ਰਸਮ ਏ ਮੁਹੱਬਤ ਦਾ ਇਜ਼ਹਾਰ ਭਾਜਪਾ ਦਾ ਪੰਜਾਬ ਨਾਲ ਕਿੰਨਾ ਝੂਠਾ ਝੂਠਾ ਜਾਪਦਾ ਕਿ ਇਸ ਸੂਬੇ ਲਈ ਉਮੀਦਵਾਰ ਵੀ ਉਧਾਰੀ ਦੇ ਆਸ਼ਕਾਂ ਵਾਂਗ ਦੂਜੀਆਂ ਪਾਰਟੀਆਂ ਤੋਂ ਖੋਹ ਕੇ ਐਲਾਨ ਕੀਤੇ। ਜਿਹੜੇ ਆਪਣਾ ਘਰ ਬਾਰ ਇਸ ਪਾਰਟੀ ਲਈ ਲੁਟਾਉਂਦੇ ਰਹੇ, ਉਨ੍ਹਾਂ ਵਿੱਚੋਂ ਇਕ ਨੂੰ ਵੀ ਪਾਰਟੀ ਨੇ ਥਾਪੜਾ ਨਾ ਦਿੱਤਾ। ਸਿਰਫ਼ ਗੁਰਦਾਸਪੁਰ ਤੋਂ ਹੀ ਟਕਸਾਲੀ ਭਾਜਪਾਈ ਨੂੰ ਟਿਕਟ ਦਿੱਤੀ ਗਈ ਹੈ।
ਭਾਜਪਾ ਨੇ ਪੰਜਾਬ ਵਿੱਚ ਲੋਕ ਸਭਾ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ, ਜਿਸ ਵਿੱਚ 6 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਵਿੱਚ ਜਲੰਧਰ ਤੋਂ ਸੁਸ਼ੀਲ ਰਿੰਕੂ, ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ, ਪਟਿਆਲਾ ਤੋਂ ਪ੍ਰਨੀਤ ਕੌਰ, ਫ਼ਰੀਦਕੋਟ ਤੋਂ ਹੰਸਰਾਜ ਹੰਸ, ਗੁਰਦਾਸਪੁਰ ਤੋਂ ਦਿਨੇਸ਼ ਬੱਬੂ ਅਤੇ ਅੰਮ੍ਰਿਤਸਰ ਤੋਂ ਤਰਨਜੀਤ ਸਿੰਘ ਸੰਧੂ ਸ਼ਾਮਲ ਹਨ।
ਗੁਰਦਾਸਪੁਰ- ਪਟਿਆਲਾ ਤੋਂ ਕੌਣ ਹੋਵੇਗਾ ਭਾਜਪਾ ਉਮੀਦਵਾਰ
ਭਾਜਪਾ ਨੇ ਗੁਰਦਾਸਪੁਰ ਤੋਂ ਮੌਜੂਦਾ ਸੰਸਦ ਮੈਂਬਰ ਸੰਨ੍ਹੀ ਦਿਉਲ ਦੀ ਟਿਕਟ ਰੱਦ ਕਰ ਦਿੱਤੀ ਹੈ। ਲੋਕ ਸਭਾ ਹਲਕੇ ਤੋਂ ਉਨ੍ਹਾਂ ਦੀ ਗੈਰ-ਹਾਜ਼ਰੀ ਨੂੰ ਲੈ ਕੇ ਉਨ੍ਹਾਂ ‘ਤੇ ਲਗਾਤਾਰ ਸਵਾਲ ਉਠਾਏ ਜਾ ਰਹੇ ਸਨ। ਉੱਥੇ ਹੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਪਟਿਆਲਾ ਸੀਟ ਤੋਂ ਕਾਂਗਰਸ ਦੀ ਸੰਸਦ ਮੈਂਬਰ ਸੀ। ਉਹ 14 ਮਾਰਚ ਨੂੰ ਹੀ ਭਾਜਪਾ ਵਿੱਚ ਸ਼ਾਮਲ ਹੋਏ ਸਨ।
ਲੁਧਿਆਣਾ – ਜਲੰਧਰ ਤੋਂ ਕੌਣ ਹੋਵੇਗਾ ਭਾਜਪਾ ਉਮੀਦਵਾਰ
ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਰਵਨੀਤ ਸਿੰਘ ਬਿੱਟੂ ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਸਨ। ਉਹ 26 ਮਾਰਚ ਨੂੰ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਸੁਸ਼ੀਲ ਕੁਮਾਰ ਰਿੰਕੂ ਨੇ ਜਲੰਧਰ ਸੀਟ ਤੋਂ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਲੋਕ ਸਭਾ ਉਪ ਚੋਣ ਜਿੱਤੀ ਸੀ। ਪਰ ਅਚਾਨਕ 27 ਮਾਰਚ ਨੂੰ ਉਹ ‘ਆਪ’ ਛੱਡ ਕੇ ਭਾਜਪਾ ‘ਚ ਸ਼ਾਮਲ ਹੋ ਗਏ।
