ਭਗਵੰਤ ਮਾਨ ਤੇ ਮਜ਼ਦੂਰਾਂ ਨੂੰ ਅਣਗੌਲੇ ਕਰਨ ਦਾ ਦੋਸ਼
ਸੰਗਰੂਰ 3 ਜੂਨ
– ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ,ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ ,ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪਰਧਾਨ ਜੋਰਾ ਸਿੰਘ ਨਸਰਾਲੀ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਪ੍ਰਧਾਨ ਮੁਕੇਸ਼ ਮਲੌਦ ਨੇ ਕਿਹਾ ਕਿ
ਪੰਚਾਇਤੀ ਜ਼ਮੀਨਾਂ ਦਾ ਤੀਜਾ ਹਿੱਸਾ ਘੱਟ ਰੇਟ ਤੇ ਪਟੇ ਤੇ ਲੈਣ, ਮਜ਼ਦੂਰਾਂ ਦੀ ਦਿਹਾੜੀ ਸੱਤ ਸੌ ਰੁਪਏ ਅਤੇ ਝੋਨੇ ਦੀ ਲਵਾਈ ਦੇ ਰੇਟ ਵਿਚ ਵਾਧੇ ਦੀ ਮੰਗ, ਜੇਕਰ ਕਿਤੇ 6000 ਤੋਂ ਘੱਟ ਮਿਲਦਾ ਹੈ ਤਾਂ ਉਸਦੀ ਭਰਪਾਈ ਸਰਕਾਰ ਤੋਂ ਕਰਾਉਣ,ਨਰਮੇ ਦੀ ਚੁਗਾਈ ਦਾ ਮੁਆਵਜਾ ਲੈਣ , ਇਸ ਤੋਂ ਬਿਨਾਂ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਰ ਵਿੱਚ ਮਜ਼ਦੂਰਾਂ ਨੂੰ ਮੁਆਵਜਾ, ਲਾਲ ਲਕੀਰ ਅੰਦਰ ਦੇ ਮਕਾਨਾਂ ਦੇ ਮਾਲਕੀ ਹੱਕ ਲੈਣ ,ਨਜ਼ੂਲ ਜ਼ਮੀਨਾਂ ਦੇ ਮਾਲਕੀ ਹੱਕ ਲੈਣ ਤੇ ਉਨ੍ਹਾਂ ਤੇ ਧਨਾਢਾ ਦੇ ਕੀਤੇ ਨਾਜਾਇਜ਼ ਕਬਜ਼ੇ ਹਟਾਉਣ, ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਮੁਆਫ਼ੀ ਅਤੇ ਬੇਜ਼ਮੀਨੇ ਲੋਕਾਂ ਨੂੰ ਸਹਿਕਾਰੀ ਸਭਾ ਵਿੱਚ ਮੈਂਬਰ ਬਣਾ ਕੇ ਸਸਤੇ ਕਰਜ਼ੇ ਦਾ ਪ੍ਰਬੰਧ ,ਲੋੜਵੰਦ ਪਰਿਵਾਰਾਂ ਨੂੰ ਦਸ ਦਸ ਮਰਲੇ ਪਲਾਟ ਅਤੇ ਉਸਾਰੀ ਲਈ ਗਰਾਂਟ ਜਾਰੀ ਕਰਨ, ਸੀਲਿੰਗ ਐਕਟ ਤੋਂ ਉੱਪਰਲੀ ਜ਼ਮੀਨ ਬੇਜ਼ਮੀਨੇ ਲੋਕਾਂ ਵਿੱਚ ਵੰਡਣ , ਮਨਰੇਗਾ ਤਹਿਤ ਪੂਰਾ ਸਾਲ ਕੰਮ ਲੈਣ ਅਤੇ ਦਿਹਾੜੀ 700 ਰੁਪਏ ਕਰਨ ,ਸੰਘਰਸ਼ ਦਰਮਿਆਨ ਮਜ਼ਦੂਰਾਂ ਉੱਤੇ ਕੀਤੇ ਪਰਚਿਆਂ ਨੂੰ ਵਾਪਸ ਕਰਾਉਣ , ਮਜਦੂਰਾਂ/ਦਲਿਤਾਂ ਉਪਰ ਹੁੰਦੇ ਜਗੀਰੂ ਜਬਰ ਨੂੰ ਰੋਕਣ ਅਤੇ ਉਹਨਾਂ ਉੱਪਰ ਐਸ ਸੀ ਐਕਟ ਤਹਿਤ ਹੋਏ ਪਰਚਿਆਂ ਅਧੀਨ ਧਨਾਢਾ ਨੂੰ ਗ੍ਰਿਫ਼ਤਾਰ ਕਰਾਉਣ ਦੀਆਂ ਮੰਗਾਂ ਨੂੰ ਲੈ ਕੇ 9 ਜੂਨ ਨੂੰ ਸੰਗਰੂਰ ਦੀ ਦਾਣਾ ਮੰਡੀ ਵਿੱਚ ਪੰਜਾਬ ਭਰ ਵਿਚੋਂ ਹਜ਼ਾਰਾਂ ਦੀ ਗਿਣਤੀ ਵਿਚ ਮਜਦੂਰ ਇਕੱਠੇ ਹੋ ਕੇ ਮਾਰਚ ਕਰਨਗੇ ਤੇ ਭਗਵੰਤ ਮਾਨ ਦੀ ਕੋਠੀ ਦਾ ਕੁੰਡਾ ਖੜਕਾਉਣਗੇ ।
ਆਗੂਆਂ ਨੇ ਕਿਹਾ ਜਿਥੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਨਿੱਤ ਦਿਹਾੜੇ ਨਵੇਂ ਤੋਂ ਨਵੇਂ ਐਲਾਨ ਕੀਤੇ ਜਾ ਰਹੇ ਹਨ । ਉਥੇ ਮਜ਼ਦੂਰਾਂ ਨੂੰ ਦੀਆਂ ਮੰਗਾਂ ਨੂੰ ਲਗਾਤਾਰ ਅਣਗੌਲੇ ਕਰਨ ਦੀ ਨੀਤੀ ਨੂੰ ਮਜਦੂਰ ਬਰਦਾਸਤ ਨਹੀ ਕਰਨਗੇ। ਆਮ ਆਦਮੀ ਪਾਰਟੀ ਦਾ ਮਜ਼ਦੂਰ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ । ਉਨ੍ਹਾਂ ਇਹ ਵੀ ਮੰਗ ਕੀਤੀ ਕਿ ਰੇਟ ਦੇ ਮੁੱਦੇ ਤੇ ਮਜ਼ਦੂਰਾਂ ਦਾ ਬਾਈਕਾਟ ਕਰਨ ਵਾਲੇ ਧਨਾਢਾ ਤੇ ਪਰਚੇ ਦਰਜ ਕੀਤੇ ਜਾਣ। ਇੱਥੇ ਹੀ ਉਨ੍ਹਾਂ ਨੇ ਇਸ ਮੋਰਚੇ ਵਿੱਚੋਂ ਬਾਰੇ ਰਹਿ ਗਈ ਹੈ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਮੋਰਚੇ ਦਾ ਹਿੱਸਾ ਬਣਨ ਕਿਉਂਕਿ ਇਸ ਸਮੇਂ ਸਾਂਝਾ ਸੰਘਰਸ਼ ਨਾਲ ਹੀ ਸਰਕਾਰ ਨੂੰ ਝੁਕਾਇਆ ਜਾ ਸਕਦਾ ਹੈ ।