ਭੋਗ ਤੇ ਵਿਸ਼ੇਸ਼

ਸੇਵਾ ਦੀ ਕਸੌਟੀ ਤੇ ਖਰੇ ਉਤਰੇ ਸਰਦਾਰ ਸਵਰਨ ਸਿੰਘ ਦੇ ਵਿਚਾਰ ਵੱਡਮੁੱਲੇ ਖਜ਼ਾਨੇ


ਪੰਜਾਬ ਦੀ ਧਰਤੀ ਉਪਰ ਦਾਨਸ਼ਵਰ ਬਹੁਤ ਆਏ ਹਨ। ਸਮੇਂ ਸਮੇਂ ਤੇ ਪੰਜਾਬੀਅਤ ਦੀ, ਪੰਜਾਬੀ ਦੀ ਅਤੇ ਪੰਜਾਬੀਆਂ ਦੀ ਸੇਵਾ ਕਰ ਆਪਣੇ ਰਾਹੀਂ ਲੰਘਦੇ ਰਹੇ ਹਨ। ਉਨ੍ਹਾਂ ਵਿੱਚ ਕੁਝ ਸਿਆਸਤਦਾਨ ਵੀ ਹੋਏ, ਹਕੀਮ ਵੀ ਹੋਏ ਤੇ ਫਕੀਰ ਵੀ ਹੋਏੇ ਹਨ। ਸਰਦਾਰ ਸਵਰਨ ਸਿੰਘ ਵੀ ਉਨ੍ਹਾਂ ਦਾਨਸ਼ਵਰਾਂ ਵਿਚੋਂ ਇੱਕ ਸਨ, ਜੋ ਆਪਣੇ ਸਮੇਂ ਤੋਂ ਵੱਡੇ ਕੈਨਵਸ ‘ਤੇ ਜ਼ਿੰਦਗੀ ਦੀ ਤਸਵੀਰ ਬਣਾਕੇ ਇਸ ਫਾਨੀ ਦੁਨੀਆਂ ਨੂੰ ਅਲ਼ਵਿਦਾ ਆਖ ਗਏ ਹਨ। ਨਿਸਚਿਤ ਤੌਰ `ਤੇ ਉਨ੍ਹਾਂ ਦੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ, ਪਰ ਇਸ ਸਮਾਜ ਨੂੰ ਜੋ ਘਾਟਾ ਪਿਆ ਹੈ, ਉਹ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਜਿਸ ਤਰਾਂ ਨਾਲ ਅੱਜ ਕੱਲ ਰਾਜਨੀਤੀ ਇਕ ਵੱਡੇ ਤਿਜਾਰਤ ਦਾ ਰੂਪ ਲੈ ਚੁੱਕੀ ਹੈ, ਉਸ ਸਮੇਂ ਬਹੁਤ ਹੀ ਇਮਾਨਦਾਰ, ਸ਼ਾਂਤ ਅਤੇ ਲੋਕਾਂ ਦੇ ਹੱਕਾਂ ਦੀ ਗੱਲ ਕਰਨ ਵਾਲੇ ਰਾਜਨੇਤਾ ਦਾ ਇਸ ਸੰਸਾਰ ਤੋਂ ਚਲੇ ਜਾਣਾ ਬਹੁਤ ਅਖੜਦਾ ਹੈ। ਆਪ ਦੇ ਨਾਲ ਵਕਤ ਦੇ ਵੱਡੇ ਵੱਡੇ ਸੌਦਾਗਰਾਂ ਨੇ ਸਾਂਝ ਰੱਖੀ ਅਤੇ ਆਪ ਦੇ ਮਸ਼ਵਰੇ ਦੇ ਨਾਲ ਲਬਰੇਜ਼ ਵੱਡੇ ਫੈਸਲਿਆਂ ਨੂੰ ਸਿਰਜਦੇ ਰਹੇ, ਜਿਸ ਲਈ ਇਹ ਸਮਾਜ ਆਪ ਦਾ ਬਹੁਤ ਰਿਣੀ ਰਹੇਗਾ।

