ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ ਗਿਣਤੀ ਪ੍ਰਕਿਰਿਆ: ਜਤਿੰਦਰ ਜੋਰਵਾਲ

ਧੂਰੀ/ਸੰਗਰੂਰ, 25 ਜੂਨ:(ਭੁਪਿੰਦਰ ਵਾਲੀਆ)
ਬੀਤੀ 23 ਜੂਨ ਨੂੰ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਪਈਆਂ ਵੋਟਾਂ ਦੀ 26 ਜੂਨ ਨੂੰ ਹੋਣ ਵਾਲੀ ਗਿਣਤੀ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਲੋਕ ਸਭਾ ਹਲਕੇ `ਚ ਪੈਂਦੇ ਸੰਗਰੂਰ ਜ਼ਿਲ੍ਹੇ ਦੇ 5 ਵਿਧਾਨ ਸਭਾ ਹਲਕਿਆਂ ਦੇ ਨਾਲ-ਨਾਲ ਮਲੇਰਕੋਟਲਾ ਵਿਧਾਨ ਸਭਾ ਹਲਕੇ ਦੀਆਂ ਵੋਟਾਂ ਦੀ ਗਿਣਤੀ ਵੀ ਦੇਸ਼ ਭਗਤ ਕਾਲਜ ਬਰੜਵਾਲ, ਧੂਰੀ ਵਿਖੇ ਬਣਾਏ ਗਏ ਵੱਖ-ਵੱਖ ਕਾਉਂਟਿੰਗ ਹਾਲਾਂ `ਚ ਕਰਵਾਈ ਜਾਵੇਗੀ।
ਚੋਣ ਲੜ ਰਹੇ ਉਮੀਦਵਾਰਾਂ, ਗਿਣਤੀ ਪ੍ਰਕਿਰਿਆ ਨਾਲ ਸਬੰਧਤ ਸਮੁੱਚੇ ਚੋਣ ਅਮਲੇ, ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਮੀਡੀਆ ਨੁਮਾਇੰਦਿਆਂ ਲਈ ਕੀਤੇ ਗਏ ਸਮੁੱਚੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫ਼ਸਰ ਸ੍ਰੀ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਜ਼ਿਲਾ ਸੰਗਰੂਰ ਨਾਲ ਸਬੰਧਤ ਸਾਰੇ ਵਿਧਾਨ ਸਭਾ ਹਲਕਿਆਂ ਅਤੇ ਮਲੇਰਕੋਟਲਾ ਹਲਕੇ ਦੀਆਂ ਵੋਟਾਂ ਦੀ ਗਿਣਤੀ ਦੇਸ਼ ਭਗਤ ਕਾਲਜ ਬਰੜਵਾਲ ਵਿਖੇ ਸਥਾਪਤ ਕੀਤੇ ਗਏ ਗਿਣਤੀ ਕੇਂਦਰਾਂ ਵਿੱਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਬਰਨਾਲਾ ਜ਼ਿਲ੍ਹੇ ਨਾਲ ਸਬੰਧਤ ਤਿੰਨ ਵਿਧਾਨ ਸਭਾ ਹਲਕਿਆਂ, ਬਰਨਾਲਾ, ਭਦੌੜ ਤੇ ਮਹਿਲ ਕਲਾਂ ਦੀਆਂ ਵੋਟਾਂ ਦੀ ਗਿਣਤੀ ਐਸ.