ਚੰਡੀਗੜ੍ਹ, 22 ਨਵੰਬਰ :
ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੀ ਅਗਵਾਈ ਹੇਠ ਅੱਜ ਬੀਐੱਸਐੱਫ ਪੱਛਮੀ ਕਮਾਂਡ, ਚੰਡੀਗੜ੍ਹ ਦੇ ਮੁੱਖ ਦਫਤਰ ਵਿਖੇ ਇੱਕ ਰੋਜ਼ਗਾਰ ਮੇਲਾ ਆਯੋਜਿਤ ਕੀਤਾ ਗਿਆ। ਸਾਲ 2023 ਦੇ ਅੰਤ ਤੱਕ 10 ਲੱਖ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਮਾਣਯੋਗ ਪ੍ਰਧਾਨ ਮੰਤਰੀ ਦੇ ਲਕਸ਼ ਨੂੰ ਅੱਗੇ ਵਧਾਉਣ ਲਈ ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣ ਦਾ ਇਹ ਦੂਜਾ ਪੜਾਅ ਸੀ। ਇਸ ਮੌਕੇ 45 ਖੇਤਰੀ ਕੇਂਦਰਾਂ ਵਿੱਚ ਕਰੀਬ 71,000 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। Hardeep Singh Puri distributes appointment letters to new recruits during Rozgar Mela in Chandigarh.
ਸ਼ੁਰੂਆਤ ਵਿੱਚ, ਮਾਣਯੋਗ ਪ੍ਰਧਾਨ ਮੰਤਰੀ ਨੇ ਨਵ-ਨਿਯੁਕਤ ਉਮੀਦਵਾਰਾਂ ਨੂੰ ਵਰਚੁਅਲ ਮੋਡ ਜ਼ਰੀਏ ਸੰਬੋਧਿਤ ਕੀਤਾ ਅਤੇ ਉਨ੍ਹਾਂ ਨੂੰ ਰਾਸ਼ਟਰ ਨਿਰਮਾਣ ਲਈ ਕੰਮ ਕਰਨ ਦੀ ਤਾਕੀਦ ਕੀਤੀ। ਇਸ ਤੋਂ ਬਾਅਦ, ਮਾਣਯੋਗ ਪ੍ਰਧਾਨ ਮੰਤਰੀ ਨੇ “ਕਰਮਯੋਗੀ ਪ੍ਰਾਰੰਭ ਮੋਡੀਊਲ” ਲਾਂਚ ਕੀਤਾ, ਜੋ ਵਿਭਿੰਨ ਸਰਕਾਰੀ ਵਿਭਾਗਾਂ ਵਿੱਚ ਸਾਰੀਆਂ ਨਵੀਆਂ ਭਰਤੀਆਂ ਲਈ ਇੱਕ ਔਨਲਾਈਨ ਓਰੀਐਂਟੇਸ਼ਨ ਕੋਰਸ ਹੈ। ਇਸ ਵਿੱਚ ਸਰਕਾਰੀ ਕਰਮਚਾਰੀਆਂ ਲਈ ਆਚਾਰ ਸੰਹਿਤਾ, ਕਾਰਜ ਸਥਲ ਨੈਤਿਕਤਾ ਅਤੇ ਇਮਾਨਦਾਰੀ, ਮਾਨਵ ਸੰਸਾਧਨ ਨੀਤੀਆਂ ਅਤੇ ਹੋਰ ਲਾਭ ਅਤੇ ਭੱਤੇ ਸ਼ਾਮਲ ਹੋਣਗੇ, ਜੋ ਉਨ੍ਹਾਂ ਨੂੰ ਨੀਤੀਆਂ ਦੇ ਅਨੁਕੂਲ ਹੋਣ ਅਤੇ ਨਵੀਆਂ ਭੂਮਿਕਾਵਾਂ ਲਈ ਸੁਚਾਰੂ ਢੰਗ ਨਾਲ ਢਾਲਣ ਵਿੱਚ ਮਦਦ ਕਰਨਗੇ। ਬੀਐੱਸਐੱਫ ਪੱਛਮੀ ਕਮਾਂਡ ਹੈੱਡਕੁਆਰਟਰ, ਚੰਡੀਗੜ੍ਹ ਵਿਖੇ ਹੋਏ ਸਮਾਗਮ ਦੀ ਪ੍ਰਧਾਨਗੀ ਭਾਰਤ ਸਰਕਾਰ ਦੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲਿਆਂ ਦੇ ਕੇਂਦਰੀ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਨੇ ਕੀਤੀ, ਉਨ੍ਹਾਂ ਨੇ ਵਰਚੁਅਲ ਮੋਡ ਤੋਂ ਇਲਾਵਾ, ਚੰਡੀਗੜ੍ਹ, ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ 171 ਉਮੀਦਵਾਰਾਂ ਨੂੰ ਸਰਕਾਰ ਦੇ ਕਈ ਵਿਭਾਗਾਂ ਵਿੱਚ ਵਿਭਿੰਨ ਅਸਾਮੀਆਂ ਲਈ ਨਿੱਜੀ ਤੌਰ ‘ਤੇ ਨਿਯੁਕਤੀ ਪੱਤਰ ਸੌਂਪੇ।
