10ਵੀਂ ਪੰਜਾਬ ਰਾਜ ਗੱਤਕਾ ਚੈਂਪੀਅਨਸ਼ਿਪ ਮਸਤੂਆਣਾ ‘ਚ ਸ਼ੁਰੂ
ਮਸਤੂਆਣਾ ਸਾਹਿਬ 12 ਨਵੰਬਰ (ਸੁਖਵਿੰਦਰ ਸਿੰਘ ਬਾਵਾ)
– ਗੱਤਕਾ ਸ਼ਸਤਰ ਵਿੱਦਿਆ ਸਿੱਖ ਵਿਰਾਸਤ ਦੀ ਅਦੁੱਤੀ ਖੇਡ ਹੈ, ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਭਰ ਵਿੱਚ ਹੋਰ ਉਤਸ਼ਾਹਿਤ ਕੀਤਾ ਜਾਵੇਗਾ। ਇਹ ਐਲਾਨ ਅੱਜ ਇੱਥੇ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਸ. ਮਲਕੀਤ ਸਿੰਘ ਚੰਗਾਲ ਨੇ ਅਕਾਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਵਿਖੇ ਅਰੰਭ ਹੋਈ ਚਾਰ ਰੋਜ਼ਾ ਰਾਜ ਪੱਧਰੀ ਗੱਤਕਾ ਚੈਂਪੀਅਨਸ਼ਿਪ ਮੌਕੇ ਬਤੌਰ ਮੁੱਖ ਮਹਿਮਾਨ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਹੇ। Gatka game will be promoted more
ਇਸ ਰਾਜ ਪੱਧਰੀ ਟੂਰਨਾਮੈਂਟ ਵਿਚ 15 ਜ਼ਿਲ੍ਹਿਆਂ ਦੀਆਂ ਲੜਕਿਆਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਸ. ਚੰਗਾਲ ਨੇ ਇਸ ਮੌਕੇ ਗੱਤਕਾ ਚੈਂਪੀਅਨਸ਼ਿਪ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਉਨ੍ਹਾਂ ਨਾਲ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ ਅਤੇ ਅਕਾਲ ਕੌਂਸਲ ਦੇ ਸਕੱਤਰ ਸ. ਜਸਵੰਤ ਸਿੰਘ ਖਹਿਰਾ ਵੀ ਹਾਜ਼ਰ ਸਨ।
ਸ. ਚੰਗਾਲ ਨੇ ਕਿਹਾ ਕਿ ਸ਼ਸ਼ਤਰ ਵਿੱਦਿਆ ਤੇ ਗੱਤਕਾ ਸਵੈ-ਰੱਖਿਆ ਦੀ ਬਿਹਤਰ ਕਲਾ ਹੈ। ਇਸ ਲਈ ਸਮੂਹ ਨੌਜਵਾਨਾਂ ਖਾਸ ਕਰਕੇ ਬੀਬੀਆਂ ਨੂੰ ਸਵੈ-ਰੱਖਿਆ ਲਈ ਇਸ ਖੇਡ ਨੂੰ ਅਪਨਾਉਣਾ ਚਾਹੀਦਾ ਹੈ। ਇਸ ਮੌਕੇ ਬੋਲਦਿਆਂ ਸ. ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਗੱਤਕਾ ਖੇਡ ਦੇ ਸਰਟੀਫਿਕੇਟਾਂ ਦੀ ਗ੍ਰੇਡੇਸ਼ਨ ਹੋਣ ਕਰਕੇ ਗੱਤਕਾ ਖਿਡਾਰੀਆਂ ਦਾ ਭਵਿੱਖ ਬਹੁਤ ਉੱਜਲ ਹੈ ਇਸ ਕਰਕੇ ਵੱਧ ਤੋਂ ਵੱਧ ਖਿਡਾਰੀ ਇਸ ਖੇਡ ਨਾਲ ਜੁੜਨ।
ਸਕੱਤਰ ਸ. ਜਸਵੰਤ ਸਿੰਘ ਖਹਿਰਾ ਨੇ ਸਮੂਹ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਅਕਾਲ ਕੌਂਸਲ ਹਰ ਸਮੇਂ ਗੱਤਕਾ ਖੇਡ ਦੀ ਪ੍ਰਫੁੱਲਤਾ ਲਈ ਆਪਣਾ ਯੋਗਦਾਨ ਪਾਉਂਦੀ ਰਹੇਗੀ।
ਇਸ ਤੋਂ ਪਹਿਲਾਂ ਜਿਲਾ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਬਾਲੀਆਂ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਿਆ ਅਤੇ ਜਸਵੰਤ ਸਿੰਘ ਖਹਿਰਾ ਵੱਲੋਂ ਧੰਨਵਾਦ ਕਰਨ ਉਪਰੰਤ ਮਹਿਮਾਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਅਕਾਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਦੀ ਪ੍ਰਿੰਸੀਪਲ ਡਾ. ਗੀਤਾ ਠਾਕਰ, ਡਾ. ਅਮਨਦੀਪ ਕੌਰ, ਗੁਰਜੰਟ ਸਿੰਘ ਦੁੱਗਾਂ, ਸਿਆਸਤ ਸਿੰਘ ਗਿੱਲ, ਮਾਸਟਰ ਭੁਪਿੰਦਰ ਸਿੰਘ, ਡਾ. ਉਂਕਾਰ ਸਿੰਘ, ਡਾ. ਜਸਪਾਲ ਸਿੰਘ, ਪ੍ਰੋ. ਨਿਰਪਜੀਤ ਸਿੰਘ, ਪ੍ਰੋ. ਗੁਰਦੀਪ ਸਿੰਘ, ਪ੍ਰੋ. ਸਤਿੰਦਰ ਪਾਲ, ਪ੍ਰੋ. ਸੁਖਜੀਤ ਸਿੰਘ ਘੁਮਾਣ, ਸੋਹਨਦੀਪ ਸਿੰਘ ਜੁਗਨੂੰ ਸਮੇਤ ਵੱਡੀ ਗਿਣਤੀ ਵਿਚ ਵੱਖ-ਵੱਖ ਵਿੱਦਿਅਕ ਸੰਸਥਾਵਾਂ ਦੇ ਪ੍ਰਿੰਸੀਪਲ ਅਤੇ ਸਟਾਫ ਮੈਂਬਰ ਮੌਜੂਦ ਸਨ।