ਅੰਮ੍ਰਿਤਸਰ, – ਅੰਮ੍ਰਿਤਸਰ ਦੇ ਇੱਕ ਮਾਮਲੇ ‘ਚ ਅਦਾਲਤ ਨੇ 6 ਸਾਲ ਦੀ ਧੀ ਨਾਲ ਜਬਰ-ਜਨਾਹ ਦੇ ਦੋਸ਼ ‘ਚ ਦੋਸ਼ੀ ਪਿਤਾ ਨੂੰ ਫਾਂਸੀ ਦੀ ਸਜਾ ਅਤੇ ਇੱਕ ਲੱਖ ਰੁਪਏ ਦਾ ਜੁਰਮਾਨਾ ਅਤੇ ਪੌਸਕੋ ਐਕਟ ਦੀ ਧਾਰਾ 6 ਤਹਿਤ ਤਾਅ ਉਮਰ ਲਈ ਉਮਰ ਕੈਦ ਤੇ ਪੰਜਾਹ ਹਜਾਰ ਰੁਪਏ ਜੁਰਮਾਨੇ ਦੀ ਸਖਤ ਸਜਾ ਸੁਣਾਈ।

ਮਾਮਲਾ 2020 ਵਿੱਚ ਦਰਜ ਹੋਇਆ ਸੀ ਜਦੋਂ ਮੁਲਜ਼ਮ ਨੇ ਆਪਣੀ ਧੀ ਦੇ ਨਾਲ ਦਰਿੰਦਗੀ ਦੀ ਹੱਦਾਂ ਪਾਰ ਕਰਦਿਆਂ ਘਿਣੌਣੀ ਹਰਕਤ ਕੀਤੀ ਸੀ। ਇਸ ਘਟਨਾ ਨੇ ਸਾਰੇ ਪਿੰਡ ਨੂੰ ਸਹਿਮਾ ਦਿੱਤਾ ਸੀ ਅਤੇ ਲੋਕਾਂ ਵਿੱਚ ਭਾਰੀ ਰੋਸ ਪੈਦਾ ਕੀਤਾ ਸੀ।

ਅਦਾਲਤ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਦੋਸ਼ੀ ਪਿਤਾ ਨੂੰ ਸਭ ਤੋਂ ਵੱਡੀ ਸਜ਼ਾ ਸੁਣਾਉਣ ਦਾ ਫ਼ੈਸਲਾ ਲਿਆ ਹੈ।

ਪੌਸਕੋ ਫਾਸਟ ਟਰੈਕ ਅਦਾਲਤ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨਜ ਜੱਜ ਤ੍ਰਿਪਤਜੋਤ ਕੌਰ ਨੇ ਆਪਣਾ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਇਸ ਜਬਰ ਜਨਾਹ ਨੇ ਨਿਰਦੋਸ਼ ਬੱਚੀ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ ਅਤੇ ਸਮਾਜ ‘ਚ ਇਸ ਤਰ੍ਹਾਂ ਦੇ ਅਪਰਾਧ ਬਰਦਾਸ਼ਤ ਨਹੀਂ ਹੋਵੇਗਾ।

ਇਹ ਵੀ ਪੜ੍ਹੋ-ਕਿਸਾਨਾਂ ਅਤੇ ਸਰਕਾਰ ਵਿਚਾਲੇ ਤਿੱਖਾ ਟਕਰਾਅ

ਦੋਸ਼ੀ ਪਿਤਾ ਤੇ ਦੋਸ਼ ਹੈ ਕਿ ਉਹ ਪਰਿਵਾਰਿਕ ਝਗੜੇ ਕਾਰਨ ਆਪਣੀ ਪਤਨੀ ਤੋਂ ਵੱਖ ਰਹਿੰਦਾ ਸੀ ਅਤੇ ਉਹ ਪਹਿਲਾ ਕਦੇ ਕਦਾਈਂ ਆਪਣੀ ਬੱਚੀ ਨੂੰ ਮਿਲਣ ਆਉਂਦਾ ਸੀ ਅਤੇ ਆਪਣੇ ਨਾਲ ਵੀ ਲੈ ਜਾਂਦਾ ਸੀ ਅਤੇ ਛੱਡ ਵੀ ਜਾਂਦਾ ਸੀ ਉਹ ਵਾਰਦਾਤ ਵਾਲੇ ਦਿਨ ਚਾਰ ਜਨਵਰੀ ਸ਼ਾਮ ਨੂੰ ਉਹ ਬੱਚੀ ਨੂੰ ਆਪਣੇ ਨਾਲ ਲੈ ਗਿਆ ਪਰ ਵਾਪਸ ਛੱਡਣ ਨਹੀਂ ਆਇਆ। ਉਸ ਨੇ ਜੰਗਲੀ ਇਲਾਕੇ ਵਿੱਚ ਨੰਨ੍ਹੀ ਬੱਚੀ ਨਾਲ ਜਬਰ ਜਨਾਹ ਕਰ ਕੇ ਉਸ ਦਾ ਕਤਲ ਕਰ ਦਿੱਤਾ।

ਜਿਸ ਤੋਂ ਬਾਅਦ ਆਪਣੀ ਬੱਚੀ ਦੀ ਲਾਸ਼ ਦਰਖਤ ਨਾਲ ਲਟਕਾ ਦਿੱਤੀ। ਉਹ ਨਸ਼ੇ ਦੀ ਹਾਲਤ ਵਿੱਚ ਨੇੜੇ ਹੀ ਘੁੰਮਦਾ ਰਿਹਾ। ਉਸ ਨੇ ਇਸ ਵਾਰਦਾਤ ਬਾਰੇ ਆਪਣੀ ਪਤਨੀ ਨੂੰ ਆਪ ਹੀ ਸੂਚਿਤ ਕਰ ਦਿੱਤਾ ਕਿ ਉਸ ਨੇ ਬੱਚੀ ਨੂੰ ਮਾਰ ਦਿੱਤਾ ਹੈ। ਇਸ ਸਬੰਧੀ ਥਾਣਾ ਖਲਚੀਆਂ ਵਿਖੇ ਦੋਸ਼ੀ ਦੀ ਪਤਨੀ ਰਮਨਜੀਤ ਕੌਰ ਦੀ ਸ਼ਿਕਾਇਤ ਦੇ ਆਧਾਰ ‘ਤੇ ਮੁਕਦਮਾ ਦਰਜ ਕੀਤਾ ਗਿਆ ਸੀ।

ਇਸ ਫ਼ੈਸਲੇ ਤੋਂ ਬਾਅਦ, ਕੁੜੀ ਦੇ ਪਰਿਵਾਰ ਨੇ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਨਿਆਂ ਮਿਲਿਆ ਹੈ।