ਕਦੇ ਕਦੇ ਇੰਝ ਮਹਿਸੂਸ ਹੁੰਦਾ ਹੈ ਕਿ ਤਰਕ ਦਾ ਜ਼ਮਾਨਾ ਖ਼ਤਮ ਹੁੰਦਾ ਜਾ ਰਿਹਾ ਹੈ।
ਕਿਸੇ ‘ਤੇ ਦੋਸ਼ ਲਾਉਣ ਲਈ ਹੁਣ ਤਰਕ ਦੀ ਜ਼ਰੂਰਤ ਨਹੀਂ। ਬੱਸ ਤੁਹਾਡੇ ਵਿੱਚ ਕੁਝ ਕੁ ਗੁਣ ਹੋਣੇ ਚਾਹੀਦੇ ਹਨ ਜਿਵੇਂ ਕਿ ਤੁਹਾਡਾ ਸੋਸ਼ਲ ਮੀਡੀਆ ‘ਤੇ ਚੰਗਾ ਪ੍ਰਭਾਵ ਹੋਣਾ ਚਾਹੀਦਾ ਹੈ, ਵਿਹਲੜਾਂ ਨਾਲ ਲਿੰਕ ਹੋਣੇ ਚਾਹੀਦੇ ਹਨ ਜੋ ਸੋਸ਼ਲ ਮੀਡੀਆ ‘ਤੇ ਢੇਰ ਸਾਰੀਆਂ ਪੋਸਟਾਂ ਪਾ ਕੇ ਅਤੇ ਕਮੈਂਟ ਕਰਕੇ ਕਿਸੇ ਵੀ ਮੁੱਦੇ ਨੂੰ ਟ੍ਰੈਂਡਿੰਗ ਵਿੱਚ ਲਿਆ ਸਕਣ। ਅਜਿਹਾ ਕਰਨ ਨਾਲ ਤੁਸੀਂ ਕਿਸੇ ‘ਤੇ ਵੀ ਬਿਨ੍ਹਾਂ ਕਿਸੇ ਸਿਰ-ਪੈਰ ਤੋਂ ਦੋਸ਼ ਲਗਾ ਸਕਦੇ ਹੋ, ਕਿਸੇ ਦੇ ਵਿਅਕਤੀਤਵ ਨੂੰ ਜ਼ਲੀਲ ਕਰ ਸਕਦੇ ਹੋ।
ਸੋਸ਼ਲ ਮੀਡੀਆ ਦੀ ਭਾਸ਼ਾ ਵਿੱਚ ਕਿਸੇ ਨੂੰ ਟ੍ਰੋਲ ਕਰਕੇ ਜਾਂ ਕਿਸੇ ‘ਤੇ ਦੋਸ਼ ਲਗਾ ਕੇ ਕੀ ਹੁੰਦਾ ਹੈ। ਟ੍ਰੋਲ ਹੋਣ ਵਾਲੇ ਦਾ ਕਰੀਅਰ ਦਾਅ ‘ਤੇ ਲੱਗ ਜਾਂਦਾ ਹੈ। ਉਹ ਮਾਨਸਿਕ ਤਣਾਅ ਵਿੱਚ ਚਲਾ ਜਾਂਦਾ ਹੈ। ਲੋਕਾਂ ਵਿੱਚ ਜਾਵੇ ਤਾਂ ਉਸ ਦਾ ਮਖੌਲ ਬਣਾਇਆ ਜਾਂਦਾ ਹੈ। ਦੂਜੇ ਪਾਸੇ ਟ੍ਰੋਲ ਕਰਨ ਵਾਲਿਆਂ ਨੂੰ ਆਪਣੇ ਪੇਜਾਂ ‘ਤੇ ਫਾਲੋਅਰ ਮਿਲਦੇ ਹਨ, ਅਤੇ ਹੋਰ ਕਈ ਮਾਧਿਅਮਾਂ ਰਾਹੀਂ ਉਨ੍ਹਾਂ ਨੂੰ ਕਮਾਈ ਹੁੰਦੀ ਹੈ। ਦਰਸ਼ਕਾਂ ਲਈ ਸਿਰਫ਼ 2-4 ਦਿਨਾਂ ਦੇ ਸਵਾਦ ਤੋਂ ਵਧ ਕੇ ਕੁਝ ਨਹੀਂ ਹੁੰਦਾ।
ਹੁਣ ਇਨ੍ਹਾਂ ਸਾਰੀਆਂ ਗੱਲਾਂ ਨੂੰ ਜੋੜ ਕੇ ਦੇਖਿਆ ਜਾਵੇ ਤਾਂ ਦਰਸ਼ਕਾਂ ਦੇ 2-4 ਦਿਨਾਂ ਦੇ ਸਵਾਦ, ਟ੍ਰੋਲ ਪੇਜਾਂ ਲਈ ਕੰਟੈਂਟ/ਕਮਾਈ ਦੇ ਮਾਧਿਅਮ ਲਈ ਕਿਸੇ ਬੰਦੇ ਦੇ ਕਰੀਅਰ ਨੂੰ ਦਾਅ ‘ਤੇ ਲਗਾ ਦਿੱਤਾ ਜਾਂਦਾ ਹੈ ਅਤੇ ਉਸ ਦਾ ਮਾਨਸਿਕ ਸ਼ੋਸ਼ਣ ਕੀਤਾ ਜਾਂਦਾ ਹੈ। ਅਸਲ ਵਿੱਚ ਸੋਸ਼ਲ ਮੀਡੀਆ ‘ਤੇ ਇਹ ਹਾਲ ਹੈ ਕਿ ਜਿੰਨਾਂ ਨੇ ਖ਼ੁਦ ਕੁਝ ਨਹੀਂ ਕੀਤਾ ਹੁੰਦਾ ਉਹ ਮਸ਼ਹੂਰ ਬੰਦਿਆਂ ਨੂੰ ਟ੍ਰੋਲ ਕਰਦੇ ਹਨ।
ਮੈਂ ਨਿੱਜੀ ਤੌਰ ‘ਤੇ ਬੜੇ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਆਉਣ ਤੋਂ ਬਾਅਦ ਸਮਾਜ ਵਿੱਚ ਆਏ ਹਲਕੇਪਨ ਬਾਰੇ ਲਿਖਣਾ ਚਾਹੁੰਦਾ ਸੀ। ਹਲਕੇਪਨ ਤੋਂ ਭਾਵ ਬਿਨ੍ਹਾਂ ਤਰਕ ਵਾਲੀਆਂ ਬੇਤੁਕੀਆਂ ਗੱਲਾਂ ਦਾ ਵਧਦਾ ਰੁਝਾਨ। ਬੀਤੇ ਦਿਨੀਂ ਹੋਏ ਭਾਰਤ-ਪਾਕਿਸਤਾਨ ਮੁਕਾਬਲੇ ਤੋਂ ਬਾਅਦ ਜਿਸ ਤਰੀਕੇ ਭਾਰਤੀ ਖਿਡਾਰੀ ਅਰਸ਼ਦੀਪ ਦੀ ਟ੍ਰੋਲਿੰਗ ਹੋਈ, ਉਸ ਨੇ ਬੜਾ ਹੀ ਪਰੇਸ਼ਾਨ ਕੀਤਾ। ਟਵਿੱਟਰ ‘ਤੇ ‘ਖਾਲਿਸਤਾਨੀ’ ਜਾਂ ਪਤਾ ਨਹੀਂ ਹੋਰ ਕੀ-ਕੀ ਟ੍ਰੈਂਡ ਕਰ ਰਿਹਾ ਹੈ। ਉਨ੍ਹਾਂ ਟ੍ਰੋਲਰਾਂ ਨੂੰ ਪੁੱਛਣ ਵਾਲਾ ਹੋਵੇ ਵੀ ਭਾਰਤੀ ਪਾਰੀ ਦੀਆਂ ਆਖ਼ੀਰਲੀਆਂ 2 ਗੇਂਦਾਂ ‘ਤੇ ਪਾਕਿਸਤਾਨੀ ਖਿਡਾਰੀ ਤੋਂ ਵੀ ਮਿਸ ਫੀਲਡ ਹੋਈ ਸੀ, ਉਸ ਤੋਂ ਵੀ ਕੈਚ ਛੁੱਟਿਆ ਸੀ, ਉਸ ਨੂੰ ਵੀ ‘ਹਿੰਦੁਸਤਾਨੀ’ ਦਾ ਟੈਗ ਦੇ ਦਿਓ। ਜੇਕਰ ਅਖ਼ੀਰਲੀਆਂ 2 ਗੇਂਦਾਂ ‘ਤੇ ਉਹ 2 ਚੌਕੇ ਨਾ ਜਾਂਦੇ ਤਾਂ ਅਰਸ਼ਦੀਪ ਦੇ ਕੈਚ ਤੱਕ ਮੈਚ ਫਸਿਆ ਹੀ ਨਹੀਂ ਹੋਣਾ ਸੀ। 140 ਕਰੋੜ ਦੀ ਆਬਾਦੀ ਵਾਲੇ ਦੇਸ਼ ਵਿੱਚ ਪਲੇਇੰਗ 11 ਵਿੱਚ ਖੇਡ ਰਹੇ ਖਿਡਾਰੀ ਦੀ ਕਾਬਲੀਅਤ ‘ਤੇ ਕਿਸੇ ਵੀ ਤਰੀਕੇ ਦਾ ਸ਼ੱਕ ਨਹੀਂ ਕੀਤਾ ਜਾ ਸਕਦਾ। ਅਜਿਹੀ ਟ੍ਰੋਲਿੰਗ ਦੀਆਂ ਇੱਕ-ਦੋ ਨਹੀਂ ਅਣਗਿਣਤ ਉਦਾਹਰਨਾਂ ਹਨ। ਪਿਛਲੇ ਦਿਨੀਂ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦੀ ਵੀਡੀਓ ਵਾਇਰਲ ਕਰਕੇ ਉਸ ਦੀ ਟ੍ਰੋਲਿੰਗ ਕੀਤੀ ਗਈ। ਇੱਥੇ ਕਿਸੇ ਦੀ ਨਿੱਜੀ ਜ਼ਿੰਦਗੀ ਨੂੰ ਵੀ ਨਹੀਂ ਬਖ਼ਸ਼ਿਆ ਜਾ ਰਿਹਾ।
ਮੇਰੇ ਹਿਸਾਬ ਨਾਲ ਸੋਸ਼ਲ ਮੀਡੀਆ ਅਦਾਰਿਆਂ ਦੀ ਇਸ ਵਿੱਚ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ ਕਿ ਜੋ ਚੀਜ਼ ਉਨ੍ਹਾਂ ਦੇ ਪਲੈਟਫਾਰਮ ‘ਤੇ ਟ੍ਰੈਡ ਕਰ ਰਹੀ ਹੈ, ਉਸ ਦਾ ਫੈਕਟ-ਚੈੱਕ ਕੀਤਾ ਜਾਵੇ। ਸਰਕਾਰ ਦੇ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨੂੰ ਵੀ ਇਸ ਵਿੱਚ ਕਿਸੇ ਹੱਦ ਤੱਕ ਦਖ਼ਲ ਦੇਣਾ ਚਾਹੀਦਾ ਹੈ। ਸ਼ਰਾਰਤੀ ਅਨਸਰਾਂ ਜਾਂ ਬਿਨ੍ਹਾਂ ਸਿਰ-ਪੈਰ ਦੇ ਟ੍ਰੈਂਡਾਂ ਨੂੰ ਤੁਰੰਤ ਪ੍ਰਭਾਵ ਨਾਲ ਪਲੈਟਫਾਰਮ ਤੋਂ ਹਟਾਇਆ ਜਾਣਾ ਚਾਹੀਦਾ ਹੈ।
#IStandWithArshdeepSingh