ਨਵੀਂ ਦਿੱਲੀ : ਕਰੋੜਾਂ ਰੁਪਏ ਦੀ ਧੋਖਾਧੜੀ ਦੇ ਮਾਮਲੇ ‘ਚ ਤਿਹਾੜ ਜੇਲ ‘ਚ ਬੰਦ ਪਰਲ ਗਰੁੱਪ ਆਫ ਕੰਪਨੀ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਐਤਵਾਰ ਨੂੰ ਮੌਤ ਹੋ ਗਈ।

ਸ਼ਨੀਵਾਰ ਨੂੰ ਉਨ੍ਹਾਂ ਦੀ ਸਿਹਤ ਵਿਗੜ ਜਾਣ ਕਾਰਨ, ਉਨ੍ਹਾਂ ਨੂੰ ਡੀਡੀਯੂ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਉਨ੍ਹਾਂ ਨੇ ਅਖੀਰ ਸਾਂਹ ਲਿਆ। ਨਿਰਮਲ ਸਿੰਘ ਭੰਗੂ ਨੂੰ ਕਰੋੜਾਂ ਰੁਪਏ ਦੀ ਧੋਖਾਧੜੀ ਦੇ ਦੋਸ਼ਾਂ ‘ਚ ਕਈ ਸਾਲਾਂ ਤੋਂ ਤਿਹਾੜ ਜੇਲ੍ਹ ਵਿੱਚ ਰੱਖਿਆ ਗਿਆ ਸੀ।

ਪੁਲਿਸ ਸੂਤਰਾਂ ਮੁਤਾਬਕ, ਨਿਰਮਲ ਸਿੰਘ ਭੰਗੂ ਦੀ ਤਬੀਅਤ ਸ਼ਨੀਵਾਰ ਨੂੰ ਅਚਾਨਕ ਵਿਗੜ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਡੀਡੀਯੂ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।

ਪੱਛਮੀ ਜ਼ਿਲ੍ਹੇ ਦੇ ਡੀਸੀਪੀ ਵਿਚਾਰ ਵੀਰ ਨੇ ਨਿਰਮਲ ਸਿੰਘ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਹ ਲੰਮੇ ਸਮੇਂ ਤੋਂ ਵੱਖ-ਵੱਖ ਬਿਮਾਰੀਆਂ ਨਾਲ ਜੂਝ ਰਹੇ ਸਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਉਨ੍ਹਾਂ ਉੱਤੇ ਪਰਲ ਗਰੁੱਪ ਕੰਪਨੀ ਦੇ ਨਾਂ ‘ਤੇ ਚਿੱਟ ਫੰਡ ਰਾਹੀਂ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਦੇ ਗੰਭੀਰ ਦੋਸ਼ ਸਨ।

ਪਰਲ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ, ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਆਪਣੀ ਕਰੀਅਰ ਦੀ ਸ਼ੁਰੂਆਤ ਵਿੱਚ, ਉਹ ਵੱਖ-ਵੱਖ ਪਿੰਡਾਂ ਵਿੱਚ ਦੁੱਧ ਵੇਚਣ ਦਾ ਕੰਮ ਕਰਦੇ ਸਨ।

ਇਹ ਵੀ ਪੜ੍ਹੋ – ਸਾਂਸਦ ਕੰਗਨਾ ਰਣੌਤ ਤੋਂ ਡਰੀ ਭਾਜਪਾ ਬਣਾਈ ਦੂਰੀ

1970 ਦੇ ਦਹਾਕੇ ਵਿੱਚ ਰੋਜ਼ਗਾਰ ਦੀ ਭਾਲ ਵਿੱਚ, ਉਹ ਕੋਲਕਾਤਾ ਚਲੇ ਗਏ, ਜਿੱਥੇ ਉਨ੍ਹਾਂ ਨੇ ਮਸ਼ਹੂਰ ਕੰਪਨੀ ‘ਪੀਅਰਲੇਸ’ ਵਿੱਚ ਕੰਮ ਕੀਤਾ। ਕੁਝ ਸਮੇਂ ਬਾਅਦ, ਉਹ ਹਰਿਆਣਾ ਦੀ ਕੰਪਨੀ ਫਾਰੈਸਟ ਇੰਡੀਆ ਲਿਮਿਟਿਡ ਵਿੱਚ ਸੇਵਾ ਨਿਭਾਉਣ ਆ ਗਏ। ਹਾਲਾਂਕਿ ਇਸ ਕੰਪਨੀ ‘ਤੇ ਵੀ ਧੋਖਾਧੜੀ ਦੇ ਦੋਸ਼ ਲੱਗੇ ਅਤੇ ਕੁਝ ਸਮੇਂ ਬਾਅਦ ਇਹ ਕੰਪਨੀ ਵੀ ਬੰਦ ਹੋ ਗਈ।

ਨਿਰਮਲ ਸਿੰਘ ਨੂੰ 2016 ਵਿੱਚ ਸੀਬੀਆਈ ਨੇ 8 ਜਨਵਰੀ ਨੂੰ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ‘ਤੇ ਚਿੱਟ ਫੰਡ ਕੰਪਨੀ ਦੁਆਰਾ ਵੱਡੇ ਪੱਧਰ ‘ਤੇ ਵਿੱਤੀ ਘੁਟਾਲੇ ਕਰਨ ਦੇ ਦੋਸ਼ ਸਨ। ਇਸ ਗ੍ਰਿਫਤਾਰੀ ਤੋਂ ਬਾਅਦ, ਉਹ ਤਿਹਾੜ ਜੇਲ੍ਹ ਵਿੱਚ ਬੰਦ ਸਨ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।