ਗੁਰਬਾਣੀ ਪ੍ਰਸਾਰਨ ਵਿਵਾਦ: ਬੀਬੀ ਜਗੀਰ ਕੌਰ ਦੇਣ ਜਵਾਬ – ਸ਼ੰਟੀ
ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਰਨਲ ਸਕੱਤਰ ਸ ਗੁਰਮੀਤ ਸਿੰਘ ਸ਼ੰਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਸਲਾਹ ਦਿਤੀ ਹੈ ਕਿ ਉਹ ਬਾਜ਼ ਬਨਣ ਨਾ ਕਿ ਧੋਖੇਬਾਜ਼ ਦੀ ਭੂਮਿਕਾ ਨਿਭਾਉਣ। ਅੱਜ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ ਸ਼ੰਟੀ ਨੇ ਕਿਹਾ ਕਿ ਅੱਜ ਬੀਬੀ ਜਾਗੀਰ ਕੌਰ ਸ੍ਰੀ ਦਰਬਾਰ ਸਾਹਿਬ ਤੋਂ ਚਲਦੇ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਨਿਤ ਨਵੀ ਸਾਲਾਹ ਦੇ ਰਹੇ ਹਨ ਤੇ ਬਾਰ ਬਾਰ ਗੁਰਬਾਣੀ ਦਾ ਵਪਾਰ ਦੀਆ ਗੱਲਾਂ ਕਰ ਰਹੇ ਹਨ ਪਰ ਬੀਬੀ ਜੀ ਇਹ ਭੁੱਲ ਹੀ ਗਏ ਹਨ ਕਿ ਨਿਜੀ ਚੈਨਲ ਈ ਟੀ ਸੀ ਕੋਲੋ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਤੋਂ ਪਹਿਲਾਂ ਤੇ ਬਾਅਦ ਇਸ਼ਤਿਹਾਰ ਚਲਾਉਣ ਦੀ ਇਜਾਜ਼ਤ ਬੀਬੀ ਜੀ ਨੇ ਖੁਦ ਦਿਤੀ ਤੇ ਉਸ ਇਸ਼ਤਿਹਾਰਬਾਜ਼ੀ ਵਿਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 10 ਫੀਸਦੀ ਦੇਣ ਦਾ ਕਰਾਰ ਵੀ ਕੀਤਾ।
ਸ ਸ਼ੰਟੀ ਨੇ ਕਿਹਾ ਕਿ ਸਿੱਖਾਂ ਦੇ ਗੌਰਵਮਈ ਇਤਿਹਾਸ ਵਿਚ ਬੀਬੀਆਂ ਦਾ ਅਹਿਮ ਸਥਾਨ ਰਿਹਾ ਹੈ ਤੇ ਬੀਬੀਆਂ ਨੇ ਬਹੁਤ ਪ੍ਰੇਰਨਾ ਦਿੱਤੀ ਪਰ ਬੀਬੀ ਜਾਗੀਰ ਕੌਰ ਨੇ ਬੀਬੀਆਂ ਦੇ ਇਤਿਹਾਸ ਤੋਂ ਕੁਝ ਵੀ ਨਹੀਂ ਸਿਖਿਆ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਕੇ ਬੀਬੀ ਜਾਗੀਰ ਕੌਰ ਨੇ ਧਰਮ ਅਤੇ ਰਾਜਨੀਤੀ ਦੇ ਖੇਤਰ ਵਿਚ ਬਹੁਤ ਲਾਭ ਲਏ ਹਨ ਹੁਣ ਉਹ ਉਸੇ ਅਕਾਲੀ ਦਲ ਨੂੰ ਬਦਨਾਮ ਕਰ ਰਹੇ ਹਨ। ਓਹਨਾ ਬੀਬੀ ਨੂੰ ਸਵਾਲ ਕੀਤਾ ਕਿ ਉਹਨਾਂ ਕੋਲ ਸਾਲ 2000 ਵਿਚ ਨੀਲੇ ਰੰਗ ਦੀ ਸਫਾਰੀ ਗੱਡੀ ਕਿਥੋਂ ਆਈ ਤੇ ਕਿਸ ਨੇ ਦਿੱਤੀ ਸੀ। ਇਹ ਗੱਡੀ ਕਿਸ ਨੇ ਨਿਜੀ ਲਾਭ ਲੈਣ ਲਈ ਬੀਬੀ ਨੂੰ ਤੋਹਫੇ ਵਜੋਂ ਉਪਲਭਦ ਕਾਰਵਾਈ ਸੀ। ਉਹਨਾਂ ਤਾਬੜਤੋੜ ਹਮਲਾ ਕਰਦਿਆਂ ਕਿਹਾ ਕਿ ਮੁੰਬਈ ਦੇ ਸਹਿਕਾਰੀ ਬੈੰਕ ਵਿਚ ਕਿਸ ਨੇ ਉਸ ਗੱਡੀ ਦੀਆ ਕਿਸਤਾ ਅਦਾ ਕੀਤੀਆਂ।
ਨਿਜੀ ਚੈਨਲ ਈ ਟੀ ਸੀ ਕੋਲੋ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਤੋਂ ਪਹਿਲਾਂ ਤੇ ਬਾਅਦ ਇਸ਼ਤਿਹਾਰ ਚਲਾਉਣ ਦੀ ਇਜਾਜ਼ਤ ਬੀਬੀ ਜੀ ਨੇ ਖੁਦ ਦਿਤੀ ਤੇ ਉਸ ਇਸ਼ਤਿਹਾਰਬਾਜ਼ੀ ਵਿਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 10 ਫੀਸਦੀ ਦੇਣ ਦਾ ਕਰਾਰ ਵੀ ਕੀਤਾ
ਗੁਰਬਾਣੀ ਪ੍ਰਸਾਰਣ ਤੋਂ ਪੀ ਟੀ ਸੀ ਵਲੋਂ ਕਮਾਈ ਕੀਤੇ ਜਾਣ ਬਾਰੇ ਕੀਤੇ ਜਾ ਰਹੇ ਪ੍ਰਚਾਰ ਬਾਰੇ ਸ ਸ਼ੰਟੀ ਨੇ ਕਿਹਾ ਕਿ ਗੁਰਬਾਣੀ ਪ੍ਰਸਾਰਣ ਕਰਨ ਤੋਂ ਕਿੰਨੇ ਹੀ ਚੈਨਲ ਹੱਥ ਖੜੇ ਕਰ ਗਏ ਫਿਰ ਪੀ ਟੀ ਸੀ ਨੇ ਇਹ ਸੇਵਾ ਸੰਭਾਲ ਲਈ। ਉਹਨਾਂ ਕਿਹਾ ਕਿ ਗੁਰਬਾਣੀ ਦੇ ਪ੍ਰਸਾਰਣ ਨਾਲ ਕਮਾਈ ਪੀ ਟੀ ਸੀ ਨਹੀਂ ਮੁੱਖ ਮੰਤਰੀ ਪੰਜਾਬ ਦੇ ਕਈ ਨੇੜਲੇ ਸਾਥੀ ਕਮਾਈ ਕਰ ਰਹੇ ਹਨ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਸ਼ਬਦੀ ਹਮਲਾ ਕਰਦਿਆਂ ਸ ਸ਼ੰਟੀ ਨੇ ਕਿਹਾ ਕਿ ਸ੍ਰੀ ਮਾਨ ਨੂੰ ਰਾਜਨੀਤੀ ਦੇ ਵਿਚ ਸਿਆਸੀ ਜਗ੍ਹਾ ਤਲਾਸ਼ ਕਰਨ ਲਈ ਹੋਰ ਹੱਥਕੰਡੇ ਅਪਣਾਉਣੇ ਚਾਹੀਦੇ ਹਨ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਦਖਲ ਅੰਦਾਜ਼ੀ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਹਨਾਂ ਅਗੇ ਕਿਹਾ ਕਿ ਸਿੱਖ ਕਦੀ ਵੀ ਆਪਣੇ ਧਰਮ ਵਿਚ ਸਿਆਸੀ ਦਖਲਅੰਦਾਜ਼ੀ ਪਸੰਦ ਨਹੀਂ ਕਰਦੇ। ਉਹਨਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਉਹ ਗੁਰਬਾਣੀ ਪ੍ਰਸਾਰਣ ਮਾਮਲੇ ਤੇ ਤਕਨੀਕੀ ਮਾਹਿਰਾਂ ਨਾਲ ਰਾਏ ਕਰਨ।
