ਲੋਕਾਂ ਨੂੰ ਗੁੰਮਰਾਹ ਕਰਕੇ ਢੀਂਡਸਾ, ਬਾਦਲ ਅਤੇ ਸ੍ਰੋਮਣੀ ਕਮੇਟੀ ਨੂੰ ਕੀਤਾ ਜਾ ਰਿਹਾ ਹੈ ਬਦਨਾਮ
ਟਰੱਸਟ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਬਿਨਾ ਝਗੜੇ ਵਾਲੀ ਜਮੀਨ ਦੀ ਕੀਤੀ ਸੀ ਪੇਸ਼ਕਸ – ਖਹਿਰਾ
ਸੰਗਰੂਰ, 6 ਜਨਵਰੀ (ਬਾਵਾ) –ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਕਿਹਾ ਕਿ ਜੇਕਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਨੀਅਤ ਸਾਫ ਹੁੰਦੀ ਤਾਂ ਹੁਣ ਤੱਕ ਇਹ ਮੈਡੀਕਲ ਕਾਲਜ ਦੀ ਬਿਲਡਿੰਗ ਬਣਕੇ ਤਿਆਰ ਹੋ ਜਾਂਦੀ ਅਤੇ ਮਾਰਚ-ਅਪ੍ਰੈਲ ਨੂੰ ਮੈਡੀਕਲ ਦੀਆਂ ਕਲਾਸਾਂ ਲੱਗ ਸਕਦੀਆਂ ਸਨ ਪਰ ਭਗਵੰਤ ਮਾਨ ਸਰਕਾਰ ਦਿਲੋਂ ਇਹ ਕਾਲਜ ਬਨਾਉਣਾ ਹੀ ਨਹੀਂ ਸੀ ਚਾਹੁੰਦੀ।
ਕਾਲਜ ਦੇ ਬਹਾਨੇ ਇਕ ਸਿਆਸੀ ਵਿਵਾਦ ਖੜ੍ਹਾ ਕਰਨਾ ਚਾਹੁੰਦੀ ਸੀ ਤਾਂ ਜੋ ਆਪਣੇ ਸਿਆਸੀ ਵਿਰੋਧੀਆਂ ਨੰੂ ਇਹ ਮੁੱਦਾ ਬਣਾ ਕੇ ਇਸ ਨੰੂ 2024 ਦੀਆਂ ਆਉਣ ਵਾਲੀਆਂ ਚੋਣਾਂ ਵਿਚ ਲਾਹਾ ਲਿਆ ਜਾ ਸਕੇ। ਸ੍ਰ. ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਜਿਉਂ ਹੀ ਮਸਤੂਆਣਾ ਸਾਹਿਬ ਵਿਖੇ ਮੈਡੀਕਲ ਕਾਲਜ ਦੇ ਬਣਨ ਸੰਬੰਧੀ ਗੱਲ ਚੱਲੀ ਤਾਂ ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਸੰਗਰੂਰ ਨੇ ਖੁਦ ਬੁਲਾ ਕੇ ਇਸ ਮੈਡੀਕਲ ਕਾਲਜ ਵਾਲੀ ਜਮੀਨ ਦੀ ਸਥਿਤੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਜਮੀਨ ਉੱਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਟਰੱਸਟ ਨਾਲ ਪਿਛਲੇ ਲੰਬੇ ਸਮੇਂ ਤੋਂ ਚੱਲਦੇ ਝਗੜੇ ਸੰਬੰਧੀ ਅਤੇ ਹਾਈਕੋਰਟ ਤੋਂ ਇਸ ਜਮੀਨ ਉੱਤੇ ਸਟੇਟਸ ਕੋ ਹੋਣ ਸੰਬੰਧੀ ਵਿਸਥਾਰ ਸਹਿਤ ਜਾਣਕਾਰੀ ਧਿਆਨ ਵਿਚ ਲਿਆ ਦਿੱਤੀ ਗਈ ਸੀ। ਡਿਪਟੀ ਕਮਿਸ਼ਨਰ ਵਲੋਂ ਇਸ ਜਮੀਨ ਦਾ ਬਦਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਟਰੱਸਟ ਵਲੋਂ ਨਜਦੀਕ ਹੀ ਹਾਈ ਵੇਅ ਉੱਤੇ ਪਈ 55 ਏਕੜ ਜਮੀਨ ਵਿਚ ਮੈਡੀਕਲ ਕਾਲਜ ਬਨਾਉਣ ਲਈ 25 ਏਕੜ ਜਮੀਨ ਦੇਣ ਦੀ ਪੇਸ਼ਕਸ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਸਾਰੀ ਗੱਲਬਾਤ ਸੁਣਨ ਤੋਂ ਬਾਅਦ ਉਨ੍ਹਾਂ ਵਲੋਂ ਹਾਈਕੋਰਟ ਸੰਬੰਧੀ ਸਾਰੇ ਤੱਤ 55 ਏਕੜ ਜਮੀਨ ਦੀਆਂ ਫਰਦਾਂ ਅਤੇ ਜਮੀਨ ਦੇਣ ਦੀ ਲਿਖਤੀ ਪੇਸ਼ਕਸ਼ ਮੰਗੀ ਗਈ ਸੀ ਜੋ ਕਿ ਉਨ੍ਹਾਂ ਮਿਤੀ 7 ਮਈ 2022 ਨੂੰ ਸਾਰਾ ਰਿਕਾਰਡ ਅਤੇ ਲਿਖਤੀ ਪੇਸ਼ਕਸ ਡੀ.ਸੀ. ਸੰਗਰੂਰ ਨੂੰ ਖੁਦ ਪਹੁੰਚ ਕੇ ਉਨ੍ਹਾਂ ਦੇ ਸਪੁਰਦ ਕਰ ਦਿੱਤਾ ਗਿਆ। ਉਸ ਤੋਂ ਬਾਅਦ ਡੀ.ਸੀ. ਸੰਗਰੂਰ ਵਲੋਂ ਟਰੱਸਟ ਨੂੰ ਕੋਈ ਠੋਸ ਜਵਾਬ ਨਹੀਂ ਦਿੱਤਾ ਗਿਆ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਕਿ ਇਸ ਬਿਨਾ ਝਗੜੇ ਵਾਲੀ ਜਮੀਨ ਦੀ ਜੋ ਕੇ ਨੈਸ਼ਨਲ ਹਾਈਵੇਅ ਉੱਤੇ ਸਥਿਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਖੁਦ ਹੀ ਠੁਕਰਾ ਦਿੱਤਾ ਗਿਆ।
ਭਰੋਸੇਯੋਗ ਸੂਤਰ ਇਹ ਵੀ ਕਹਿੰਦੇ ਹਨ ਕਿ ਜ਼ਿਲ੍ਹਾ ਸੰਗਰੂਰ ਦੇ ਸਾਰੇ ਹੀ ਵਿਧਾਇਕਾਂ ਅਤੇ ਸਾਰੀ ਹੀ ਅਫਸਰਸ਼ਾਹੀ ਵਲੋਂ ਮੁੱਖ ਮੰਤਰੀ ਨੂੰ ਝਗੜੇ ਵਾਲੀ ਜਮੀਨ ਲੈਣ ਦੀ ਬਜਾਏ ਟਰੱਸਟ ਵਲੋਂ ਪੇਸ਼ਕਸ ਕੀਤੀ ਗਈ ਨੈਸ਼ਨਲ ਹਾਈਵੇਅ ਵਾਲੀ ਜਮੀਨ ਉੱਤੇ ਮੈਡੀਕਲ ਕਾਲਜ ਬਨਾਉਣ ਦੀ ਸਲਾਹ ਦਿੱਤੀ ਪ੍ਰੰਤੂ ਮੁੱਖ ਮੰਤਰੀ ਵਲੋਂ ਇਨ੍ਹਾਂ ਸਾਰਿਆਂ ਦੀਆਂ ਸਲਾਹਾਂ ਨੂੰ ਅਣਗੌਲਿਆ ਕਰ ਦਿੱਤਾ ਗਿਆ ਜਿਸ ਤੋਂ ਸਾਫ ਸਪੱਸ਼ਟ ਹੁੰਦਾ ਹੈ ਕਿ ਸੰਤ ਅਤਰ ਸਿੰਘ ਜੀ ਦੀ ਯਾਦ ਵਿਚ ਮੈਡੀਕਲ ਕਾਲਜ ਬਨਾਉਣ ਸੰਬੰਧੀ ਮੁੱਖ ਮੰਤਰੀ ਭਗਵੰਤ ਮਾਨ ਦੀ ਨੀਅਤ ਸ਼ੁਰੂ ਤੋਂ ਹੀ ਸਾਫ ਨਜ਼ਰ ਨਹੀਂ ਆ ਰਹੀ।
ਸ. ਖਹਿਰਾ ਨੇ ਇਹ ਵੀ ਕਿਹਾ ਕਿ ਅਜੇ ਵੀ ਜੇਕਰ ਭਗਵੰਤ ਮਾਨ ਮਾਰਚ-ਅਪੈ੍ਰਲ ਵਿਚ ਮੈਡੀਕਲ ਦੀਆਂ ਕਲਾਸਾਂ ਚਾਲੂ ਕਰਨਾ ਚਾਹੁੰਦਾ ਤਾਂ ਉਹ ਬੀ.ਐਡ ਕਾਲਜ ਵਾਲੀ ਬਿਲਡਿੰਗ ਉਨ੍ਹਾਂ ਨੂੰ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਟਰੱਸਟ ਸਰਕਾਰ ਨੂੰ ਹਰ ਸਹਿਯੋਗ ਦੇਣ ਲਈ ਤਿਆਰ ਹੈ। ਵਰਨਣਯੋਗ ਹੈ ਕਿ ਕੌਂਸਲ ਵਲੋਂ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਵਿਖੇ ਬਾਬਾ ਸੁਰਜੀਤ ਸਿੰਘ ਨੂੰ ਮੁੱਖ ਸੇਵਾਦਾਰ ਲਗਾਇਆ ਗਿਆ ਸੀ ਪਰ ਦਰਸ਼ਨ ਸਿੰਘ ਬਗੈਰਾ ਜਾਂ ਕਿਸੇ ਵੀ ਹੋਰ ਕਮੇਟੀ ਨੂੰ ਇਸ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਦੇ ਨਾਂਅ ‘ਤੇ ਜਮੀਨ ਹੈ ਉਸ ਨੂੰ ਤਬਦੀਲ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਜਿਹੜੀ ਆਪੋ ਬਣੀ ਅਣਅਧਿਕਾਰਤ ਇਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਦੀ 25 ਏਕੜ ਜ਼ਮੀਨ ਦੀ ਰਜਿਸਟਰੀ ਸਰਕਾਰ ਦੇ ਨਾਂਅ ‘ਤੇ ਕਰਵਾ ਦਿੱਤੀ ਗਈ ਹੈ। ਉਹਨਾਂ ਨੂੰ ਕੋਈ ਅਧਿਕਾਰ ਹੀ ਨਹੀਂ ਹੈ ਕਿ ਉਹ ਗੁਰਦੁਆਰਾ ਸਾਹਿਬ ਦੀ ਜਮੀਨ ਅੱਗੇ ਕਿਸੇ ਨੂੰ ਰਜਿਸਟਰੀ ਕਰਵਾ ਸਕਣ। ਇਸ ਆਪੋ ਬਣੀ ਅਣਅਧਿਕਾਰਤ ਕਮੇਟੀ ਨੂੰ ਜ਼ਮੀਨ ਵੇਚਣ ਜਾਂ ਦਾਨ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਜਿਕਰਯੋਗ ਹੈ ਕਿ ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਖੁਦ ਨੀਂਹ ਪੱਥਰ ਰੱਖ ਵਾਲੀ ਥਾਂ ਉੱਤੇ ਇਕ ਪੈ੍ਰੱਸ ਕਾਨਫਰੰਸ ਦੇ ਨਾਮ ਉੱਤੇ ਵਿਵਾਦਾਂ ਵਿਚ ਲਿਪਤ ਭਾਸ਼ਣ ਦਿੱਤਾ ਗਿਆ। ਉਸ ਤੋਂ ਬਾਅਦ ਇਹ ਵਿਵਾਦ ਭਾਂਬੜ ਬਣ ਕੇ ਸਾਰੇ ਪੰਜਾਬ ਵਿਚ ਫੈਲ ਗਿਆ। ਚੇਤੇ ਰਹੇ ਕਿ ਮੁੱਖ ਮੰਤਰੀ ਦੇ ਇਸ ਭਾਸ਼ਣ ਦੌਰਾਨ ਮੈਡੀਕਲ ਕਾਲਜ ਦੀ ਉਸਾਰੀ ਰੋਕਣ ਲਈ ਬਾਦਲ, ਢੀਂਡਸਾ ਪਰਿਵਾਰਾਂ ਅਤੇ ਸ਼ੋ੍ਰਮਣੀ ਕਮੇਟੀ ਉੱਤੇ ਬਿਨਾ ਸਬੂਤਾਂ ਤਹਿਤ ਇਲਜਾਮ ਲਗਾਏ ਗਏ ਅਤੇ ਪੱਤਰਕਾਰਾਂ ਵਲੋਂ ਜਦੋਂ ਭਗਵੰਤ ਮਾਨ ਵਲੋਂ ਇਨਾਂ ਇਲਜਾਮਾਂ ਸੰਬੰਧੀ ਸਵਾਲਾਂ ਦੇ ਜਵਾਬ ਅਤੇ ਸਬੂਤ ਮੰਗੇ ਤਾਂ ਉਹ ਕਾਹਲੀ ਕਾਹਲੀ ਵਿਚ ਉੱਥੋਂ ਨਿਕਲ ਗਏ। ਇਸ ਸੰਬੰਧੀ ਜਦੋਂ ਪੰਜਾਬ ਭਰ ਦੇ ਉੱਚ ਕੋਟੀ ਦੇ ਪੱਤਰਕਾਰਾਂ, ਬੁੱਧੀਜੀਵੀਆਂ ਅਤੇ ਵਕੀਲਾਂ ਵਲੋਂ ਇਸ ਸੰਬੰਧੀ ਸੰਬੰਧਤ ਧਿਰਾਂ ਤੋਂ ਵਿਸਥਾਰ ਤਹਿਤ ਤਹਿਕੀਕਾਤ ਕੀਤੀ ਤਾਂ ਨਤੀਜੇ ਵਿਚ ਭਗਵੰਤ ਮਾਨ ਖੁਦ ਹੀ ਫਸਦੇ ਨਜ਼ਰ ਆਏ ਕਿਉਂਕਿ ਉਨ੍ਹਾਂ ਵਲੋਂ ਖੁਦ ਹੀ ਝਗੜੇ ਵਾਲੀ ਜਮੀਨ ਦੀ ਚੋਣ ਕੀਤੀ ਗਈ ਜਿਸ ਬਾਰੇ ਜਦੋਂ ਕਿ ਉਨ੍ਹਾਂ ਨੂੰ ਪਹਿਲਾਂ ਹੀ ਹਾਈਕੋਰਟ ਵਿਚ ਚਲਦੇ ਝਗੜੇ ਅਤੇ ਜਮੀਨ ਉੱਤੇ ਸਟੇਅ ਹੋਣ ਦਾ ਪਤਾ ਸੀ। ਇਹ ਗੱਲ ਆਮ ਲੋਕਾਂ ਦੇ ਸਮਝ ਵਿਚ ਨਹੀਂ ਆ ਰਹੀ ਕਿ ਨਾਲ ਹੀ ਬਿਨਾ ਝਗੜੇ ਵਾਲੀਆਂ ਜਮੀਨਾਂ ਉਪਲਬਧ ਹੋਣ ਦੇ ਬਾਵਜੂਦ ਉਨ੍ਹਾਂ ਵਲੋਂ ਝਗੜੇ ਵਾਲੀ ਜਮੀਨ ਦੀ ਹੀ ਚੋਣ ਕਿਉਂ ਕੀਤੀ ਗਈ। ਇਸ ਤੋਂ ਵੀ ਸਿੱਧਾ ਨਤੀਜਾ ਇਹ ਨਿਕਲਦਾ ਹੈ ਕਿ ਭਗਵੰਤ ਮਾਨ ਸਰਕਾਰ ਇਹ ਕਾਲਜ ਬਨਾਉਣਾ ਹੀ ਨਹੀਂ ਸੀ ਚਾਹੁੰਦੀ।
