ਮਹਿੰਦਰਾ ਕਾਲਜ ਵਿੱਚ ਚਲਦੇ ਪ੍ਰੀਖਿਆ ਕੇਂਦਰ ਵਿੱਚ ਲਾਅ ਦਾ ਪੇਪਰ ਲੀਕ ? ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸੰਬੰਧਿਤ ਕਾਨੂੰਨ ਸੰਸਥਾਵਾਂ ਵਿੱਚ ਦੂਜੇ, ਚੌਥੇ, ਛੇਵੇਂ, ਅੱਠਵੇਂ ਅਤੇ ਦਸਵੇਂ (ਈਵਨ) ਸਮੈਸਟਰ ਦੇ ਇਮਤਿਹਾਨ ਹੋ ਰਹੇ ਹਨ। ਸਾਰੇ ਕਾਰਜ ਕ੍ਰਮ ਵਿੱਚ ਨਕਲ ਦਾ ਸਬੱਬ ਬਹੁਤ ਵੱਡਾ ਹੁੰਦਾ ਜਾ ਰਿਹਾ ਹੈ।

ਪਟਿਆਲਾ ਹੀ ਨਹੀਂ ਪੰਜਾਬ ਦੀ ਸਿਰਮੌਰ ਸੰਸਥਾ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿੱਚ ਕਾਨੂੰਨ ਦੀ ਪੜਾਈ ਦੇ ਇਮਤਿਹਾਨਾਂ ਵਿੱਚ ਨਕਲ ਪੂਰੇ ਜ਼ੋਰਾਂ ਉਪਰ ਹੈ।

ਪੰਜਾਬ ਨਾਮਾ ਦੇ ਸੂਤਰਾਂ ਨੇ ਬਹੁਤ ਹੀ ਪੁਖ਼ਤਾ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਿੰਦਰਾ ਕਾਲਜ ਦੇ ਇਕ ਕੇਂਦਰ ਵਿੱਚ ਇਕ ਪ੍ਰੀਖਿਆਰਥੀ ਕੋਲੋਂ ਪੂਰਾ ਪੇਪਰ ਮੋਬਾਇਲ ਵਿੱਚ ਹੱਲ ਕੀਤਾ ਮਿਲਿਆ, ਜਿਸ ਉਪਰ ਕੇਸ ਬਣਾ ਦਿੱਤਾ ਗਿਆ ਹੈ, ਪਰ ਯੂਐਮਸੀ ਦਾ ਕੇਸ ਹੀ ਬਣਾਇਆ ਗਿਆ ਹੈ, ਜਦੋਂ ਕਿ ਜੇਕਰ ਉਸ ਦੇ ਮੋਬਾਇਲ ਵਿੱਚ ਇਮਤਿਹਾਨ ਵਿੱਚ ਆਏ ਸਵਾਲਾਂ ਦੇ ਜਵਾਬ ਸਨ, ਫਿਰ ਤਾਂ ਇਹ ਪੇਪਰ ਲੀਕ ਦਾ ਮਾਮਲਾ ਬਣਨਾ ਚਾਹੀਦਾ ਸੀ।


ਇਹ ਮਾਮਲਾ ਉਸ ਸਮੇਂ ਹੋਰ ਬਹੁਤ ਸੰਗੀਨ ਹੋ ਜਾਂਦਾ ਹੈ, ਜਦੋਂ ਇਹ ਪਤਾ ਚਲਦਾ ਹੈ ਕਿ ਮਹਿੰਦਰਾ ਕਾਲਜ ਦਾ ਇਕ ਅਧਿਆਪਕ ਬਿਨਾਂ ਕਿਸੇ ਦੀ ਇਜਾਜ਼ਤ ਦੇ ਕੇਂਦਰ ਦੇ ਉਸੇ ਕਮਰੇ ਵਿੱਚ ਸਵੇਰੇ 10 ਵਜੇ ਗੇੜਾ ਮਾਰ ਕੇ ਆਇਆ ਹੈ, ਪੂਰਾ ਪ੍ਰਸ਼ਨ ਪੱਤਰ ਪੜ੍ਹ ਕੇ ਆਇਆ ਹੈ। ਇਹ ਅਧਿਆਪਕ ਉਸੇ ਵਿਸ਼ੇ ਨੂੰ ਹੀ ਪੜਾਉਂਦਾ ਹੈ ਅਤੇ ਘਰ ਵਿੱਚ ਇਸ ਪੇਪਰ ਦੀਆਂ ਟਿਊਸ਼ਨਾਂ ਵੀ ਲੈਂਦਾ ਹੈ।

ਇਸ ਬਾਬਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡੀਨ ਅਕਾਦਮਿਕ ਮਾਮਲੇ ਅਤੇ ਕੰਟਰੋਲਰ ਪ੍ਰੀਖਿਆਵਾਂ, ਡਾ ਅਸ਼ੋਕ ਤਿਵਾੜੀ ਨਾਲ ਗੱਲਬਾਤ ਦੌਰਾਨ ਪਤਾ ਚਲਿਆ ਹੈ, ਕਿ ਯੂਨੀਵਰਸਿਟੀ ਪਹਿਲਾਂ ਹੀ ਬਹੁਤ ਮੁਸਤੈਦੀ ਨਾਲ ਇਸ ਉਪਰ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੋਰਟਲ ਤੇ ਮਿਲੀ ਨਕਲ ਦੀ ਸ਼ਿਕਾਇਤ ਉਪਰ ਧਿਆਨ ਦੇਣ ਤੇ ਸ਼ਿਕਾਇਤ ਗ਼ਲਤ ਪਾਈ ਗਈ ਸੀ, ਪਰ ਇਸ ਦੇ ਬਾਵਜੂਦ ਵੀ ਉਹ ਨਿੱਜੀ ਸੰਸਥਾਵਾਂ ਵਿੱਚ ਬਣੇ ਕੇਂਦਰਾਂ ਉਪਰ ਸਖ਼ਤੀ ਰੱਖ ਰਹੇ ਹਨ।

 

ਲਾਅ ਦਾ ਵਿਸ਼ਾ ਅਸਲ ਵਿੱਚ ਸਰਕਾਰੀ ਮਹਿੰਦਰਾ ਕਾਲਜ ਵਿੱਚ ਨਹੀਂ ਪੜਾਇਆ ਜਾਂਦਾ ਹੈ। ਇਹ ਸੈੱਲਫ਼ ਫਾਈਨਾਂਸ ਨਾਲ ਬਣੀ ਇਕ ਸੰਸਥਾ ਵਿੱਚ ਪੜਾਈ ਕਰਾਈ ਜਾਂਦੀ ਹੈ, ਜੋ ਇਮਾਰਤ ਅਤੇ ਨਾਮ ਸਰਕਾਰੀ ਦੀ ਵਰਤੋਂ ਕਰਦੀ ਹੈ, ਪਰ ਫ਼ੀਸ ਨਿੱਜੀ ਕਾਲਜਾਂ ਦੇ ਬਰਾਬਰ ਦੀ ਹੀ ਲੈਂਦੀ ਹੈ। ਇਸ ਤਰਾਂ ਦੇ ਕਾਲਜ ਦੀ ਭਾਰਤੀ ਵਕੀਲ ਸੰਘ ਵੀ ਇਜਾਜ਼ਤ ਨਹੀਂ ਦਿੰਦਾ। ਖ਼ੈਰ ਇਹ ਕਹਾਣੀ ਫੇਰ ਸਹੀ ਪਰ ਇਸ ਵੇਲੇ ਇਹ ਗੱਲ ਵੱਡੀ ਹੈ ਕਿ ਮਹਿੰਦਰਾ ਕਾਲਜ ਵਿੱਚ HEIS ਤਹਿਤ ਚਲਦੇ ਕਾਨੂੰਨ ਕੋਰਸ ਵਿੱਚ ਨਕਲ ਜ਼ੋਰਾਂ ‘ਤੇ ਚੱਲ ਰਹੀ ਹੈ। ਜਿੱਥੇ ਇਸ ਇਲਾਕੇ ਦੇ ਨਾਮੀ ਹਸਤੀਆਂ ਦੇ ਉਹ ਬੱਚੇ ਵਿੱਦਿਆ ਲੈ ਰਹੇ ਹਨ, ਜਿਨ੍ਹਾਂ ਨੂੰ ਨਾਮੀ ਸੰਸਥਾਵਾਂ ਵਿੱਚ ਦਾਖਲਾ ਨਹੀਂ ਮਿਲਦਾ ਹੈ, ਪਰ ਉਨ੍ਹਾਂ ਨੂੰ ਵਕੀਲ ਤਾਂ ਕਿਸੇ ਵੀ ਕੀਮਤ ‘ਤੇ ਬਣਾਉਣਾ ਹੀ ਹੈ।

ਸਰਕਾਰੀ ਮਹਿੰਦਰਾ ਕਾਲਜ ਦੇ ਪ੍ਰਿੰਸੀਪਲ ਸਾਹਿਬ ਨਾਲ ਵੀ ਗੱਲਬਾਤ ਹੋਣ ਤੇ ਪਤਾ ਚੱਲਿਆ ਹੈ ਕਿ ਕਾਲ ਦੇ ਪ੍ਰੀਖਿਆ ਕੇਂਦਰ ਵਿੱਚ ਪੂਰੀ ਸਖ਼ਤੀ ਰੱਖੀ ਹੋਈ ਹੈ। ਪੰਜਾਬ ਨਾਮਾ ਦੀ ਇਸ ਖ਼ਬਰ ਤੋਂ ਬਾਦ ਮੁਖੀ ਪ੍ਰੀਖਿਆ ਸ਼ਾਖਾ, ਪੰਜਾਬੀ ਯੂਨੀਵਰਸਿਟੀ ਡਾ ਤਿਵਾੜੀ ਨੇ ਹੁਕਮ ਦੇ ਕੇ ਡਿਪਟੀ ਰਜਿਸਟਰਾਰ ਡਾ ਧਰਮਪਾਲ ਦੀ ਅਗਵਾਈ ਵਿੱਚ ਇਕ ਵਫ਼ਦ ਮਹਿੰਦਰਾ ਕਾਲਜ ਭੇਜਣ ਦਾ ਹੁਕਮ ਦਿੱਤਾ ਹੈ ਤਾਂ ਜੋ ਪੂਰੇ ਮਸਲੇ ਦੀ ਡੂੰਘੀ ਘੋਖ ਕਰੇਗਾ ।

ਹੋਰ ਅੱਪਡੇਟ ਦਾ ਇੰਤਜ਼ਾਰ ਕਰੋ