*ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਦੇ ਨਤੀਜੇ ਵਿੱਚ ਪਟਿਆਲੇ ਦੇ ਸਮਾਰਟ ਸਕੂਲ ਫ਼ੀਲਖ਼ਾਨਾ ਦਾ ਵਿਦਿਆਰਥੀ ਹਰਮਨਦੀਪ ਸਿੰਘ ਪੰਜਾਬ ਦੀ ਮੈਰਿਟ ਵਿੱਚ ਆਇਆ*
ਕਮਲੇਸ਼ ਗੋਇਲ ਖਨੌਰੀ
ਖਨੌਰੀ 17 ਅਗਸਤ – ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਇਤਿਹਾਸਕ ਕਿਸਾਨੀ ਸੰਘਰਸ਼ ਨੂੰ ਸਮਰਪਿਤ , ਲਈ ਗਈ ਚੌਥੀ ਚੇਤਨਾ ਪਰਖ ਪ੍ਰੀਖਿਆ ਦਾ ਨਤੀਜਾ ਸੁਸਾਇਟੀ ਦੇ ਸਟੇਟ ਆਗੂ ਸ਼੍ਰੀ ਰਜਿੰਦਰ ਭਦੌੜ ਵਲੋਂ ਘੋਸ਼ਿਤ ਕਰਨ ਮੌਕੇ ਦਸਿੱਆ ਕਿ ਪੰਜਾਬ ਦੇ ਸਕੂਲਾਂ ਵਿੱਚੋਂ ਮਿੱਡਲ ਅਤੇ ਸੈਕੰਡਰੀ ਕਲਾਸ ਦੇ ਕੁੱਲ 25,443 ਵਿਦਿਆਰਥੀਆਂ ਵਲੋਂ ਭਾਗ ਲਿਆ ਗਿਆ। ਜਿਸ ਵਿੱਚੋਂ 20 ਬੱਚੇ ਮਿੱਡਲ ਕਲਾਸ ਅਤੇ 20 ਬੱਚੇ ਸੈਕੰਡਰੀ ਕਲਾਸ ਦੇ ਮੈਰਿਟ ਵਿੱਚ ਆਏ ਹਨ। ਇਸ ਚੇਤਨਾ ਪਰਖ ਪ੍ਰੀਖਿਆ ਵਿੱਚੋਂ ਇੱਕ ਬੱਚਾ ਹਰਮਨਦੀਪ ਸਿੰਘ ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫੀਲਖਾਨਾ ਦਾ ਵਿਦਿਆਰਥੀ ਹੈ ਇਸ ਮੈਰਿਟ ਸੁਚੀ ਵਿੱਚ ਸਥਾਨ ਪ੍ਰਪਾਤ ਕੀਤਾ ਹੈ। ਬੱਚੇ ਦੇ ਮਾਤਾ ਪਿਤਾ ਨੇ ਇਸ ਮੋਕੇ ਆਪਣੇ ਪਰਿਵਾਰ , ਆਂਢ-ਗੁਆਂਢ ਵਿੱਚ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ਸਕੂਲ ਦੇ ਸੁਪਰਡੈਂਟ ਕੰਵਲਜੀਤ ਧਾਲੀਵਾਲ ਅਤੇ ਸਕੂਲ ਮੀਡੀਆ ਕੌਆਰਡੀਨੇਟਰ ਅਕਸ਼ੈ ਕੁਮਾਰ ਨੇ ਕਿਹਾ ਕਿ ਇਸ ਪ੍ਰੀਖਿਆ ਵਿੱਚ ਪਟਿਆਲਾ ਸ਼ਹਿਰ ਦੇ ਸਾਰੇ ਸਕੂਲਾਂ ਤੋਂ ਵੱਧ ਬੱਚਿਆਂ ਨੇ ਭਾਗ ਲਿਆ ਸੀ ਤੇ ਉਨ੍ਹਾਂ ਆਸ ਪ੍ਰਗਟਾਈ ਸੀ ਕਿ ਇਸ ਸਕੂਲ ਦੇ ਬੱਚੇ ਸਟੇਟ ਪੱਧਰ ਤੇ ਮੈਰਿਟ ਵਿੱਚ ਆਕੇ ਸਕੂਲ ਅਤੇ ਮਾਪਿਆਂ ਦਾ ਨਾਂ ਰੋਸ਼ਨ ਕਰਨ ਦੇ ਨਾਲ – ਨਾਲ ਸਮਾਜ ਵਿੱਚ ਵਿਗਿਆਨਾਕ ਚੇਤਨਾ ਪੈਦਾ ਕਰਨ ਲਈ ਸਹਾਇਕ ਹੋਣਗੇ। ਸਕੂਲ ਦੇ ਪ੍ਰਿੰਸੀਪਲ ਡਾ. ਰਜਨੀਸ਼ ਗੁਪਤਾ ਨੇ ਬੱਚੇ ਨੂੰ ਸ਼ਾਬਾਸ਼ ਦਿੰਦੇ ਹੋਏ ਕਿਹਾ ਕਿ ਮੈਨੂੰ ਮੇਰੇ ਅਧਿਆਪਕਾਂ ਅਤੇ ਪੜ੍ਹਨ ਵਾਲੇ ਬੱਚਿਆਂ ਉੱਪਰ ਬਹੁਤ ਮਾਣ ਹੈ । ਇਸ ਮੌਕੇ ਪਟਿਆਲਾ ਇਕਾਈ ਦੇ ਮੁੱਖੀ ਸ਼੍ਰੀ ਚਰਨਜੀਤ ਪਟਵਾਰੀ ਨੇ ਦਸਿੱਆ ਕਿ ਸੁਸਾਇਟੀ ਵਲੋਂ ਸਟੇਟ ਪੱਧਰ ਤੇ ਮੈਰਿਟ ਵਿੱਚ ਆਉਣ ਵਲੇ ਬੱਚਿਆਂ ਨੂੰ ਨਗਦ ਰਾਸ਼ੀ, ਕਿਤਾਬਾਂ, ਸਨਮਾਨ ਚਿੰਨ੍ਹ ਅਤੇ ਸੁਸਾਇਟੀ ਦਾ ਮੈਗਜ਼ੀਨ ‘ਤਰਕਸ਼ੀਲ’ ਇਕ ਸਾਲ ਲਈ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਬੱਚੇ ਜ਼ੋਨ ਅਤੇ ਇਕਾਈ ਪੱਧਰ ਤੇ ਮੈਰਿਟ ਵਿੱਚ ਆਏ ਹਨ, ਉਨ੍ਹਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ ‘ਤੇ ਸਨਮਾਨ ਪੱਤਰ ਦਿਤੇ ਜਾਣਗੇ। ਇਸ ਮੋਕੇ ਇਕਾਈ ਦੇ ਸੀਨੀਅਰ ਆਗੂ ਰਾਮ ਸਿੰਘ ਬੰਗ, ਸੁਰਿੰਦਰਪਾਲ ਅਤੇ ਲਾਭ ਸਿੰਘ ਨੇ ਕਿਹਾ ਕਿ ਪੰਜਾਬ ਦੇ ਸਕੂਲਾਂ ਵਿੱਚ ਚੇਤਨਾ ਪਰਖ ਪ੍ਰੀਖਿਆ ਕਰਾਉਣ ਦਾ ਮੁੱਖ ਮੰਤਵ , ਸਮਾਜ ਵਿੱਚ ਫੈਲੇ ਅੰਧ – ਵਿਸ਼ਵਾਸ਼ਾਂ, ਰੁੜ੍ਹੀ – ਵਾਦੀ ਪਰੰਪਰਾਵਾਂ, ਨਾ-ਬਰਾਬਰੀ, ਜਾਤ-ਪਾਤ, ਵਰਗੀਆਂ ਕੁਰੀਤੀਆਂ ਨੂੰ ਖਤਮ ਕਰਕੇ ਸਮਾਜ ਵਿੱਚ ਅਗਾਂਹ ਵਧੂ ਵਿਚਾਰ ਪੈਦਾ ਕਰਨਾ ਹੈ। ਤਰਕਸ਼ੀਲ ਸੁਸਾਇਟੀ ਪੰਜਾਬ ਦੀ ਵਿਚਾਰਧਾਰਾ ਅਨੁਸਾਰ ਜਦੋਂ ਤੱਕ ਸਮਾਜ ਵਿੱਚ ਅੰਧ-ਵਿਸ਼ਵਾਸ਼ ਤੇ ਨਾ-ਬਰਾਬਰੀ ਖਤਮ ਨਹੀਂ ਹੁੰਦੀ ਉਨ੍ਹਾਂ ਚਿਰ ਭਾਰਤ ਵਿਕਸਤ ਦੇਸ਼ ਨਹੀਂ ਬਣ ਸਕਦਾ।