ਮੁਲਕ ਨੂੰ ਅਜ਼ਾਦੀ ਮਿਲਣ ਤੋਂ ਪੰਜ ਵਰਿਆਂ ਬਾਦ 11 ਨਵੰਬਰ, 1952 ਨੂੰ ਸਰਦਾਰ ਸਵਰਨ ਸਿੰਘ ਨੇ ਮਾਤਾ ਜਸਵੰਤ ਕੌਰ ਦੇ ਕੁੱਖੋਂ ਪਿਤਾ ਸਰਦਾਰ ਗੁਰਬਖਸ਼ ਸਿੰਘ ਦੇ ਘਰ ਜਨਮ ਲਿਆ ਸੀ। ਆਪ ਦੇ ਪਿਤਾ ਮਲੌਦ ਦੇ ਨੇੜਲੇ ਗਰਾਮ ਰਾਮਗੜ੍ਹ ਸਰਦਾਰਾਂ ਦੇ ਵਸਨੀਕ ਸਨ ਅਤੇ ਭਾਰਤੀ ਫੌਜ ਵਿੱਚ ਨੌਕਰ ਸਨ। ਆਪ ਨੂੰ ਬਚਪਨ ਤੋਂ ਹੀ ਸਿੱਖੀ ਨਾਲ ਬਹੁਤ ਮੋਹ ਸੀ। ਗੁਰੂ ਘਰ ਵਿਖੇ ਸੇਵਾ ਕਰਨਾ, ਪਾਠ ਕਰਨਾ ਅਤੇ ਕਿਤਾਬਾਂ ਪੜ੍ਹਣ ਦਾ ਆਪ ਨੂੰ ਬਹੁਤ ਸ਼ੌਂਕ ਸੀ।ਆਪ ਨੇ ਬੀਏ ਤੱਕ ਦੀ ਪੜਾਈ ਸਥਾਨਕ ਕਾਲਜ ਤੋਂ ਕੀਤੀ, ਆਪ ਦੇ ਸਮਕਾਲੀ ਅਤੇ ਪੱਕੇ ਮਿੱਤਰਾਂ ਵਿਚੋਂ ਜੇਕਰ ਕਿਸੇ ਸਲ਼ਸ਼ੀਅਤ ਦਾ ਜ਼ਿਕਰ ਕਰਨਾ ਬਣਦਾ ਹੈ ਤਾਂ ਉਹ ਭਾਈ ਹਰੀ ਸਿੰਘ ਰੰਧਾਵੇ ਵਾਲੇ ਹਨ। ਜਿੰਨ੍ਹਾਂ ਨਾਲ ਆਪ ਦਾ ਸਨੇਹ ਆਖਰੀ ਸਵਾਸਾਂ ਤੋਂ ਬਾਅਦ ਪਤਾਲਪੁਰੀ ਤੱੱਕ ਵੀ ਬਣਿਆ ਰਿਹਾ।ਬਚਪਨ ਤੋਂ ਲੈਕੇ ਜ਼ਿੰਦਗੀ ਦੇ ਆਖਰੀ ਸਵਾਸਾਂ ਤੱਕ ਆਪ ਇਕ ਦੂਜੇ ਦੇ ਹਿਤੈਸ਼ੀ ਬਣੇ ਰਹੇ, ਜੋ ਕਿ ਅੱਜ ਦੇ ਜ਼ਮਾਨੇ ਵਿੱਚ ਇਕ ਮਿਸਾਲ ਹੈ। ਆਪ ਨੇ ਰੋਜ਼ਗਾਰ ਦੇ ਵਧੀਆ ਮੌਕੇ ਤਲਾਸ਼ਣ ਲਈ ਲੀਬੀਆ ਦੇਸ਼ ਦਾ ਰੁਖ ਕੀਤਾ ਜਿੱਥੇ ਜਾ ਕੇ ਨਾ ਸਿਰਫ ਆਪ ਨੇ ਆਪਣੇ ਪੈਰ ਪੱਕੇ ਕੀਤੇ, ਸਗੋਂ ਪੰਜਾਬ ਤੋਂ ਸੈਂਕੜੇ ਲੋਕਾਂ ਨੂੰ ਬੁਲਾ ਕੇ ਉਨ੍ਹਾਂ ਦਾ ਰੁਜ਼ਗਾਰ ਸ਼ੁਰੂ ਕਰਵਾਇਆ ਸੀ। ਜਰਨਲ ਗੱਦਾਫੀ ਦਾ ਜਰਨਲ ਅਤੇ ਖੇਤੀਭਾੜੀ ਮੰਤਰੀ, ਆਪ ਨਾਲ ਬਹੁਤ ਅੱਛੇ ਤਾਲੂਕਾਤ ਰੱਖਦਾ ਸੀ, ਜਿਸ ਦਾ ਕਾਰਨ ਆਪ ਦੀ ਪੜਾਈ ਸੀ। ਆਪ ਅਰਬੀ ਭਾਸ਼ਾ ਦੇ ਬਹੁਤ ਮਾਹਿਰ ਸਨ। ਬਹੁਤ ਹੀ ਫਰਾਟੇਦਾਰ ਅਰਬੀ ਆਪ ਬੋਲ ਵੀ ਲੈਂਦੇ ਸਨ ਤੇ ਸਮਝ ਵੀ ਲੈਂਦੇ ਸਨ। ਆਪ ਨੂੰ ਗੀਤ ਗਜ਼ਲ ਲਿਖਣ ਦਾ ਬਹੁਤ ਸ਼ੌਂਕ ਸੀ, ਆਪ ਦੀਆਂ ਲਿਖੀਆਂ ਸਤਰਾਂ ਨੂੰ ਗਾਉਣ ਲਈ ਬਹੁਤ ਹੀ ਵੱਡੇ ਗਾਇਕਾਂ ਨੇ ਬੇਨਤੀਆਂ ਕੀਤੀਆਂ, ਪਰ ਆਪ ਨੇ ਸਹੀ ਅਵਾਜ਼ ਅਤੇ ਸ਼ਾਸ਼ਤਰੀ ਸੰਗੀਤ ਤੋਂ ਊਣੇ ਗਾਇਕਾਂ ਨੂੰ ਉਹ ਗੀਤ ਦੇਣ ਤੋਂ ਇਨਕਾਰ ਹੀ ਕੀਤਾ।
ਆਪਣੇ ਦੋ ਬੇਟਿਆਂ ਨੂੰ ਬਹੁਤ ਹੀ ਸਲੀਕੇ ਨਾਲ ਸਹਿਜਤਾ ਨਾਲ ਪਾਲਿਆ ਅਤੇ ਕਾਬਿਲ ਬਣਾਇਆ, ਅੱਜ ਦੋਵੇਂ ਹੀ ਬੇਟੇ ਆਪੋ ਆਪਣੇ ਕਾਰੋਬਾਰ ਵਿੱਚ ਨਾਮਣਾ ਖੱਟ ਰਹੇ ਹਨ।ਉਨ੍ਹਾਂ ਦੇ ਵੱਡੇ ਬੇਟੇ ਅਮਰਿੰਦਰ ਸਿੰਘ ਰੂਪਰਾਏ ਵੀ ਆਪਣੇ ਪਿਤਾ ਵਾਂਗ ਹੀ ਬਹੁਤ ਹੀ ਨਿਪੁੰਨ ਵੈਦ ਹਨ ਅਤੇ ਉਹ ਉਨ੍ਹਾਂ ਦੇ ਵਿਰਸੇ ਨੂੰ ਸਹੀ ਅਰਥਾਂ ਵਿੱਚ ਅੱਗੇ ਲੈਕੇ ਜਾਣਗੇ। ਪਿੱਛੇ ਜਿਹੇ ਉਨ੍ਹਾਂ ਨੇ ਆਪਣੇ ਗੀਤ ਸਤਿੰਦਰ ਸਰਤਾਜ ਹੋਣਾਂ ਨੂੰ ਦੇਣ ਦੀ ਇੱਛਾ ਜ਼ਰੂਰ ਜ਼ਾਹਿਰ ਕੀਤੀ ਸੀ, ਆਸ ਹੈ ਉਨ੍ਹਾਂ ਦਾ ਛੋਟਾ ਫਰਜ਼ੰਦ ਗਰਿੰਦਰ ਸਿੰਘ ਰੂਪਰਾਏ ਆਪਣੇ ਪਿਤਾ ਦੀ ਇਹ ਇੱਛਾ ਜ਼ਰੂਰ ਪੂਰੀ ਕਰਨਗੇ।