ਸੰਗਰੂਰ 28 ਫਰਵਰੀ ਸੁਖਵਿੰਦਰ ਸਿੰਘ ਬਾਵਾ -ਪੰਜਾਬੀ ਸਾਹਿਤ ਸਭਾ ਸੰਗਰੂਰ ਵਲੋਂ ਸੈਨਿਕ ਭਵਨ ਮੰਗਵਾਲ ਵਿਖੇ ਡਾ: ਕਿਰਨਪ੍ਰੀਤ ਕੌਰ ਦੀ ਖੋਜ ਪੁਸਤਕ ‘ਔਰਤ ਦਾ ਸਿਰ ਪਹਿਰਾਵਾ ਸਰੂਪ ਅਤੇ ਸਭਿਆਚਾਰ’ ਨੂੰ ਲੋਕ ਅਰਪਣ ਕਰਦਿਆਂ ਵਿਚਾਰ ਚਰਚਾ ਕਰਵਾਈ। ਇਸ ਸਮਾਗਮ ਦੀ ਪ੍ਰਧਾਨਗੀ ਡਾ: ਤੇਜਵੰਤ ਮਾਨ ਸਾਹਿਤ ਰਤਨ ਨੇ ਕੀਤੀ। The last stage of the empire is the attack on the people’s culture of globalization:- Dr. Swaraj Singh
ਡਾ: ਨਰਵਿੰਦਰ ਸਿੰਘ ਕੌਸਲ ਨੇ ਲੋਕ ਸਭਿਆਚਾਰ ਦੇ ਮਹੱਤਵ ਨੂੰ ਵਿਸਥਾਰ ਦਿੰਦਿਆ ਪੁਸਤਕ ਉੱਤੇ ਬੜਾ ਗੰਭੀਰ ਵਿਦਵਤਾ ਪੂਰਨ ਬਹੁ-ਦਿਸ਼ਾਵੀ ਪਰਚਾ ਪੜ੍ਹਿਆ। ਉਨ੍ਹਾਂ ਦਾ ਮੱਤ ਸੀ ਕਿ ਭਾਵੇਂ ਇਹ ਪੁਸਤਕ ਡਾ: ਕਿਰਨਪ੍ਰੀਤ ਕੌਰ ਦੇ ਡਾਕਟਰੇਟ ਦੇ ਥੀਸਸ ਦਾ ਇਕ ਭਾਗ ਹੈ ਪਰ ਸਭਿਆਚਾਰਕ ਪੱਖ ਤੋਂ ਇਹ ਪੁਸਤਕ ਆਪਣੇ ਵਿਚ ਸੰਪੂਰਨ ਖੋਜ ਪ੍ਰਬੰਧ ਹੀ ਹੈ। ਔਰਤ ਦੇ ਸਿਰ ਪਹਿਰਾਵੇ ਨੂੰ 5000 ਹਜ਼ਾਰ ਸਾਲ ਪਹਿਲਾਂ ਤੋਂ ਲੈ ਕੇ ਅਜੋਕੇ ਸਮੇਂ ਤੱਕ ਖੋਜ ਕਰਕੇ ਇਸ ਦੇ ਵੱਖ ਰੂਪਾਂ ਨੂੰ ਪਾਠਕਾਂ ਦੀ ਜਾਣਕਾਰੀ ਲਈ ਵਿਆਖਿਆ ਸਾਹਿਤ ਬਿਆਨ ਕੀਤਾ ਹੈ। ਡਾ: ਤੇਜਵੰਤ ਮਾਨ ਨੇ ਕਿਹਾ ਕਿ ਵਿਦਵਾਨ ਉਸ ਖੋਜ ਨੂੰ ਹੀ ਪਰਿਮਾਣਿਕ ਮੰਨਦੇ ਹਨ ਜੋ ਪ੍ਰਕਾਸ਼ਤ ਪੁਸਤਕਾਂ ਦੀ ਸੇਧ ਵਿਚ ਕੀਤੀ ਹੋਵੇ। ਮੌਖਿਕ ਇਤਿਹਾਸ ਦੇ ਆਧਾਰਾਂ ਨੂੰ ਉਹ ਪਰਮਾਣਿਕ ਨਹੀਂ ਮੰਨਦੇ ਡਾ: ਕਿਰਨਪ੍ਰੀਤ ਕੌਰ ਦੀ ਖੋਜ ਵਿਧੀ ਇਨ੍ਹਾਂ ਵਿਦਵਾਨਾਂ ਦੀ ਇਕਹਿਰੀ ਖੋਜ ਵਿਧੀ ਨੂੰ ਠੀਕ ਨਹੀਂ ਮੰਨਦੀ। ਉਹ ਮੌਖਿਕ ਇਤਿਹਾਸਕ ਸਮੱਗਰੀ ਨੂੰ ਵੀ ਪ੍ਰਮਾਣਿਕ ਮੰਨਦੀ ਹੈ। ਡਾ: ਕਿਰਨਪ੍ਰੀਤ ਕੌਰ ਦੀ ਇਸ ਵਿਧੀ ਨੇ ਮੈਨੂੰ ਪ੍ਰਭਾਵਤ ਕੀਤਾ ਹੈ। ਮੈਨੂੰ ਸਿਰ ਪਹਿਰਾਵੇ ਦੇ ਕੁਝ ਨਾਵਾਂ ਬਾਰੇ ਪਹਿਲੀ ਵਾਰ ਇਸ ਪੁਸਤਕ ਤੋਂ ਜਾਣਕਾਰੀ ਮਿਲੀ ਹੈ। ਡਾ: ਸਵਰਾਜ ਸਿੰਘ ਨੇ ਇਸ ਪੁਸਤਕ ਦੇ ਮਹੱਤਵ ਨੂੰ ਮੰਨਦਿਆਂ ਕਿਹਾ ਕਿ ਧਰਤੀ ਅਤੇ ਸਭਿਆਚਾਰ ਦੇ ਸੁਮੇਲ ਨੂੰ ਕਾਇਮ ਰੱਖਣ ਲਈ ਅਜਿਹੀਆਂ ਪੁਸਤਕਾਂ ਲਿਖੀਆਂ ਜਾਣੀਆਂ ਚਾਹੀਦੀਆਂ ਹਨ ਕਿਉਂਕਿ ਅੱਜ ਸਾਮਰਾਜੀ ਵਿਸ਼ਵੀਕਰਨ ਦਾ ਸਾਡੇ ਸਭਿਆਚਾਰ ਉਤੇ ਯੋਜਨਾਬੱਧ ਹਮਲਾ ਕੀਤਾ ਜਾ ਰਿਹਾ ਹੈ। ਖਾਸਕਰ ਸਾਡੀ ਪੱਗ ਅਤੇ ਚੁੰਨੀ ਦੀ ਮਹੱਤਤਾ ਨੂੰ ਸਮਾਜਕ ਜੀਵਨ ‘ਚੋਂ ਬਾਹਰ ਧੱਕਿਆ ਜਾ ਰਿਹਾ ਹੈ। ਡਾ: ਭਗਵੰਤ ਸਿੰਘ ਨੇ ਕਿਹਾ ਕਿ ਡਾ: ਕਿਰਨਪ੍ਰੀਤ ਕੌਰ ਨੇ ਬੜੀ ਲਗਨ ਅਤੇ ਮਿਹਨਤ ਨਾਲ ਸਾਡੇ ਸੱਭਿਆਚਾਰਕ ਪਹਿਰਾਵੇ ਨੂੰ ਕੇਂਦਰ ਵਿਚ ਰੱਖ ਕੇ ਔਰਤ ਦੇ ਸਿਰ ਪਹਿਰਾਵੇ ਦੀ ਸਰੂਪ ਦਾ ਇਤਿਹਾਸਕ ਵਿਸ਼ਲੇਸ਼ਣ ਕੀਤਾ ਹੈ। ਉਪਰੰਤ ਸੀਤੋ ਫੌਜਣ ਦੇ ਲੇਖਕ ਅਮਰ ਗਰਗ ਕਲਮਦਾਨ ਦੀ ‘ਸਿੰਜਰ ਮੇਰਾ ਪਹਿਲਾ ਅਧਿਆਪਕ ਮੇਰਾ ਸਿਰਜਕ “ ਦੀ ਕਹਾਣੀ ਕਲਾ ਉੱਤੇ ਗੰਭੀਰ ਚਰਚਾ ਹੋਈ। ਡਾ: ਸਵਰਾਜ ਸਿੰਘ ਨੇ ਮੰਨਿਆ ਕਿ ਅਮਰ ਗਰਗ ਦੀ ਵਿਚਾਰਧਾਰਾ ਭਗਵੀ ਹੋਣ ਦੇ ਬਾਵਜੂਦ ਉਹ ਧਰਤੀ ਨਾਲ ਜੁੜਿਆ ਕਹਾਣੀਕਾਰ ਹੈ। ਬਹਿਸ ਵਿਚ ਡਾ:ਰਮਿੰਦਰ ਕੌਰ, ਜਗਦੀਪ ਸਿੰਘ, ਐਡਵੋਕੇਟ, ਨਿਹਾਲ ਸਿੰਘ ਮਾਨ, ਡਾ: ਰਜੀਵ ਕੁਮਾਰ, ਰਣਬੀਰ ਸਿੰਘ ਨੇ ਵੀ ਹਿੱਸਾ ਲਿਆ। ਇਸ ਮੌਕੇ ਹੋਏ ਵਿਸ਼ਾਲ ਕਵੀ ਦਰਬਾਰ ਵਿਚ ਅੰਮ੍ਰਿਤ ਅਜੀਜ਼, ਰਾਕੇਸ਼ ਸ਼ਰਮਾ, ਜਤਿੰਦਰ ਮਾਨਵ, ਚਮਕੌਰ ਸਿੰਘ, ਜੀਤ ਹਰਜੀਤ, ਧਰਮੀ ਤੁੰਗਾਂ, ਪੂਰਨ ਚੰਦ ਜੋਸ਼ੀ, ਪ੍ਰੋ: ਨਰਿੰਦਰ ਸਿੰਘ, ਨਾਹਰ ਸਿੰਘ ਮੁਬਾਰਕਪੁਰੀ, ਦੇਸ਼ ਭੂਸ਼ਨ, ਗੁਰਜੰਟ ਸਿੰਘ ਰਾਹੀ, ਸਾਧੂ ਸਿੰਘ, ਆਦਿ ਨੇ ਕਾਵਿ ਰਚਨਾਵਾਂ ਸੁਣਾਈਆਂ।
ਵਿਸ਼ੇਸ ਗੁਰਬਾਣੀ ਗਾਇਣ ਪ੍ਰੋਗਰਾਮ ਵਿਚ ਅੰਮ੍ਰਿਤ ਅਜੀਜ਼ ਨੇ ਸ਼ਬਦ ਗਾਇਣ ਕੀਤਾ।
ਪੰਜਾਬੀ ਸਾਹਿਤ ਸਭਾ ਸੰਗਰੂਰ ਵਲੋਂ ਜਾਤਿੰਦਰ ਮਾਨਵ, ਕਿਰਨਪ੍ਰੀਤ ਕੌਰ, ਕੈਪਟਨ ਮਹਿੰਦਰ ਸਿੰਘ, ਡਾ:ਤੇਜਵੰਤ ਮਾਨ, ਅਮਰ ਗਰਗ ਕਲਮਦਾਨ, ਡਾ: ਰਾਜੀਵਪੁਰੀ, ਡਾ: ਨਰਵਿੰਦਰ ਸਿੰਘ ਕੌਸਲ, ਡਾ: ਸਵਰਾਜ ਸਿੰਘ, ਡਾ: ਰਮਿੰਦਰ ਕੌਰ, ਡਾ: ਰਕੇਸ਼ ਸ਼ਰਮਾ, ਦਾ ਸਨਮਾਨ ਕੀਤਾ।
ਇਸ ਸਮਾਗਮ ਵਿਚ ਸੁਖਵਿੰਦਰ ਸਿੰਘ ਫੁੱਲ, ਤੇਜਾ ਸਿੰਘ, ਸੁਰਜੀਤ ਸਿੰਘ, ਯਾਦਵਿੰਦਰ ਸਿੰਘ, ਗੁਰਦੀਪ ਸਿੰਘ, ਧਰਮ ਸਿੰਘ, ਸੂਬੇਦਾਰ ਜੋਗਿੰਦਰ ਸਿੰਘ, ਹੋਲਦਾਰ ਸਾਧੂ ਸਿੰਘ, ਬਲਵਿੰਦਰ ਸਿੰਘ ਆਦਿ ਸਾਹਿਤਕਾਰ ਹਾਜ਼ਰ ਸਨ।
ਅੰਤ ਵਿੱਚ ਨਿਹਾਲ ਸਿੰਘ ਮਾਨ ਨੇ ਗੁਰਬਾਣੀ ਦੇ ਲਿਪੀ ਵਿਧਾਨ ਉਤੇ ਆਪਣੇ ਵਿਚਾਰ ਦਸਦਿਆਂ ਸਾਰੇ ਆਏ ਸਾਹਿਤਾਕਾਰਾਂ ਦਾ ਧੰਨਵਾਦ ਕੀਤਾ। ਚਾਹ ਪਾਣੀ ਦਾ ਲੰਗਰ ਖੁੱਲ੍ਹਾ ਵਰਤਿਆ। ਗੁਰਨਾਮ ਸਿੰਘ ਕਾਨੂੰਨਗੋ ਨੇ ਸਟੇਜ ਦੀ ਜ਼ਿੰਮੇਵਾਰੀ ਸੰਭਾਲ਼ੀ।