ਦੋ ਸਾਲਾਂ ਤੋਂ ਬੰਦ ਪਿਆ ਸੀ ਕਲੋਰੀਨ ਸਿਸਟਮ

ਖਨੌਰੀ ,12 ਜੂਨ – ਸਥਾਨਕ ਖਨੌਰੀ ਮੰਡੀ ਵਿਖੇ ਸ਼ਹਿਰ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਵਲੋਂ ਲਗਾਏ ਗਏ ਸੀਵਰੇਜ ਟਰੀਟਮੈਂਟ ਪਲਾਂਟ ਉਪਰ ਬੀਤੀ ਰਾਤ ਜਹਿਰੀਲੀ ਕਲੋਰੀਨ ਗੈਸ ਲੀਕ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਇਸ ਮੌਕੇ ਡਿਊਟੀ ਦੇ ਰਹੇ ਮੰਨੂ ਨਾਮ ਦੇ ਓਪਰੇਟਰ ਨੂੰ ਗੈਸ ਲੀਕਜ ਹੋਣ ਦਾ ਪਤਾ ਚੱਲਿਆ ਤਾਂ ਉਕਤ ਮੁਲਾਜ਼ਮ ਨੇ ਕੰਪਨੀ ਦੇ ਪ੍ਰੋਜੈਕਟ ਮੈਨੇਜਰ ਨੂੰ ਫੋਨ ਤੇ ਦੱਸਿਆ ਕਿ ਸੀਵਰੇਜ ਟ੍ਰੀਟਮੈਂਟ ਪਲਾਂਟ ਵਿਚ ਲੱਗੇ ਟੈਂਕ ਵਿਚੋਂ ਕਲੋਰੀਨ ਗੈਸ ਲੀਕ ਹੋ ਰਹੀ ਹੈ । ਜਿਉਂ ਹੀ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਪਤਾ ਚੱਲਿਆ ਕਿ ਗੈਸ ਲੀਕ ਹੋ ਰਹੀ ਹੈ ਤਾਂ ਗੁਰਦੁਆਰਾ ਸਾਹਿਬ ਵਿਚ ਸੂਚਨਾ ਬਲਾਈ ਗਈ ਕਿ ਗੁਰੂ ਨਾਨਕਪੁਰਾ ਦੈੜ ਰੋਡ ਬਣੇ ਐੱਸ,ਟੀ,ਪੀ, ਪਲਾਂਟ ਵਿਚੋਂ ਗੈਸ ਲੀਕ ਹੋ ਰਹੀ ਹੈ ਉਸ ਪਲਾਂਟ ਤੇ ਕੰਮ ਕਰਦੇ ਵਰਕਰਾਂ ਨੇ ਕਿਹਾ ਕਿ ਪਲਾਂਟ ਵੱਲ ਕੋਈ ਵੀ ਵਿਅਕਤੀ ਨਾ ਜਾਵੇ ।ਉਨ੍ਹਾਂ ਕਿਹਾ ਇਹ ਕਲੋਰਨੀਨ ਗੈਸ ਐਨੀ ਜ਼ਹਿਰੀਲੀ ਹੈ ਕਿ ਚੜ੍ਹਨ ਨਾਲ ਮੌਤ ਵੀ ਹੋ ਸਕਦੀ ਹੈ।

ਜਦੋਂ ਇਸ ਸਬੰਧੀ ਸੀਵਰੇਜ ਬੋਰਡ ਦੇ ਐਸ,ਡੀ,ਓ ਗੁਰਪ੍ਰੀਤ ਸਿੰਘ ਸੇਖੋਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਜੋ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਮੁਲਾਜ਼ਮ ਕੰਮ ਕਰ ਰਹੇ ਹਨ ਉਨ੍ਹਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ ਤੇ ਨਾਲ ਹੀ ਉਨ੍ਹਾਂ ਕਿਹਾ ਕੇ ਇਸ ਟੈੱਕ ਨੂੰ ਇੱਥੋਂ ਚੁਕਵਾਕੇ ਬਾਹਰ ਭੇਜਿਆ ਜਾਵੇਗਾ ਤਾਂ ਜੋ ਕਿਸੇ ਵੀ ਵਿਅਕਤੀ ਦਾ ਜਾਨੀ ਜਾਂ ਮਾਲੀ ਨੁਕਸਾਨ ਨਾ ਹੋ ਸਕੇ ।

ਇਸ ਮੌਕੇ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ ਵੀ ਸੀਵਰੇਜ ਟ੍ਰੀਟਮੈਂਟ ਪਲਾਂਟ ਤੇ ਪੁੱਜੇ ਤੇ ਪਹਿਲਾਂ ਉਨ੍ਹਾਂ ਆਪਣੇ ਵਰਕਰਾਂ ਦਾ ਹਾਲ ਚਾਲ ਪੁੱਛਿਆ ਜੋ ਕਿ ਬੀਤੀ ਰਾਤ ਗੈਸ ਚੜ੍ਹਨ ਕਾਰਨ ਬੇਹੋਸ਼ ਹੋ ਗਏ ਸਨ ਜੋ ਖ਼ਤਰੇ ਤੋਂ ਬਾਹਰ ਹਨ ।

ਉਨ੍ਹਾਂ ਕਿਹਾ ਕਿ ਇਹ ਸਾਰੀ ਘਟਨਾ ਸੀਵਰੇਜ ਬੋਰਡ ਦੀ ਨਲਾਇਕੀ ਕਾਰਨ ਹੋਈ । ਉਨ੍ਹਾਂ ਕਿਹਾ ਇਸ ਪਲਾਂਟ ਦੇ ਕੰਮ ਕਰ ਰਹੇ ਕੱਚੇ ਕਾਮਿਆਂ ਵੱਲੋਂ ਕਾਰਜਕਾਰੀ ਇੰਜੀਨੀਅਰ ਸੰਗਰੂਰ ਅਤੇ ਕੰਪਨੀ ਨੂੰ ਪਹਿਲਾਂ ਬਹੁਤ ਵਾਰੀ ਲਿਖਤੀ ਤੌਰ ਤੇ ਸੂਚਿਤ ਕੀਤਾ ਗਿਆ ਹੈ ।ਕਿ ਕਲੋਰੀਨ ਟੈਂਕ ਪਿਛਲੇ ਦੋ ਸਾਲਾਂ ਤੋਂ ਬੰਦ ਪਏ ਹਨ। ਪਰ ਵਿਭਾਗ ਦੇ ਕੱਲ੍ਹ ਤੇ ਅੱਜ ਤਕ ਕੋਈ ਜੂੰ ਤੱਕ ਨਹੀਂ ਸਰਕੀ ।

ਉਨ੍ਹਾਂ ਕਿਹਾ ਸਾਡੀ ਮੁਲਾਜ਼ਮਾਂ ਵੱਲੋਂ ਬੜੀ ਜੱਦੋ ਜਹਿਦ ਦੇ ਬਾਵਜੂਦ ਕਲੋਰੀਨ ਗੈਸ ਤੇ ਕਾਬੂ ਪਾਇਆ ਗਿਆ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਇਸ ਗੈਸ ਤੇ ਕਾਬੂ ਨਾ ਪਾਇਆ ਤਾਂ ਸੈਂਕੜੇ ਲੋਕਾਂ ਦੀ ਮੌਤ ਹੋਣੀ ਯਕੀਨੀ ਸੀ।ਉਨ੍ਹਾਂ ਕਿਹਾ ਕਿ ਸੀਵਰੇਜ ਬੋਰਡ ਵਿਭਾਗ ਅਤੇ ਕੰਪਨੀ ਇਹ ਸੋਚ ਰਹੀ ਹੋਵੇ ਕੀ ਕਦੋਂ ਇੱਥੇ ਹਜ਼ਾਰਾਂ ਲੋਕਾਂ ਦੀ ਮੌਤ ਹੋਵੇ ਉਸ ਤੋਂ ਬਾਅਦ ਇਹ ਸਿਸਟਮ ਨੂੰ ਚਾਲੂ ਕਰਵਾਇਆ ਜਾਵੇ।ਜਥੇਬੰਦੀ ਵੱਲੋਂ ਮੰਗ ਕੀਤੀ ਗਈ ਹੈ ਜੋ ਸਿਸਟਮ ਪਿਛਲੇ ਦੋ ਸਾਲਾਂ ਤੋਂ ਖਰਾਬ ਪਿਆ ਹੈ ਉਸ ਨੂੰ ਜਲਦੀ ਠੀਕ ਕਰਵਾਇਆ ਜਾਵੇ ਇਸ ਨੂੰ ਠੀਕ ਨਾ ਕਰਵਾਉਣ ਦੀ ਸੂਰਤ ਵਿਚ ਜਥੇਬੰਦੀ ਵੱਲੋਂ ਤਿੱਖਾ ਸੰਘਰਸ਼ ਵਿਢਿਆ ਜਾਵੇਗਾ।। ਇਸ ਮੌਕੇ ਜਲ ਸਪਲਾਈ ਦੇ ਜ਼ਿਲ੍ਹਾ ਪ੍ਰਧਾਨ ਜੀਤ ਸਿੰਘ ਬਠੋਈ, ਲਖਵਿੰਦਰ ਸਿੰਘ ਖਨੌਰੀ,ਮਨੂੰ ਖਨੌਰੀ,ਗੁਰਵਿੰਦਰ ਸਿੰਘ ਦਰਸ਼ਨ ਸਿੰਘ ਲੌਂਗੋਵਾਲ,ਵੱਸਣ ਸਿੰਘ ਆਦਿ ਹਾਜਰ ਸਨ।