ਡੀ. ਕਾਲਜ ਬਰਨਾਲਾ ਵਿਖੇ ਬਣਾਏ ਗਏ ਕਾਉਂਟਿੰਗ ਹਾਲਾਂ ਵਿਚ ਕੀਤੀ ਜਾਵੇਗੀ। ਸ਼੍ਰੀ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਸਮੂਹ ਟੀਮਾਂ ਨੂੰ ਚੋਣ ਕਮਿਸ਼ਨ ਵੱਲੋਂ ਦਿੱਤੇ ਗਏ ਆਦੇਸ਼ਾਂ ਦੀ ਇੰਨ ਬਿੰਨ ਪਾਲਣਾ ਨੂੰ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਗਏ ਹਨ। ਉਨਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਪ੍ਰਕਿਰਿਆ ਸਵੇਰੇ 8 ਵਜੇ ਤੋਂ ਆਰੰਭ ਹੋਵੇਗੀ । ਉਨਾਂ ਦੱਸਿਆ ਕਿ ਹਰੇਕ ਗਿਣਤੀ ਕੇਂਦਰ ਵਿੱਚ 14 ਟੇਬਲ ਲਗਾਏ ਗਏ ਹਨ ਅਤੇ ਸਮੂਹ ਚੋਣ ਅਮਲੇ ਨੂੰ ਸ਼ਨਾਖਤੀ ਕਾਰਡ ਜਾਰੀ ਕੀਤੇ ਗਏ ਹਨ ਅਤੇ ਸ਼ਨਾਖਤੀ ਕਾਰਡਾਂ ਤੋਂ ਬਿਨਾਂ ਕਿਸੇ ਵੀ ਵਿਅਕਤੀ ਦਾ ਦਾਖਲਾ ਨਹੀਂ ਹੋ ਸਕੇਗਾ। ਉਨ੍ਹਾਂ ਦੱਸਿਆ ਕਿ ਸਮੁੱਚੀ ਗਿਣਤੀ ਪ੍ਰਕਿਰਿਆ ਦੀ ਬਕਾਇਦਾ ਵੀਡੀਓਗ੍ਰਾਫੀ ਕਰਵਾਈ ਜਾਵੇਗੀ। ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਦੇਸ਼ ਭਗਤ ਕਾਲਜ ਵਿਖੇ ਮੀਡੀਆ ਸੈਂਟਰ ਸਥਾਪਤ ਕੀਤਾ ਗਿਆ ਹੈ ਜਿਸ ਵਿੱਚ ਪੱਤਰਕਾਰ ਸਾਹਿਬਾਨ ਦੀ ਸੁਵਿਧਾ ਲਈ ਪ੍ਰੋਜੈਕਟਰ ਦੀ ਮਦਦ ਨਾਲ ਸਕਰੀਨ ’ਤੇ ਸਾਰੇ ਗਿਣਤੀ ਕੇਂਦਰਾਂ ਤੋਂ ਆਉਣ ਵਾਲੇ ਨਤੀਜੇ ਨਾਲੋ-ਨਾਲ ਡਿਸਪਲੇਅ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਮੁੱਚੇ ਪ੍ਰਬੰਧਾਂ ਨੂੰ ਨੇਪਰੇ ਚੜਾਉਣ ਲਈ ਸਿਵਲ, ਪੰਜਾਬ ਪੁਲਿਸ ਅਤੇ ਕੇਂਦਰੀ ਸੁਰੱਖਿਆ ਬਲਾਂ ਦੇ ਅਧਿਕਾਰੀ ਤੇ ਮੁਲਾਜਮ ਤਾਇਨਾਤ ਕੀਤੇ ਗਏ ਹਨ।
ਸ਼੍ਰੀ ਜਤਿੰਦਰ ਜੋਰਵਾਲ ਨੇ ਦੱਸਿਆ ਕਿ 23 ਜੂਨ ਨੂੰ ਸੰਗਰੂਰ ਲੋਕ ਸਭਾ ਹਲਕੇ `ਚ ਕੁਲ 45.30% ਵੋਟਿੰਗ ਹੋਈ ਸੀ। ਉਨ੍ਹਾਂ ਕਿਹਾ ਕਿ ਵੋਟਾਂ ਦੀ ਗਿਣਤੀ ਸਬੰਧੀ ਸਮੁੱਚੀ ਪ੍ਰਕਿਰਿਆ ਨੂੰ ਪੂਰੇ ਸ਼ਾਂਤੀਪੂਰਵਕ, ਪਾਰਦਰਸ਼ੀ ਅਤੇ ਸੁਰੱਖਿਅਤ ਢੰਗ ਨਾਲ ਨੇਪਰੇ ਚੜ੍ਹਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਮੁਕੰਮਲ ਹੋਣ ਤੱਕ ਡਰਾਈ ਡੇਅ ਦੇ ਹੁਕਮ ਲਾਗੂ ਰਹਿਣਗੇ।