ਰਾਸ਼ਟਰਵਾਦੀ ਕਾਂਗਰਸ ਪਾਰਟੀ ਨੇ ਉਨ੍ਹਾਂ ਦੇ ਛੋਟੇ ਬੇਟੇ ਗੁਰਿੰਦਰ ਸਿੰਘ ਰੂਪਰਾਏ ਨੂੰ ਉਨ੍ਹਾਂ ਦੇ ਜਿਉਂਦੇ ਜੀਅ ਹੀ ਪਾਰਟੀ ਦੀ ਪੰਜਾਬ ਇਕਾਈ ਦਾ ਸੰਯੋਜਕ ਥਾਪ ਦਿੱੱਤਾ ਸੀ।ਉਹ ਇਸ ਵੇਲੇ ਆਪਣੇ ਪਿਤਾ ਦੇ ਲਾਏ ਇਸ ਬੂਟੇ ਨੂੰ ਹੋਰ ਵੱਡਾ ਕਰ ਰਹੇ ਹਨ।ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਸਾਥ ਆਪਣੇ ਜੀਵਨ ਸਾਥੀ ਸਰਦਾਰਨੀ ਸੰਤੋਸ਼ ਰੂਪਰਾਏ ਜੀ ਨਾਲ ਬਹੁਤ ਹੀ ਸ਼ਾਲੀਨਤਾ ਅਤੇ ਅਦਬ ਨਾਲ ਨਿਭਾਇਆ। ਸਰਦਾਰਨੀ ਜੀ ਸਰਕਾਰੀ ਨੌਕਰ ਸਨ, ਪਰ ਦੋਵਾਂ ਦਾ ਸਾਥ ਤੇ ਆਪਸੀ ਨਿਭਾਅ ਬਹੁਤ ਹੀ ਜ਼ਿਆਦਾ ਸਲਾਹੁਣਯੌਗ ਰਿਹਾ ਹੈ।
ਉਨ੍ਹਾਂ ਦੀ ਸਭ ਤੋਂ ਵੱਡੀ ਖੂਬੀ ਉਨ੍ਹਾਂ ਦੇ ਮੁੱਖ ਤੇ ਸਦੀਵੀ ਮੁਸਕੁਰਾਹਟ ਦਾ ਠਹਿਰਾਵ ਅਤੇ ਉਸ ਦੇ ਨਾਲ ਉਨ੍ਹਾਂ ਦਾ ਸ਼ਾਂਤ ਸੁਭਾਅ ਸੀ। ਜਿਸ ਤੋਂ ਪ੍ਰਭਾਵਿਤ ਹੋਣ ਤੋਂ ਸ਼ਰਦ ਪਵਾਰ ਤੋਂ ਲੈਕੇ ਧਾਵੇ ਸਾਹਿਬ ਵੀ ਆਪਣੇ ਆਪ ਨੂੰ ਰੋਕ ਨਾ ਸਕੇ।ਧਾਵੇ ਸਾਹਿਬ ਨੂੰ ਸਵਰਨ ਜੀ ਆਪਣਾ ਰਾਜਨੀਤਕ ਉਸਤਾਦ ਵੀ ਮੰਨਦੇ ਸਨ। ਟੀਪੀ ਪਿਤਾੰਬਰਨ ਮਾਸਟਰ ਜੀ, ਪੀਏ ਸੰਗਮਾ, ਤਾਰਿਕ ਅਨਵਰ, ਪ੍ਰਫੂਲ ਪਟੇਲ ਆਪ ਦੀ ਤਰਬੀਅਤ ਤੋਂ ਬਹੁਤ ਪ੍ਰਭਾਵਿਤ ਸਨ, ਜਿਸ ਕਾਰਨ ਉਹ ਵਾਰ ਵਾਰ ਉਨ੍ਹਾਂ ਨੂੰ ਕੇਂਦਰ ਸਰਕਾਰ ਵਿੱਚ ਵੱਡੇ ਔਹਦੇ ਤੇ ਲਿਜਾਉਣਾ ਚਾਹੁੰਦੇ ਸਨ, ਪਰ ਸਵਰਨ ਸਿੰਘ ਜੀ ਆਪਣੇ ਸ਼ਾਂਤ ਸੁਬਾੳੇ, ਸ਼ਾਂਤ ਜ਼ਿੰਦਗੀ ਅਤੇ ਪੰਜਾਬ ਨਾਲ ਆਪਣੇ ਪਿਆਰ ਨੂੰ ਤਿਲਾਂਜਲੀ ਦਿੱਤੇ ਬਿਨਾ ਜਿਉਣ ਦੇ ਇਛੁੱਕ ਨਹੀਂ ਸਨ, ਜਿਸ ਕਰਕੇ ਉਨ੍ਹਾਂ ਕੋਈ ਵੀ ਔਹਦਾ ਨਹੀਂ ਲਿਆ, ਪਰ ਪੰਜਾਬ ਦੀ ਕਿਸਾਨੀ ਨੂੰ ਲੀਹ ਤੇ ਲਿਆਉਣ ਲਈ ਪੰਜਾਬ ਸਰਕਾਰ ਨੂੰ ਵੱਡੇ ਵੱਡੇ ਫੰਡ ਦੇਣ ਲਈ ਸ਼ਰਦ ਪਵਾਰ ਜੀ ਨੂੰ ਹਮੇਸ਼ਾਂ ਮਨਾਇਆ, ਜਿਸ ਲਈ ਅਸੀਂ ਪੰਜਾਬ ਉਨ੍ਹਾਂ ਦਾ ਹਮੇਸ਼ਾਂ ਧੰਨਵਾਦੀ ਰਹੇਗਾ, ਹਾਲਾਂਕਿ ਪੰਜਾਬ ਦੇ ਹੋਰ ਵੱਡੇ ਨੇਤਾ ਉਸ ਮਦਦ ਦਾ ਸਿਹਰਾ ਆਪਣੇ ਸਿਰ ਬੰਨਦੇ ਰਹੇ, ਪਰ ਉਹ ਗੱਲਾਂ ਸਵਰਨ ਸਿੰਘ ਜੀ ਦੀ ਸਖਸ਼ੀਅਤ ਲਈ ਬਹੁਤ ਛੋਟੀਆਂ ਸਨ, ਜਿਸ ਕਰਕੇ ਉਹ ਕਦੇ ਵੀ ਕਰੈਡਿਟ ਵਾਰ ਵਿੱਚ ਨਹੀਂ ਪਏ।ਕਈ ਵਾਰ ਵੱਡੇ ਵੱਡੇ ਧਨਾਢ ਨੇਤਾਵਾਂ ਨੇ ਉਨ੍ਹਾਂ ਨੂੰ ਲੀਹ ਤੋਂ ਲਾਹਕੇ ਪਾਰਟੀ ਦੀ ਵਾਗਡੋਰ ਆਪਣੇ ਹੱਥ ਵਿੱਚ ਕਰਨ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਸ਼ਰਦ ਪਵਾਰ ਸਾਹਿਬ ਨੂੰ ਸਵਰਨ ਸਿੰਘ ਉਪਰ ਇਤਬਾਰ ਹੀ ਨਹੀਂ ਸੀ, ਉਹ ਤਾਂ ਉਨ੍ਹਾਂ ਨਾਲ ਬਹੁਤ ਨੇੜਤਾ ਰੱਖਦੇ ਸਨ, ਜਿਸ ਕਾਰਨ ਉਨ੍ਹਾਂ ਖਿਲਾਫ ਕੀਤੀ ਗਈ ਕੋਈ ਵੀ ਸਾਜਿਸ਼ ਕਦੇ ਵੀ ਕਾਮਯਾਬ ਨਹੀਂ ਹੋਈ।
ਸਵਰਨ ਸਿੰਘ ਜੀ ਦਾ ਇਕ ਬਹੁਤ ਹੀ ਵੱਡਾ ਹੁਨਰ ਉਨ੍ਹਾਂ ਦੀ ਅਯੁਰਵੇਦ ਉਪਰ ਵੱਡੀ ਪੱਕੜ ਸੀ।ਬਚਪਨ ਤੋਂ ਲੈਕੇ ਅੰਤ ਤੱਕ ਉਹ ਅਯੁਰਵੇਦ ਦੇ ਬਹੁਤ ਹੀ ਦੁਰਲਭ ਗ੍ਰੰਥ ਪੜ੍ਹਦੇ ਰਹੇ। ਉਨ੍ਹਾਂ ਵਲੋਂ ਤਿਆਰ ਕੀਤੇ ਕੁਝ ਨਮੂਨੇ ਤਾਂ ਕਰਿਸ਼ਮਈ ਹਨ। ਲੀਵਰ, ਡੇਂਗੂ ਅਤੇ ਕਰੋਨਾ ਦੀ ਦਵਾਈ ਨੇ ਪਤਾ ਨਹੀਂ ਕਿੰਨੇ ਹੀ ਸੈਂਕੜੇ ਲੋਕਾਂ ਦੀ ਜਾਨ ਬਚਾਈ ਹੈ।
