ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਨੇ ਫੂਕੀ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਦੀ ਅਰਥੀ
ਆਂਗਣਵਾੜੀ ਵਰਕਰਾਂ ਖ਼ਿਲਾਫ਼ ਲਾਗੂ ਕੀਤੇ ਐਸਮਾ ਕਾਨੂੰਨ ਅਤੇ ਗ੍ਰਿਫਤਾਰੀਆਂ ਦਾ ਵਿਰੋਧ
ਸੰਘਰਸ਼ ਕਰ ਰਹੀਆਂ ਆਂਗਨਵਾੜੀ ਵਰਕਰਾਂ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ
ਸੰਗਰੂਰ, 23 ਜਨਵਰੀ,
ਆਂਧਰਾ ਪ੍ਰਦੇਸ਼ ਸਰਕਾਰ ਵੱਲੋਂ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੀਆਂ ਆਂਗਨਵਾੜੀ ਵਰਕਰਾਂ ਉੱਤੇ ਜ਼ਰੂਰੀ ਸੇਵਾਵਾਂ ਰੱਖ-ਰਖਾਅ ਐਕਟ (ESMA) ਲਾਗੂ ਕਰਨ ਅਤੇ ਗ੍ਰਿਫਤਾਰੀਆਂ ਕੀਤੇ ਜਾਣ ਦੇ ਵਿਰੋਧ ਵਿੱਚ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੀ ਸੂਬਾ ਕਮੇਟੀ ਵੱਲੋਂ ਦਿੱਤੇ ਸੱਦੇ ਤਹਿਤ ਅੱਜ ਸੰਗਰੂਰ ਜਿਲ੍ਹੇ ਦੇ ਮੁਲਾਜ਼ਮਾਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਸੰਗਰੂਰ ਦੇ ਗੇਟ ਅੱਗੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ.ਐੱਸ. ਜਗਨ ਮੋਹਨ ਰੈਡੀ ਦੀ ਅਰਥੀ ਫੂਕੀ ਗਈ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਇਕੱਠੇ ਹੋਏ ਮੁਲਾਜ਼ਮਾਂ ਦੇ ਨੂੰ ਸੰਬੋਧਨ ਕਰਦਿਆਂ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਆਗੂਆਂ ਮੇਘ ਰਾਜ, ਰਘਵੀਰ ਸਿੰਘ ਭਵਾਨੀਗੜ੍ਹ, ਹਰਜੀਤ ਸਿੰਘ ਬਾਲੀਆਂ, ਸੁਖਵਿੰਦਰ ਗਿਰ ਅਤੇ ਦਲਜੀਤ ਸਫੀਪੁਰ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ਦੀਆਂ ਆਂਗਣਵਾੜੀ ਵਰਕਰਾਂ ਆਪਣੀ ਤਨਖਾਹ ਵਿੱਚ ਵਾਧਾ ਕਰਵਾਉਣ, ਸਰਕਾਰੀ ਮੁਲਾਜ਼ਮ ਦਾ ਦਰਜਾ ਹਾਸਲ ਅਤੇ ਹੋਰ ਮੰਗਾਂ ਮੰਨਵਾਉਣ ਲਈ ਸਾਂਝੀ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਲਗਭਗ ਪਿਛਲੇ ਡੇਢ ਮਹੀਨੇ ਤੋਂ ਹੜਤਾਲ ਤੇ ਚੱਲ ਰਹੀਆਂ ਹਨ ਪਰ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਬਜਾਏ ਪਿਛਲੇ ਦਿਨੀਂ ਉਹਨਾਂ ਉੱਤੇ ਐਸਮਾ ਕਾਨੂੰਨ ਲਾਗੂ ਕਰ ਦਿੱਤਾ। ਆਗੂਆਂ ਨੇ ਕਿਹਾ ਕਿ ਜਦੋਂ ਐਸਮਾ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਵੀ ਆਂਗਨਵਾੜੀ ਵਰਕਰਾਂ ਨੇ ਆਪਣਾ ਸੰਘਰਸ਼ ਰੱਖਿਆ ਤਾਂ ਆਂਧਰਾ ਪ੍ਰਦੇਸ਼ ਪੁਲਿਸ ਨੇ ਵਿਜੇਵਾੜਾ ਵਿੱਚ ਆਂਗਨਵਾੜੀਆਂ ਦੇ ਕੇਂਦਰੀ ਤੰਬੂ ਵਿੱਚ ਦਾਖਲ ਹੋ ਕੇ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਦੇ 5ਵੇਂ ਦਿਨ 21-22 ਜਨਵਰੀ 2024 ਦੀ ਰਾਤ ਨੂੰ ਬਿਜਲੀ ਸਪਲਾਈ ਕੱਟ ਦਿੱਤੀ ਅਤੇ ਸੈਂਕੜੇ ਆਂਗਨਵਾੜੀ ਵਰਕਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਫੈਡਰੇਸ਼ਨ ਦੇ ਆਗੂਆਂ ਗੁਰਚਰਨ ਅਕੋਈ ਸਾਹਿਬ, ਬੱਬਨਪਾਲ ਸੰਗਰੂਰ, ਸ਼ਮਸ਼ੇਰ ਬਡਰੁੱਖਾਂ, ਅਮਨ ਵਿਸ਼ਿਸ਼ਟ, ਕਰਮਜੀਤ ਨਦਾਮਪੁਰ, ਮਨੋਜ ਕੁਮਾਰ, ਸੁਖਬੀਰ ਸਿੰਘ, ਮਨਜੀਤ ਸਿੰਘ, ਕੁਲਵੰਤ ਖਨੌਰੀ ਅਤੇ ਮੈਡਮ ਗੁਰਮੀਤ ਕੌਰ ਨੇ ਆਂਗਣਵਾੜੀਆਂ ਅਤੇ ਭੁੱਖ ਹੜਤਾਲੀਆਂ ਦੇ ਸ਼ਾਂਤਮਈ ਧਰਨੇ ‘ਤੇ ਜਗਨ ਮੋਹਨ ਰੈਡੀ ਸਰਕਾਰ ਦੀ ਪੁਲਿਸ ਕਾਰਵਾਈ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਗਈ ਕਿ ਆਂਧਰਾ ਪ੍ਰਦੇਸ਼ ਸਰਕਾਰ ਗ੍ਰਿਫਤਾਰ ਕੀਤੇ ਗਏ ਸਾਰੇ ਲੋਕਾਂ ਨੂੰ ਤੁਰੰਤ ਰਿਹਾਅ ਕਰੇ, ESMA ਨੂੰ ਤੁਰੰਤ ਹਟਾਵੇ ਅਤੇ ਇਹਨਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰਨ ਲਈ ਫੌਰੀ ਤੌਰ ਤੇ ਸ਼ਾਂਝੀ ਸੰਘਰਸ਼ ਕਮੇਟੀ ਨਾਲ ਗੱਲਬਾਤ ਸ਼ੁਰੂ ਕਰੇ। ਇਸ ਮੌਕੇ ਰਮਨ ਗੋਇਲ, ਅਸ਼ਵਨੀ ਕੁਮਾਰ, ਲਾਲ ਸਿੰਘ, ਜਸਵੀਰ ਸਫੀਪੁਰ, ਵਿੱਕੀ ਬਘਰੌਲ, ਅਮ੍ਰਿਤਪਾਲ ਸਿੰਘ, ਏਕਮ ਸਿੰਘ ਭਵਾਨੀਗੜ੍ਹ, ਸੁਖਦੇਵ ਸਿੰਘ ਬਾਲਦ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਬਿੱਕਰ ਸਿੰਘ ਹਥੋਆ, ਪੀਐੱਸਯੂ ਵੱਲੋਂ ਕਮਲ ਬਾਘਾਪੁਰਾਣਾ, ਰਾਮਬੀਰ ਸਿੰਘ ਮੰਗਾ, ਆਦਿ ਨੇ ਵੀ ਸੰਬੋਧਨ ਕੀਤਾ।