ਮੁੱਖ ਮੰਤਰੀ ਨੇ ਪ੍ਰੈਸ ਨੋਟ ਰਾਹੀ ਕਾਤਲ ਜਨਰਲ ਅਡਵਾਇਰ ਨੂੰ ਕਿਹਾ ਸ਼ਹੀਦ ?
ਗੈਰ ਜਿੰਮੇਵਾਰ ਅਫਸਰ ਤੈਨਾਤ ਨੇ ਮੁੱਖ ਮੰਤਰੀ ਦੇ ਗ੍ਰਹਿ ਜਿਲ੍ਹੇ ਵਿਚ
ਸੰਗਰੂਰ, 1 ਅਗਸਤ (ਸੁਖਵਿੰਦਰ ਸਿੰਘ ਬਾਵਾ) – ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਦੇ ਪ੍ਰੈੱਸ ਗਰੁੱਪ ਵਿਚੋਂ ਇਕ ਖ਼ਬਰ ਪ੍ਰਾਪਤ ਹੁੰਦੀ ਹੈ,ਜੋ ਮੁੱਖ ਮੰਤਰੀ ਦੀ ਸੰਗਰੂਰ ਫੇਰੀ ਦਾ ਪ੍ਰੈੱਸ ਨੋਟ ਹੈ। ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿਚ ਮੁੱਖ ਮੰਤਰੀ ਆਪਣੇ ਗ੍ਰਹਿ ਆਏ ਹੋਏ ਸਨ। ਕੌਮ ਦੇ ਮਹਾਨ ਸ਼ਹੀਦ ਊਧਮ ਸਿੰਘ ਨੂੰ ਉਹਨਾ ਦੀ ਸਹਾਦਤ ਤੇ ਯਾਦ ਕਰਦਿਆ ਪੰਜਾਬ ਦੇ ਮੁੱਖ ਮੰਤਰੀ ਨੇ ਸਰਧਾ ਦੇ ਫੁੱਲ ਭੇਂਟ ਕਰਨ ਸਬੰਧੀ ਪ੍ਰੈਸ ਨੂੰ ਬਿਆਨ ਜਾਰੀ ਕੀਤਾ ਗਿਆ ਹੈ। ਮੁੱਖ ਮੰਤਰੀ ਪੰਜਾਬ ਦੇ ਦਫਤਰ ਵਲੋਂ ਜਾਰੀ ਪ੍ਰੈਸ ਨੋਟ ਵਿਚ ਮੁੱਖ ਮੰਤਰੀ ਵਲੋਂ ਸ਼ਹੀਦ ਸਬੰਧੀ ਜੋ ਕੁਝ ਲਿਖਿਆ ਹੋਇਆ ਦਰਸਾਇਆ ਗਿਆ ਹੈ, ਪਾਠਕਾਂ ਦੀ ਨਜ਼ਰ ਕਰ ਰਹੇ ਹਾਂ। ਜਾਰੀ ਕੀਤੇ ਪ੍ਰੈਸ ਨੋਟ ਵਿਚ ਇਕ ਥਾਂ ਤੇ ਲਿਖਿਆ ਹੋਇਆ ਸੀ ਕਿ ਪੰਜਾਬ ਦੇ
‘‘ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਮਹਾਨ ਸਪੂਤ ਸੀ, ਜਿਸ ਨੇ ਜਲਿ੍ਆਂਵਾਲਾ ਬਾਗ ਦੇ ਸਾਕੇ ਦੇ ਮੁੱਖ ਦੋਸ਼ੀ ਮਾਈਕਲ ਓ ਡਵਾਇਰ ਨੂੰ ਸ਼ਹੀਦ ਕਰਕੇ ਬਹਾਦਰੀ ਦਾ ਸਬੂਤ ਦਿੱਤਾ ਸੀ।’
