ਫ਼ਤਹਿਗੜ੍ਹ ਸਾਹਿਬ, 4 ਮਾਰਚ:
ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਅਧੀਨ ਅੱਜ ਪੇਂਡੂ ਵਿਕਾਸ ਤੇ ਪੰਚਾਇਤ, ਉਦਯੋਗ ਤੇ ਵਣਜ, ਪੂੰਜੀ ਨਿਵੇਸ਼ ਪ੍ਰੋਤਸਾਹਨ, ਕਿਰਤ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਤਰੁਨਪ੍ਰੀਤ ਸਿੰਘ ਸੌਂਦ ਨੇ ਬੱਚਤ ਭਵਨ ਵਿਖੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸੌਂਦ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਦਾ ਘਾਣ ਕਰਨ ਵਾਲੇ ਨਸ਼ਾ ਤਸਕਰਾਂ ਲਈ ਹੁਣ ਪੰਜਾਬ ਵਿੱਚ ਕੋਈ ਥਾਂ ਨਹੀਂ ਹੈ। ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ ਸ਼ਹੀਦਾਂ ਦੀ ਧਰਤੀ ਫ਼ਤਹਿਗੜ੍ਹ ਸਾਹਿਬ ਵਿੱਚੋਂ ਨਸ਼ਿਆਂ ਦੇ ਕੋਹੜ ਦਾ ਖਾਤਮਾ ਕਰਨ ਲਈ ਮਾਸਟਰ ਪਲਾਨ ਤਿਆਰ ਕੀਤਾ ਜਾਵੇ ਅਤੇ ਸਕੂਲਾਂ ਕਾਲਜਾਂ ਦੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਵਿਆਪਕ ਪੱਧਰ ‘ਤੇ ਮੁਹਿੰਮ ਸ਼ੁਰੂ ਕੀਤੀ ਜਾਵੇ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਨਸ਼ਿਆਂ ਦੀ ਗ੍ਰਿਫਤ ਵਿੱਚ ਨਾ ਫਸ ਸਕੇ।
ਉਨ੍ਹਾਂ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜ਼ਿਲ੍ਹੇ ਦਾ ਇੱਕ ਹੈਲਪ ਲਾਇਨ ਨੰਬਰ ਜਾਰੀ ਕਰਨ ਲਈ ਵੀ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤ ਕੀਤੀ। ਮੀਟਿੰਗ ਤੋਂ ਪਹਿਲਾਂ ਕੈਬਿਨੇਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਗੁਰੂਦਵਾਰਾ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਨਸ਼ਿਆਂ ਦੇ ਖਾਤਮੇ ਲਈ ਸ਼ੁਰੂ ਕੀਤੇ ਯੁੱਧ ਦੀ ਕਾਮਯਾਬੀ ਲਈ ਅਰਦਾਸ ਕੀਤੀ।
ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੌਂਦ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਪਣੇ ਪਹਿਲੇ ਤਿੰਨ ਸਾਲਾਂ ਦੌਰਾਨ 6500 ਤੋਂ ਵੱਧ ਵੱਡੇ ਨਸ਼ਾ ਤਸਕਰ ਅਤੇ 2022 ਤੋਂ ਹੁਣ ਤੱਕ 45000 ਛੋਟੇ ਨਸ਼ਾ ਤਸਕਰ ਕਾਬੂ ਕਰਕੇ ਤਸਕਰਾਂ ‘ਤੇ 30 ਹਜ਼ਾਰ ਤੋਂ ਵੱਧ ਐਨ.ਡੀ.ਪੀ.ਐਸ. ਐਕਟ ਅਧੀਨ ਪਰਚੇ ਦਰਜ ਕੀਤੇ ਗਏ ਹਨ।
ਇਹ ਵੀ ਪੜ੍ਹੋ – ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਗ੍ਰਿਫਤਾਰ
ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰਾਂ ਤੇ ਪੁਲਿਸ ਮੁਲਾਜ਼ਮਾਂ ਦੇ ਗਠਜੋੜ ਨੂੰ ਤੋੜਨ ਵਾਸਤੇ 10 ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵੱਲੋਂ ਹੁਣ ਤੱਕ ਨਸ਼ਾ ਤਸਕਰਾਂ ਦੀ 612 ਕਰੋੜ ਦੀ ਸੰਪਤੀ ਜਬਤ ਕੀਤੀ ਜਾ ਚੁੱਕੀ ਹੈ ਜਦੋਂ ਕਿ ਇਸ ਤੋਂ ਪਹਿਲਾਂ ਵਾਲੀ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਸਿਰਫ 142 ਕਰੋੜ ਦੀ ਸੰਪਤੀ ਹੀ ਜਬਤ ਕੀਤੀ ਸੀ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹੁਣ ਤੱਕ 1128 ਕਿਲੋ ਹੈਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ ਜਦੋਂ ਕਿ ਪਿਛਲੀ ਸਰਕਾਰ ਵਿੱਚ ਸਿਰਫ 197 ਕਿਲੋ ਹੈਰੋਇਨ ਹੀ ਬਰਾਮਦ ਕੀਤੀ ਗਈ ਸੀ।