ਇਸ ਮੌਕੇ ਤੇ ਸਬੋਧਨ ਕਰਦਿਆਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ ਸੁਖਵਿੰਦਰ ਸਿੰਘ ਬੱਬਰ ਨੇ ਕਿਹਾ ਕਿ ਪਹਿਲਾਂ ਦਿੱਲੀ ਕਮੇਟੀ, ਫਿਰ ਹਰਿਆਣਾ ਕਮੇਟੀ ਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮਕਾਰ ਵਿਚ ਸਰਕਾਰੀ ਦਖਲਅੰਦਾਜ਼ੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਭਗਵੰਤ ਮਾਨ ਵਲੋਂ ਦਾਹੜੀ ਕੇਸਾਂ ਬਾਰੇ ਕੀਤੀ ਟਿਪਣੀ ਨੂੰ ਗੈਰ ਵਾਜਿਬ ਦੱਸਦਿਆਂ ਕਿਹਾ ਕਿ ਸ੍ਰੀ ਮਾਨ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਸਿੱਖ ਪੰਥ ਦੀਆਂ ਪ੍ਰੰਪਰਾਵਾਂ ਦਾ ਮਜ਼ਾਕ ਉਡਾ ਰਹੇ ਹਨ ਜੋ ਸਿੱਖ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ।
ਸ ਬੱਬਰ ਨੇ ਕਿਹਾ ਕਿ ਬੀਬੀ ਜਗੀਰ ਕੌਰ ਨੂੰ ਪੰਥ ਧ੍ਰੋਹੀ ਨਹੀਂ ਬਣਨਾ ਚਾਹੀਦਾ।
ਇਸ ਸਬੰਧੀ ਬੀਬੀ ਜਗੀਰ ਕੌਰ ਨੇ ਕਿਹਾ ਕਿ ਮੈਂ ਜੇਕਰ ਸਮਝੌਤੇ ਵਿਚ ਵਿਦਿਆ ਫ਼ੰਡ ਲਈ ਲਏ ਸਨ ਨਿਜੀ ਲਾਭ ਲਈ ਨਹੀਂ। ਉਹਨਾਂ ਕਿਹਾ ਕਿ ਪੀ ਟੀ ਸੀ ਨਾਲ ਮੇਰਾ ਕੋਈ ਨਿਜੀ ਵਿਰੋਧ ਨਹੀਂ ਹੈ। ਭਗਵੰਤ ਮਾਨ ਨੂੰ ਗੁਰਬਾਣੀ ਪ੍ਰਸਾਰਣ ਸਮੇਤ ਕਿਸੇ ਵੀ ਸਿੱਖ ਮਸਲੇ ਵਿਚ ਬੋਲਣ ਦਾ ਅਧਿਕਾਰ ਨਹੀਂ ਹੈ।
ਇਸ ਮੌਕੇ ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ ਪਰਮਜੀਤ ਸਿੰਘ ਖੁਰਾਣਾ,ਸ ਗੁਰਪ੍ਰੀਤ ਸਿੰਘ ਖੰਨਾ,ਸ ਇੰਦਰਪ੍ਰੀਤ ਸਿੰਘ ਕੋਚਰ,ਸਾਬਕਾ ਮੈਂਬਰ ਸੁਰਿੰਦਰ ਸਿੰਘ ਕੈਰੋਂ ਵੀ ਹਾਜ਼ਰ ਸਨ।