ਮਸਤੂਆਣਾ ਸਾਹਿਬ ਵਿਖੇ ਝਗੜੇ ਵਾਲੀ ਜਮੀਨ ਦਾ ਪਿਛੋਕੜ
ਸੰਗਰੂਰ:-ਮਸਤੂਆਣਾ ਸਾਹਿਬ ਵਿਖੇ ਬਣਨ ਵਾਲੇ ਮੈਡੀਕਲ ਕਾਲਜ ਦੇ ਨਾਮ ਉੱਤੇ ਸਰਕਾਰ ਵਲੋਂ ਗੁਰਦੁਆਰਾ ਅੰਗੀਠਾ ਸਾਹਿਬ ਆਪੋ ਬਣੀ ਅਣਅਧਿਕਾਰਤ ਕਮੇਟੀ ਤੋਂ 25 ਏਕੜ ਜਮੀਨ ਦੀ ਰਜਿਸਟਰੀ ਪੁੰਨਹਿੱਬਾ ਕਰਵਾ ਲਈ ਗਈ ਸੀ ਅਤੇ ਇਹ ਜ਼ਮੀਨ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਦੇ ਨਾਮ ਉੱਤੇ ਹੈ। ਜਿਸ ਨੂੰ ਪੰਜਾਬ ਸਰਕਾਰ ਨੇ 4 ਸਤੰਬਰ 1964 ਨੂੰ ਨੋਟੀਫ਼ਿਕੇਸ਼ਨ ਨੰਬਰ 1400 ਜੀਪੀ, ਗੁਰਦੁਆਰਾ ਐਕਟ 1925 ਰਾਹੀਂ ਸਿੱਖ ਗੁਰਦੁਆਰਾ ਐਲਾਨ ਦਿੱਤਾ ਸੀ। ਇਸ ਨੋਟੀਫ਼ਿਕੇਸ਼ਨ ਨੂੰ ਮਸਤੂਆਣਾ ਸਾਹਿਬ ਦੇ ਟਰੱਸਟ ਵਲੋਂ ਗੁਰਦੁਆਰਾ ਟ੍ਰਿਬਿਊਨਲ ਅਤੇ ਪੰਜਾਬ-ਹਰਿਆਣਾ ਹਾਈਕੋਰਟ ਵਿਚ ਅਪੀਲ ਵੀ ਕੀਤੀ ਪ੍ਰੰਤੂ ਅਪੀਲ ਖ਼ਾਰਜ ਹੋ ਗਈ ਸੀ। ਇਸ ਉਪਰੰਤ ਮਸਤੂਆਣਾ ਸਾਹਿਬ ਦੇ ਟਰੱਸਟ ਨੇ 1987 ਵਿਚ ਮਾਨਯੋਗ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਇਰ ਕਰ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਸਥਾਨ ਦਾ ਕਬਜ਼ਾ ਲੈਣ ’ਤੇ ਰੋਕ ਲਗਾਉਣ ਸਟੇਅ ਲੈ ਲਈ ਗਈ ਸੀ ਜਿਸ ਦਾ ਮੁਕੱਦਮਾ ਚੱਲ ਰਿਹਾ ਹੈ ਅਤੇ ਅਗਲੀ ਪੇਸ਼ੀ 6 ਫਰਵਰੀ 2023 ਭਗਵੰਤ ਮਾਨ ਸਰਕਾਰ ਨੰੂ ਇਹ ਸ਼ੋ੍ਰਮਣੀ ਕਮੇਟੀ ਅਤੇ ਟਰੱਸਟ ਦੇ ਆਪਸੀ ਕੇਸ ਚੱਲਣ ਦੀ ਜਾਣਕਾਰੀ ਹੋਣ ਦੇ ਬਾਵਜੂਦ ਇਹ ਝਗੜੇ ਵਾਲੀ ਜਮੀਨ ਉੱਤੇ ਕਾਲਜ ਬਨਾਉਣ ਦੀ ਜਿੱਦ ਕੀਤੀ ਜਾ ਰਹੀ ਹੈ ਅਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲੀ ਦਲ ਬਾਦਲ ਅਤੇ ਢੀਂਡਸਾ ਪਰਿਵਾਰਾਂ ਨੂੰ ਜਾਣਬੁੱਝ ਕੇ ਕਾਲਜ ਬਨਾਉਣ ਵਿਚ ਅੜਿੱਕੇ ਪਾਉਣ ਸੰਬੰਧੀ ਭੰਡਿਆ ਜਾ ਰਿਹਾ ਹੈ ਜਦੋਂ ਕਿ ਸ਼੍ਰੋਮਣੀ ਕਮੇਟੀ ਦੀ ਅੰਤ੍ਰਿਕ ਕਮੇਟੀ ਦੀ ਇਕੱਤਰਤਾ ਵਿਚ 22 ਨਵੰਬਰ 2022 ਨੂੰ ਮਤਾ ਪਾਇਆ ਗਿਆ ਹੈ ਕਿ ਜੋ ਗੁਰਦੁਆਰਾ ਅੰਗੀਠਾ ਸਾਹਿਬ ਦੀ ਜਮੀਨ ਵਿਚ ਮੈਡੀਕਲ ਕਾਲਜ ਦੀ ਉਸਾਰੀ ਹੋਣੀ ਹੈ ਉਹ ਜਮੀਨ ਅਤੇ ਹੋਰ ਜਮੀਨਾਂ ਗੁਰਦੁਆਰਾ ਟ੍ਰਿਬਿਊਨਲ ਦੇ ਫੈਸਲੇ ਅਨੁਸਾਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਾਲਕੀ ਘੋਸ਼ਿਤ ਹੋ ਚੁੱਕੀਆਂ ਹਨ। ਜੇਕਰ ਪੰਜਾਬ ਸਰਕਾਰ ਇਸ ਰਕਬੇ ਨੂੰ ਹੀ ਲੈਣਾ ਚਾਹੁੰਦੀ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਲਿਖਤੀ ਗੱਲਬਾਤ ਕਰ ਸਕਦੀ ਹੈ। ਇਸ ਤੋਂ ਇਲਾਵਾ ਜੇਕਰ ਬਿਨਾ ਝਗੜੇ ਵਾਲੇ ਜਮੀਨ ਨੈਸ਼ਨਲ ਹਾਈਵੇਅ ਉੱਤੇ ਜਾਂ ਬੀ.ਐਡ ਕਾਲਜ ਦੇ ਨਾਲ ਪਈ ਜਮੀਨ ਉੱਤੇ ਕਾਲਜ ਬਨਾਉਣਾ ਚਾਹੁੰਦੀ ਹੈ ਤਾਂ ਉਹ ਸੰਤ ਅਤਰ ਸਿੰਘ ਗੁਰਸਾਗਰ ਮਸਤੂਆਣਾ ਟਰੱਸਟ ਨਾਲ ਰਾਬਤਾ ਕਰ ਕੇ ਇਸ ਵਿਵਾਦ ਮਸਲੇ ਨੂੰ ਸੁਲਝਾਇਆ ਜਾ ਸਕਦਾ ਹੈ ਪਰ ਭਗਵੰਤ ਮਾਨ ਨੂੰ ਇੰਝ ਲਗਦਾ ਹੈ ਕਿ ਇਸ ਨਾਲ ਸਿਆਸੀ ਵਿਰੋਧੀਆਂ ਨੂੰ ਸਿਆਸੀ ਲਾਹਾ ਹੋ ਸਕਦਾ ਹੈ। ਜਿਸ ਕਾਰਨ ਇਹ ਜਗਾ ਲੈਣ ਦੀ ਥਾਂ ਵਿਵਾਦ ਵਾਲੀ ਜਮੀਨ ਲੈ ਕੇ ਸਰਕਾਰ ਨੇ ਨਵਾਂ ਵਿਵਾਦ ਪੈਦਾ ਕਰ ਲਿਆ ਹੈ।