ਵਿਕਾਸ ਕਾਰਜ਼ਾਂ ਦਾ ਇਲਾਕੇ ਦੀ ਵੱਡੀ ਅਬਾਦੀ ਨੂੰ ਮਿਲੇਗਾ ਲਾਭ
ਚੰਡੀਗੜ੍ਹ, 21 ਮਾਰਚ:
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ, ਸਾਫ਼-ਸੁਥਰਾ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਣ ਮੁਹੱਈਆ ਕਰਵਾਉਣ ਲਈ ਲਗਾਤਾਰ ਕੰਮ ਰਹੀ ਹੈ। ਇਸ ਦਿਸ਼ਾ ਵਿੱਚ ਇਕ ਹੋਰ ਕਦਮ ਪੁੱਟਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ.ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਡੇਰਾਬੱਸੀ ਜ਼ਿਲ੍ਹਾ ਮੁਹਾਲੀ ਵਿੱਖੇ ਵਿਕਾਸ ਕਾਰਜ਼ਾਂ ‘ਤੇ ਤਕਰੀਬਨ 8 ਕਰੋੜ ਰੁਪਏ ਖਰਚਣ ਦਾ ਫੈਸਲਾ ਲਿਆ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ.ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਨਗਰ ਕੌਂਸਲ ਡੇਰਾਬੱਸੀ ਦੇ ਡੰਪਿੰਗ ਗਰਾਉਂਡ ਦੇ ਰੱਖ-ਰਖਾਅ ਅਤੇ ਡੇਰਾਬੱਸੀ ਦੇ ਹੋਰ ਕੰਮਾਂ ਲਈ ਵੱਖ-ਵੱਖ ਅਸਾਮੀਆਂ ਜਿਵੇਂ ਲੇਬਰ, ਡਰਾਈਵਰ, ਇਲੈਕਟ੍ਰਿਸ਼ਨ, ਮਾਲੀ ਅਤੇ ਹੋਰ ਅਸਾਮੀਆਂ ਦੀਆਂ ਸੇਵਾਵਾਂ ਹਾਇਰ ਕਰਨ ਲਈ ਤਕਰੀਬਨ 1.86 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਇਸੇ ਤਰ੍ਹਾਂ ਹੀ ਵਾਰਡ ਨੰ. 1,2,3,4,5,6 ਅਤੇ 15 ਵਿਖੇ ਇੰਟਰਲਾਕਿੰਗ ਟਾਈਲਜ਼ ਅਤੇ ਨਾਲੀਆਂ ਦੀ ਮੁਰੰਮਤ ਕਰਵਾਉਣ, ਸਰਸਵਤੀ ਵਿਹਾਰ ਵਿੱਚ ਵੱਖ-ਵੱਖ ਥਾਵਾਂ ਤੇ ਟਾਈਲਾਂ ਅਤੇ ਨਾਲੀਆਂ ਦੀ ਮੁਰੰਮਤ ਦਾ ਕੰਮ, ਕਸਬੇ ਵਿੱਚ ਵੱਖ-ਵੱਖ ਥਾਵਾਂ ਤੇ ਰੋਡ ਅਤੇ ਗਲੀਆਂ ਦੇ ਚੈਂਬਰਾਂ ਦੀ ਮੁਰੰਮਤ ਦਾ ਕੰਮ ਕੀਤਾ ਜਾਵੇਗਾ।
ਇਸ ਤੋ ਇਲਾਵਾ, ਪਾਰਕਿੰਗ ਲਈ ਜਗ੍ਹਾ ਵਿਕਸਤ ਕਰਨ ਲਈ ਉਵਰ ਬ੍ਰਿਜ ਦੇ ਹੇਠਾਂ ਟਾਈਲਾਂ ਲਗਵਾਉਣ ਦਾ ਕੰਮ, ਵਾਰਡ ਨੰ. 8 ਵਿੱਚ ਸੈਣੀ ਧਰਮਸ਼ਾਲਾ ਦਾ ਨਿਰਮਾਣ ਕਰਨਾ, ਡੰਪਿੰਗ ਪੁਆਇੰਟ ਡੇਰਾਬੱਸੀ ਵਿੱਖੇ ਐਮ.ਆਰ.ਐਫ. ਸੈੱਡ ਦੀ ਉਸਾਰੀ, ਗੁਰਦੁਆਰਾ ਸਾਹਿਬ ਮੁਬਾਰਿਕਪੁਰ ਨੇੜੇ ਡਰੇਨੇਜ ਪਾਈਪ ਪ੍ਰਦਾਨ ਕਰਨ ਅਤੇ ਵਿਛਾਉਣ ਦਾ ਕੰਮ ਕਰਨਾ, ਕਮਿਊਨਿਟੀ ਸੈਂਟਰ ਮੁਬਾਰਿਕਪੁਰ ਨੇੜੇ ਗਲੀ ਦੀ ਉਸਾਰੀ ਅਤੇ ਕਮਿਊਨਿਟੀ ਸੈਂਟਰ ਵਾਰਡ ਨੰ. 11 ਨੇੜੇ ਲੇਡੀਜ਼ ਐਂਡ ਜੈਂਟਸ ਬਾਥਰੂਮ ਦੀ ਉਸਾਰੀ ਕਰਨ ਅਤੇ ਇਲਾਕੇ ਦੇ ਹੋਰ ਬਹੁਤ ਸਾਰੇ ਕੰਮ ਕਰਨ ਲਈ ਤਕਰੀਬਨ 6.14 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਕੈਬਨਿਟ ਮੰਤਰੀ, ਡਾ. ਨਿੱਜਰ ਨੇ ਕਿਹਾ ਕਿ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਇਨ੍ਹਾਂ ਕੰਮਾਂ ਲਈ ਦਫ਼ਤਰੀ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਗਈ ਹੈ। ਉਨਾਂ ਇਹ ਵੀ ਕਿਹਾ ਕਿ ਇਲਾਕੇ ਦੀ ਵੱਡੀ ਅਬਾਦੀ ਨੂੰ ਇਨ੍ਹਾਂ ਵਿਕਾਸ ਕਾਰਜ਼ਾਂ ਦਾ ਲਾਭ ਹੋਵੇਗਾ।
ਡਾ.ਨਿੱਜਰ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਸੂਬੇ ਦੇ ਲੋਕਾਂ ਨੂੰ ਭ੍ਰਿਸਟਾਚਾਰ ਮੁਕਤ ਪ੍ਰਸ਼ਾਸਨ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਭ੍ਰਿਸ਼ਟਾਚਾਰ ਕਰਦਾ ਫੜ੍ਹਿਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕੀਤੇ ਜਾਣ ਵਾਲੇ ਵਿਕਾਸ ਕਾਰਜ਼ਾਂ ਵਿੱਚ ਪਾਰਦਰਸ਼ਤਾਂ ਅਤੇ ਗੁਣਵੱਤਾ ਯਕੀਨੀ ਬਣਾਈ ਜਾਵੇ।