ਓਟਾਵਾ – ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨੇ ਵਧ ਰਹੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਤੇ ਚਿੰਤਾ ਪ੍ਰਗਟਾਈ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿੱਲਰ ਨੇ ਵਿਦੇਸ਼ੀ ਵਿਦਿਆਰਥੀਆਂ ਵੱਲੋਂ ਸਟਡੀ ਵੀਜ਼ੇ ਦੀ ਆੜ ਵਿੱਚ ਰਿਫ਼ਿਊਜੀ ਸ਼ਰਣ ਮੰਗਣ ਦੇ ਵਧਦੇ ਰੁਝਾਨ ਨੂੰ ਖਤਰਨਾਕ ਦੱਸਿਆ ਹੈ।
ਇਹ ਬਿਆਨ ਦੇਸ਼ ਵਿੱਚ ਆਉਣ ਵਾਲੀਆਂ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਆਇਆ ਹੈ, ਜਿੱਥੇ ਘਰਾਂ ਅਤੇ ਰੋਜ਼ਗਾਰ ਦੀ ਕਮੀ ਇੱਕ ਵੱਡਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਇੱਕ ਹਾਲੀਆ ਪ੍ਰੋਗਰਾਮ ਦੌਰਾਨ, ਮਿੱਲਰ ਨੇ ਕਿਹਾ, “ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀ ਸਟਡੀ ਵੀਜ਼ਾ ਲੈ ਕੇ ਕੈਨੇਡਾ ਆਉਂਦੇ ਹਨ, ਪਰ ਸਟੱਡੀ ਪੂਰੀ ਕਰਨ ਤੋਂ ਬਾਅਦ ਉਹ ਸ਼ਰਣ ਮੰਗਣ ਲੱਗ ਪੈਂਦੇ ਹਨ।
ਇਹ ਰੁਝਾਨ ਸਾਨੂੰ ਚਿੰਤਿਤ ਕਰਦਾ ਹੈ, ਕਿਉਂਕਿ ਇਸ ਨਾਲ ਸਾਡੇ ਇਮੀਗ੍ਰੇਸ਼ਨ ਸਿਸਟਮ ‘ਤੇ ਦਬਾਅ ਵੱਧਦਾ ਹੈ।” ਉਨ੍ਹਾਂ ਕਿਹਾ ਕਿ ਕੈਨੇਡਾ ਦੇ ਵਿਦਿਆਰਥੀ ਵੀਜ਼ਾ ਸਿਸਟਮ ਦਾ ਗਲਤ ਵਰਤਾਂ ਹੋ ਰਿਹਾ ਹੈ ਅਤੇ ਇਹ ਮਸਲਾ ਉਨ੍ਹਾਂ ਦੇ ਮੰਤਰਾਲੇ ਵੱਲੋਂ ਗੰਭੀਰਤਾ ਨਾਲ ਜਾਂਚਿਆ ਜਾ ਰਿਹਾ ਹੈ।
ਇਸੇ ਨਾਲ, ਮਿੱਲਰ ਨੇ ਕੈਨੇਡਾ ਦੇ ਸਿੱਖਿਆ ਸੰਸਥਾਨਾਂ ਨੂੰ ਵੀ ਆਪਣੀਆਂ ਪ੍ਰਕਿਰਿਆਵਾਂ ਵਿੱਚ ਸੁਧਾਰ ਕਰਨ ਲਈ ਕਿਹਾ ਹੈ, ਤਾਂ ਜੋ ਵਿਦਿਆਰਥੀ ਵੀਜ਼ੇ ਦੀ ਆੜ ਵਿੱਚ ਅਨਚਾਹੇ ਤੌਰ ‘ਤੇ ਬਸਣ ਦੀ ਕੋਸ਼ਿਸ਼ ਨੂੰ ਰੋਕਿਆ ਜਾ ਸਕੇ।
ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਲਈ ਨਵੇਂ ਕਦਮ
ਕੈਨੇਡਾ ਸਰਕਾਰ ਨੇ ਅਗਲੇ ਤਿੰਨ ਸਾਲਾਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਸਮੇਤ ਅਸਥਾਈ ਨਿਵਾਸੀਆਂ ਦੀ ਗਿਣਤੀ 6.2% ਤੋਂ ਘਟਾ ਕੇ 5% ਕਰਨ ਦਾ ਟਾਰਗਟ ਸੈੱਟ ਕੀਤਾ ਹੈ।
ਇਸੇ ਸਾਲ ਦੇ ਸ਼ੁਰੂ ਵਿੱਚ, ਸਰਕਾਰ ਨੇ ਦੋ ਸਾਲਾਂ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਆਮਦਾਂ ਤੇ ਰੋਕ ਲਾਉਣ ਦਾ ਫ਼ੈਸਲਾ ਕੀਤਾ ਸੀ, ਜਿਸਦੇ ਅਧੀਨ 2024 ਵਿੱਚ ਸਿਰਫ਼ 364,000 ਸਟੱਡੀ ਪਰਮੀਟ ਜਾਰੀ ਕੀਤੇ ਜਾਣਗੇ।
ਇਹ ਵੀ ਪੜ੍ਹੋ-ਕਾਰ ਚੋਰੀ ਮਾਮਲੇ ਵਿਚ ਔਰਤ ਗ੍ਰਿਫਤਾਰ
ਇਹ ਗਿਣਤੀ 2023 ਵਿੱਚ ਜਾਰੀ ਕੀਤੀਆਂ 560,000 ਪਰਮੀਟਾਂ ਨਾਲੋਂ 35% ਘੱਟ ਹੈ।
ਇਮੀਗ੍ਰੇਸ਼ਨ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ 2025 ਵਿੱਚ ਸਟੱਡੀ ਪਰਮੀਟਾਂ ਦੀ ਗਿਣਤੀ ‘ਚ 10% ਹੋਰ ਕਮੀ ਆਵੇਗੀ।
ਕੈਨੇਡਾ ਵਿੱਚ ਮਕਾਨਾਂ ਦੀ ਘਾਟ ਨੂੰ ਪੂਰਾ ਕਰਨ ਅਤੇ ਰੋਜ਼ਗਾਰ ਦੇ ਮੌਕਿਆਂ ਦੇ ਸੰਕਟ ਤੋਂ ਨਜਿੱਠਣ ਲਈ ਇਹਨਾਂ ਕਦਮਾਂ ਨੂੰ ਲਿਆ ਜਾ ਰਿਹਾ ਹੈ।
ਅੰਤਰਰਾਸ਼ਟਰੀ ਵਿਦਿਆਰਥੀਆਂ ਵਿਚੋਂ ਸਭ ਤੋਂ ਵੱਧ ਭਾਰਤ, ਚੀਨ, ਫਿਲੀਪੀਨਜ਼ ਅਤੇ ਨਾਈਜੀਰੀਆ ਤੋਂ ਹਨ, ਜੋ ਕੈਨੇਡਾ ਦੇ ਮਜਬੂਤ ਸਿੱਖਿਆ ਪ੍ਰਬੰਧ ਦਾ ਹਿੱਸਾ ਬਣ ਰਹੇ ਹਨ, ਪਰ ਨਵੇਂ ਨਿਯਮਾਂ ਦੇ ਨਾਲ, ਇਹਨਾਂ ਦੀਆਂ ਅਸਥਾਈ ਨਿਵਾਸੀ ਯੋਜਨਾਵਾਂ ‘ਤੇ ਕਨੂੰਨੀ ਪਾਬੰਦੀਆਂ ਵੱਧ ਰਹੀਆਂ ਹਨ।