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਅੰਦਰ ਪਿਛਲੀਆਂ ਸਰਕਾਰਾਂ ਸਮੇਂ ਨਸ਼ਾ ਵਧਿਆ ਅਤੇ ਉਨ੍ਹਾਂ ਸਰਕਾਰਾਂ ਨੇ ਘਰ-ਘਰ ਨਸ਼ਾ ਪਹੁੰਚਾਇਆ। ਉਨ੍ਹਾਂ ਕਿਹਾ ਕਿ ਗੁਆਂਢੀ ਦੇਸ਼ ਪਾਕਿਸਤਾਨ ਤੋਂ ਆਉਣ ਵਾਲੀ ਨਸ਼ਿਆਂ ਦੀ ਖੇਪ ਨੂੰ ਰੋਕਣ ਲਈ ਪੰਜਾਬ ਸਰਕਾਰ ਬੀ.ਐਸ.ਐਫ. ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗਾਂ ਕਰਕੇ ਇਸ ਚੇਨ ਨੂੰ ਤੋੜੇਗੀ।
ਸੌਂਦ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਕਿਹਾ ਕਿ ਨਸ਼ਿਆਂ ਦਾ ਖਾਤਮਾ ਕਰਨ ਦੀ ਚੁਣੌਤੀ ਬਹੁਤ ਵੱਡੀ ਹੈ ਅਤੇ ਇਹ ਤਾਂ ਹੀ ਜਿੱਤੀ ਜਾ ਸਕਦੀ ਹੈ ਜੇਕਰ ਹਰੇਕ ਅਧਿਕਾਰੀ ਇਸ ਨੂੰ ਆਪਣੀ ਸਮਾਜਿਕ ਜ਼ਿੰਮੇਵਾਰੀ ਸਮਝ ਕੇ ਪੂਰਨ ਸਹਿਯੋਗ ਦੇਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰ ਅਧਿਕਾਰੀਆਂ ਦਾ ਸਾਥ ਦੇਵੇਗੀ ਇਸ ਲਈ ਬਿਨਾਂ ਕਿਸੇ ਡਰ ਜਾਂ ਭੈਅ ਤੋਂ ਯੁੱਧ ਨਸ਼ਿਆਂ ਵਿਰੁੱਧ ਵਿੱਚ ਆਪਣਾ ਸਹਿਯੋਗ ਦਿੱਤਾ ਜਾਵੇ।
ਉਨ੍ਹਾਂ ਇਹ ਵੀ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਸ਼ੁਰੂ ਕੀਤੀ ਮੁਹਿੰਮ ਵਿੱਚ ਪਿੰਡਾਂ ਦੀਆਂ ਪੰਚਾਇਤਾਂ ਦਾ ਸਹਿਯੋਗ ਵੀ ਲਿਆ ਜਾਵੇ ਅਤੇ ਲੋਕਾਂ ਵਿੱਚ ਇਹ ਸੁਨੇਹਾ ਦਿੱਤਾ ਜਾਵੇ ਕਿ ਨਸ਼ਿਆਂ ਦੇ ਸੌਦਾਗਰਾਂ ਬਾਰੇ ਬੇਖੌਫ ਹੋ ਕੇ ਪੁਲਿਸ ਪ੍ਰਸ਼ਾਸ਼ਨ ਨੂੰ ਸੂਚਿਤ ਕਰਨ ਅਤੇ ਉਨ੍ਹਾਂ ਦੀ ਸੂਚਨਾ ਗੁਪਤ ਰੱਖੀ ਜਾਵੇਗੀ। ਉਨ੍ਹਾਂ ਜ਼ਿਲ੍ਹਾ ਅਧਿਕਾਰੀਆਂ ਨੂੰ ਨਸ਼ੇ ਦੇ ਮੁਕਮੰਲ ਖਾਤਮੇ ਲਈ ਇੱਕ ਰੋਡਮੈਪ ਤਿਆਰ ਕਰਨ ਦੀ ਵੀ ਹਦਾਇਆ ਕੀਤੀ।
ਇਸ ਮੌਕੇ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ, ਬਸੀ ਪਠਾਣਾ ਦੇ ਵਿਧਾਇਕ ਸ. ਰੁਪਿੰਦਰ ਸਿੰਘ ਹੈਪੀ, ਅਮਲੋਹ ਦੇ ਵਿਧਾਇਕ ਸ਼੍ਰੀ ਗੁਰਿੰਦਰ ਸਿੰਘ ਗੈਰੀ ਬੜਿੰਗ, ਡਿਪਟੀ ਕਮਿਸ਼ਨਰ ਡਾ: ਸੋਨਾ ਥਿੰਦ, ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਸ਼ੁਭਮ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਰਿੰਦਰ ਸਿੰਘ ਧਾਲੀਵਾਲ, ਐਸ.ਪੀ. (ਡੀ) ਰਾਕੇਸ਼ ਯਾਦਵ, ਐਸ.ਡੀ.ਐਮ. ਅਮਲੋਹ ਸ਼੍ਰੀ ਚੇਤਨ ਬੰਗੜ, ਐਸ.ਡੀ.ਐਮ. ਬਸੀ ਪਠਾਣਾ ਹਰਬੀਰ ਕੌਰ, ਐਸ.ਡੀ.ਐਮ. ਖਮਾਣੋਂ ਸ਼੍ਰੀਮਤੀ ਮਨਰੀਤ ਰਾਣਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
One thought on “No place for drug traffickers in Punjab - Sond ਨਸ਼ਾ ਤਸਕਰਾਂ ਲਈ ਪੰਜਾਬ ਚ ਕੋਈ ਥਾਂ ਨਹੀਂ-ਸੌਂਦ”
Comments are closed.