ਸ੍ਰੀ ਅੰਮ੍ਰਿਤਸਰ ਤੋਂ ਕੌਣ ਹੋਵੇਗਾ ਭਾਜਪਾ ਉਮੀਦਵਾਰ
ਦੂਜੇ ਪਾਸੇ ਤਰਨਜੀਤ ਸਿੰਘ ਸੰਧੂ ਸ਼੍ਰੋਮਣੀ ਕਮੇਟੀ ਦੇ ਬਾਨੀ ਮੈਂਬਰ ਤੇਜਾ ਸਿੰਘ ਸਮੁੰਦਰੀ ਦੇ ਪੋਤੇ ਹਨ।ਉਹ 1988 ਵਿੱਚ UPSC ਪਾਸ ਕਰਕੇ ਭਾਰਤੀ ਵਿਦੇਸ਼ ਸੇਵਾ ਵਿਚ ਸ਼ਾਮਲ ਹੋਏ ਸਨ। ਉਹ ਸ਼੍ਰੀ ਲੰਕਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਅਮਰੀਕਾ ‘ਚ ਰਾਜਦੂਤ ਰਹੇ। ਯੁਕਰੇਨ ਵਿਚ ਭਾਰਤੀ ਦੂਤਘਰ ਖੁਲ੍ਹਵਾਇਆ। ਪ੍ਰਮੁੱਖ ਤੌਰ ‘ਤੇ ਕੰਮ ਕੀਤਾ।
ਫ਼ਰੀਦਕੋਟ ਤੋਂ ਕੌਣ ਹੋਵੇਗਾ ਭਾਜਪਾ ਉਮੀਦਵਾਰ
ਸੁਰਾਂ ਦੇ ਬਾਦਸ਼ਾਹ ਹੰਸ ਰਾਜ ਹੰਸ ਨੂੰ ਬਾਬਾ ਫ਼ਰੀਦ ਸਾਹਿਬ ਦੇ ਨਾਮ ਨਾਲ ਜੁੜੀ ਅਹਿਮ ਸੀਟ ਫ਼ਰੀਦਕੋਟ ਤੋਂ ਉਤਾਰਿਆ ਗਿਆ ਹੈ। ਜਿੱਥੇ ਪਹਿਲਾਂ ਹੀ ਸੁਰਾਂ ਦੇ ਰਾਜ ਕੁਮਾਰ ਕਰਮਜੀਤ ਅਨਮੋਲ ਆਪਣੀ ਉਮੀਦਵਾਰੀ ਨਾਲ ਆਮ ਆਦਮੀ ਪਾਰਟੀ ਦੀ ਪ੍ਰਤੀਨਿਧਤਾ ਕਰ ਰਹੇ ਹਨ।
ਇਹਨਾਂ ਟਿਕਟਾਂ ਦੀ ਵੰਡ ਅਤੇ ਪੰਜਾਬ ਦੀਆਂ ਬਾਕੀ ਸੀਟਾਂ ਤੇ ਉਮੀਦਵਾਰ ਨਾ ਐਲਾਨਣ ਬਾਰੇ ਸਾਫ਼ ਨਜ਼ਰ ਆ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਅਕਾਲੀ ਦਲ ਨਾਲ ਰਿਸ਼ਤਾ ਦੁਬਾਰਾ ਜੁੜਨ ਵਾਲਾ ਹੈ। ਕਿਉਂਕਿ ਉਸ ਰਿਸ਼ਤੇ ਤੋਂ ਬਿਨਾਂ ਇਹ ਸੂਚੀ ਖੋਖਲੀ ਹੀ ਜਾਪਦੀ ਹੈ। ਕੈਪਟਨ ਅਮਰਿੰਦਰ ਸਿੰਘ ਆਪਣੇ ਅਤੇ ਬਾਦਲ ਖ਼ਾਨਦਾਨ ਦੀ ਸਿਆਸਤ ਨੂੰ ਜਿਊਂਦਾ ਰੱਖਣ ਲਈ ਇਸ ਰਿਸ਼ਤੇ ਨੂੰ ਜੋੜਨ ਲਈ ਹਰ ਸੰਭਵ ਕੋਸ਼ਸ਼ ਵਿੱਚ ਪਹਿਲਾਂ ਹੀ ਲੱਗੇ ਹੋਏ ਹਨ।
2 Comments
Wheat procurement started in Punjab ਪੰਜਾਬ ‘ਚ ਕਣਕ ਦੀ ਖਰੀਦ ਸ਼ੁਰੂ - Punjab Nama News
9 ਮਹੀਨੇ ago[…] ਇਹ ਵੀ ਪੜ੍ਹੋ : -ਚੋਣਾਂ 24: ਭਾਜਪਾ ਦੇ 6 ਉਮੀਦਵਾਰ … […]
ਚੋਣਾਂ ਤੋਂ ਪਿੱਛੇ ਕਿਉਂ ਹਟੇ ਨਵਜੋਤ ਸਿੰਘ ਸਿੱਧੂ - Punjab Nama News
9 ਮਹੀਨੇ ago[…] ਇਹ ਵੀ ਪੜ੍ਹੋ ਚੋਣਾਂ : – 24: ਭਾਜਪਾ ਦੇ 6 ਉਮੀਦਵ… […]
Comments are closed.