀ ਸੱਚਾਈ ਸਾਹਮਣੇ ਆ ਸਕੇ।

ਇਹ ਵੀ ਪੜ੍ਹੋ-ਕੇਂਦਰ ਵਲੋ ਸਰਕਾਰੀ ਕਰਮਚਾਰੀਆਂ ਲਈ ਵੱਡਾ ਤੋਹਫ਼ਾ

ਸੰਜੇ ਦਾ ਇਹ ਨਵਾਂ ਬਿਆਨ ਸਾਰਿਆਂ ਨੂੰ ਹੈਰਾਨ ਕਰਨ ਵਾਲਾ ਹੈ, ਕਿਉਂਕਿ ਗ੍ਰਿਫ਼ਤਾਰੀ ਤੋਂ ਬਾਅਦ ਉਸਨੇ ਆਪਣਾ ਜੁਰਮ ਕਬੂਲ ਕਰ ਲਿਆ ਸੀ। ਉਸ ਸਮੇਂ ਪੁਲਿਸ ਹਿਰਾਸਤ ਦੌਰਾਨ ਸੰਜੇ ਨੇ ਕਿਹਾ ਸੀ, “ਹਾਂ, ਮੈਂ ਗੁਨਾਹ ਕੀਤਾ ਹੈ, ਮੈਨੂੰ ਫਾਂਸੀ ਦਿਓ।”

ਇਹ ਮਾਮਲਾ ਪਹਿਲਾਂ ਹੀ ਬਹੁਤ ਗੰਭੀਰ ਹੋ ਚੁਕਾ ਹੈ ਅਤੇ ਸੰਜੇ ਰਾਏ ਦੇ ਇਸ ਨਵੇਂ ਯੂ-ਟਰਨ ਨੇ ਮਾਮਲੇ ਨੂੰ ਹੋਰ ਵੀ ਜਟਿਲ ਬਣਾ ਦਿੱਤਾ ਹੈ। ਕਵਿਤਾ ਸਰਕਾਰ ਨੇ ਸਾਫ਼ ਕੀਤਾ ਕਿ ਸੰਜੇ ਦਾ ਮਕਸਦ ਸਿਰਫ਼ ਸੱਚਾਈ ਦਾ ਪਤਾ ਲਗਾਉਣਾ ਹੈ, ਨਾ ਕਿ ਕਦੇ ਵੀ ਅਧਿਕਾਰੀਆਂ ਨੂੰ ਗੁੰਮਰਾਹ ਕਰਨਾ।

ਉਹ ਚਾਹੁੰਦਾ ਹੈ ਕਿ ਮਾਮਲੇ ਦੀ ਪੂਰੀ ਜਾਂਚ ਹੋਵੇ ਅਤੇ ਅਸਲ ਦੋਸ਼ੀ ਨੂੰ ਸਜ਼ਾ ਮਿਲੇ। ਕਵਿਤਾ ਨੇ ਕਿਹਾ, “ਸੰਜੇ ਦੀ ਇਹ ਸਪੱਸ਼ਟ ਮੰਗ ਹੈ ਕਿ ਟੈਸਟ ਹੋਣ ਚਾਹੀਦੇ ਹਨ ਤਾਂ ਜੋ ਸੱਚਾਈ ਸਾਹਮਣੇ ਆਵੇ ਅਤੇ ਕਾਨੂੰਨ ਅਨੁਸਾਰ ਕਾਰਵਾਈ ਹੋ ਸਕੇ।”