ਇਸ ਮੌਕੇ ‘ਤੇ ਮੌਜੂਦ ਮੁੱਖ ਮਹਿਮਾਨ ਅਤੇ ਹੋਰ ਪਤਵੰਤਿਆਂ ਦਾ ਸਵਾਗਤ ਕਰਦੇ ਹੋਏ, ਸ਼੍ਰੀ ਪੀਵੀ ਰਾਮਾ ਸ਼ਾਸਤਰੀ (ਆਈਪੀਐੱਸ), ਐਡੀਸ਼ਨਲ ਡਾਇਰੈਕਟਰ ਜਨਰਲ, ਸੀਮਾ ਸੁਰੱਖਿਆ ਬਲ, ਪੱਛਮੀ ਕਮਾਂਡ ਨੇ ਸੀਮਾ ਸੁਰੱਖਿਆ ਬਲ ਪੱਛਮੀ ਕਮਾਂਡ ਅਧੀਨ ਸਰਹੱਦ ਦੀ ਸੰਵੇਦਨਸ਼ੀਲਤਾ ਅਤੇ ਸਿਵਲ ਪ੍ਰਸ਼ਾਸਨ ਦੀ ਸਹਾਇਤਾ ਵਿੱਚ ਸੀਮਾ ਸੁਰੱਖਿਆ ਬਲ ਦੀ ਭੂਮਿਕਾ ਬਾਰੇ ਜਾਣੂ ਕਰਵਾਇਆ।
ਸਮਾਗਮ ਦੌਰਾਨ ਮਾਣਯੋਗ ਮੰਤਰੀ ਸ੍ਰੀ ਹਰਦੀਪ ਸਿੰਘ ਪੁਰੀ ਨੇ ਕੇਂਦਰੀ ਮੰਤਰਾਲਿਆਂ ਅਤੇ ਵਿਭਾਗਾਂ ਦੁਆਰਾ ਯੂਪੀਐੱਸਸੀ, ਐੱਸਐੱਸਸੀ, ਰੇਲਵੇ ਭਰਤੀ ਬੋਰਡ ਆਦਿ ਭਰਤੀ ਏਜੰਸੀਆਂ ਰਾਹੀਂ ਮਿਸ਼ਨ ਮੋਡ ਵਿੱਚ ਖਾਲੀ ਅਸਾਮੀਆਂ ਨੂੰ ਭਰਨ ਲਈ ਸਰਕਾਰ ਦੁਆਰਾ ਚਲਾਈ ਜਾ ਰਹੀ ਭਰਤੀ ਮੁਹਿੰਮ ਬਾਰੇ ਜਾਣਕਾਰੀ ਦਿੱਤੀ। ਨਵੀਆਂ ਭਰਤੀਆਂ ਗਰੁੱਪ ਏ, ਬੀ ਅਤੇ ਸੀ ਪੱਧਰ ‘ਤੇ ਕੇਂਦਰ ਸਰਕਾਰ ਦੇ 38 ਮੰਤਰਾਲਿਆਂ ਅਤੇ ਵਿਭਿੰਨ ਵਿਭਾਗਾਂ ਵਿੱਚ ਸ਼ਾਮਲ ਹੋਣਗੀਆਂ। ਉਨ੍ਹਾਂ ਨੇ ਇਹ ਵੀ ਦੁਹਰਾਇਆ ਕਿ “ਰੋਜ਼ਗਾਰ ਮੇਲਾ” ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਅਤੇ ਸਮਾਜ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਪ੍ਰਧਾਨ ਮੰਤਰੀ ਦੀ ਨਿਰੰਤਰ ਪ੍ਰਤੀਬੱਧਤਾ ਨੂੰ ਪੂਰਾ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ ਅਤੇ ਹੁਣ ਇਹ ਸਾਡੇ ਸਾਰਿਆਂ ਦੀ; ਮੁੱਖ ਤੌਰ ‘ਤੇ; ਦੇਸ਼ ਦੇ ਨੌਜਵਾਨਾਂ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਨੂੰ ਅੱਗੇ ਲੈ ਕੇ ਜਾਈਏ। ਅੱਜ ਦੇ ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਨੂੰ ਉਨ੍ਹਾਂ ਕਿਹਾ ਕਿ ਉਹ ਰਾਸ਼ਟਰ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਕਰਦੇ ਰਹਿਣ, ਜਿਸ ਦੇ ਲਈ ਉਨ੍ਹਾਂ ਨੇ ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਨੂੰ ਸ਼ੁੱਭ ਕਾਮਨਾਵਾਂ ਵੀ ਦਿੱਤੀਆਂ।
ਪ੍ਰੋਗਰਾਮ ਦੌਰਾਨ ਐੱਸਡੀਜੀ ਬੀਐੱਸਐੱਫ ਪੱਛਮੀ ਕਮਾਂਡ ਹੈੱਡਕੁਆਰਟਰ ਦੇ ਪਰਿਸਰ ਵਿੱਚ ਇਕੱਠੇ ਹੋਏ ਨਵ-ਨਿਯੁਕਤ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਗਿਆ। ਉਨ੍ਹਾਂ ਨੇ ਬੜੇ ਉਤਸ਼ਾਹ ਨਾਲ ਸੈਲਫੀਆਂ ਲਈਆਂ ਅਤੇ ਮੀਡੀਆ ਦੇ ਨੁਮਾਇੰਦਿਆਂ ਨੂੰ ਇੰਟਰਵਿਊ ਵੀ ਦਿੱਤੀ। ਸਾਰੇ ਹਾਜ਼ਰ ਨੌਜਵਾਨਾਂ ਨੇ ਇੱਕ ਅਵਾਜ਼ ਵਿੱਚ ਨਾਅਰੇ ਲਗਾ ਕੇ ਮਾਣਯੋਗ ਪ੍ਰਧਾਨ ਮੰਤਰੀ ਅਤੇ ਮਾਣਯੋਗ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਦਾ, ਰੋਜ਼ਗਾਰ ਦੇ ਅਵਸਰ ਪ੍ਰਦਾਨ ਕਰਨ ਲਈ, ਧੰਨਵਾਦ ਕੀਤਾ।