ਸਵਰਨ ਸਿੰਘ ਬਹੁਤ ਹੀ ਸਾਫ ਸੁਥਰੀ ਅਤੇ ਸੁਲਝੀ ਹੋਈ ਰਾਜਨੀਤੀ ਵਿੱਚ ਵਿਸ਼ਵਾਸ ਰੱਖਣ ਵਾਲੀ ਸਖਸ਼ੀਅਤ ਸਨ, ਆਪ ਦੇ ਜਾਣ ਨਾਲ ਲੋਕਾਂ ਲਈ ਰਾਜਨੀਤੀ ਕਰਨ ਵਾਲੇ ਰਾਹਗੀਰਾਂ ਲਈ ਇਕ ਰੌਸ਼ਨ ਚਿਰਾਗ ਦਾ ਬੁਝ ਜਾਣਾ ਹੈ, ਆਪ ਦੇ ਜਾਣ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਹੈ। ਆਪ ਦੇ ਵਿਚਾਰ ਸਦਾ ਸਾਡਾ ਰਾਹ ਦਿਸੇਂਦੇ ਬਣਕੇ ਸਾਡੇ ਰਾਹ ਰੁਸ਼ਨਾਉਂਦੇ ਰਹਿਣਗੇ ਅਤੇ ਆਉਣ ਵਾਲੀਆਂ ਨਸਲਾਂ ਨੂੰ ਵੀ ਸਹੀ ਮਾਰਗ ਤੇ ਚੱਲਣ ਦੀ ਨਸੀਹਤ ਦਿੰਦੇ ਰਹਿਣਗੇ। ਪਰਮਾਤਮਾ ਸਰਦਾਰ ਸਵਰਨ ਸਿੰਘ ਜੀ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਦੀ ਉਨ੍ਹਾਂ ਦੇ ਵਾਰਿਸਾਂ ਨੂੰ ਸ਼ਕਤੀ ਦੇਵੇ, ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਸਾਡੇ ਸਮਾਜ ਨੂੰ ਇਮਾਨਦਾਰੀ ਦੀ, ਬਿਨਾਂ ਨਸ਼ੇ ਤੋਂ ਬਿਨਾਂ ਲਾਲਚ ਤੋਂ ਸਮਾਜ ਦੀ ਸੇਵਾ ਕਰਨ ਦਾ ਬਲ ਦੇਵੇ, ਅਸੀਂ ਉਨ੍ਹਾਂ ਦੇ ਦਰਸਾਏ ਰਾਹ ਤੇ ਚੱਲ ਸਕੀਏ, ਇਹੋ ਸਰਦਾਰ ਸਵਰਨ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਧੰਨਵਾਦ।
ਗੁਰਮਿੰਦਰ ਸਿੰਘ ਸਮਦ
ਮੁੱਖ ਸੰਪਾਦਕ ਪੰਜਾਬਨਾਮਾ