ਖ਼ਬਰ ਪੜ੍ਹਦੇ ਪੜ੍ਹਦੇ ਉਪ ਸੰਪਾਦਕ ਨੇ ਘਬਰਾਹਟ ਜ਼ਾਹਿਰ ਕੀਤੀ ਕਿ ਜਨ ਸੰਚਾਰ ਵਿਭਾਗ ਦੇ ਅਫਸਰਾਂ ਨੇ ਐਨੀ ਵੱਡੀ ਅਤੇ ਨਾ ਮਾਫ਼ੀ ਯੋਗ ਕੁਤਾਹੀ ਕੀਤੀ ਹੈ, ਕਿ ਜਿਸ ਨੂੰ ਪੜ੍ਹਨ ਤੋਂ ਬਾਅਦ ਪੰਜਾਬੀ, ਮੁੱਖ ਮੰਤਰੀ ਸਾਹਿਬ ਬਾਰੇ ਗਲਤ ਬਿਆਨੀ ਲਾਜ਼ਮੀ ਕਰਨਗੇ।
ਜਾਣਕਾਰੀ ਮਿਲੀ ਹੈ ਕਿ ਇਹ ਪ੍ਰੈਸ ਨੋਟ ਮੁੁੱਖ ਮੰਤਰੀ ਦਫਤਰ ਨੂੰ ਲੋਕ ਸੰਪਰਕ ਵਿਭਾਗ ਦੇ ਅਧਿਕਾਰੀ ਨੇ ਲਿਖ ਕੇ ਭੇਜਿਆ ਸੀ। ਲੋਕ ਸੰਪਰਕ ਵਿਭਾਗ ਜਾਣਦਾ ਹੈ ਕਿ ਫੀਲਡ ਵਿਚ ਕੰਮ ਕਰਦੇ ਬਹੁਤੇ ਪੱੱਤਰਕਾਰਾਂ ਤੋਂ ਖਬਰ ਲਿਖੀ ਨਹੀਂ ਜਾਂਦੀ ਇਸ ਲਈ ਸੋਖਾ ਕਰਨ ਲਈ ਪ੍ਰੈਸ ਨੋਟ ਜਾਰੀ ਕੀਤਾ ਜਾਂਦਾ ਹੈ। ਤਾਂ ਜੋ ਮੁੱਖ ਮੰਤਰੀ ਅਤੇ ਸਰਕਾਰੀ ਬਿਆਨ ਸਹੀ ਤਰੀਕੇ ਨਾਲ ਆਮ ਲੋਕਾਂ ਤੱਕ ਪਹੁੰਚ ਸਕਣ। ਪ੍ਰੰਤੂ ਜਿਸ ਅਧਿਕਾਰੀ ਨੇ ਅਜਿਹੀ ਗਲਤੀ ਕੀਤੀ ਹੈ, ਉਸ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਪੰਜਾਬੀ ਅਤੇ ਸਿੱਖ ਕੌਮ ਵੱਲੋਂ ਗੋਰਿਆਂ ਨੂੰ ਕਦੇ ਸ਼ਹੀਦ ਦਾ ਦਰਜ਼ਾ ਨਹੀਂ ਦਿੱਤਾ ਜਾ ਸਕਦਾ।
ਕੁਝ ਹੀ ਸਮੇਂ ਬਾਅਦ ਉਸੇ ਗਰੁੱਪ ਵਿਚ ਇਕ ਹੋਰ ਪ੍ਰੈਸ ਨੋਟ ਜਾਰੀ ਕੀਤਾ ਜਾਂਦਾ ਹੈ ਜਿਸ ਵਿਚ ਲਿਖਿਆ ਹੋਇਆ ਸੀ ਕਿ ਦੂਸਰਾ ਪ੍ਰੈਸ ਨੋਟ ਵਰਤਿਆ ਜਾਵੇ ਜੀ। ਇਸ ਵਿਚ ਇਕ ਜਰੂਰੀ ਸੋਧ ਕੀਤੀ ਗਈ ਹੈ। ਧੰਨਵਾਦ। ਇਸ ਵਿਚ ਗੋਰੇ ਨੂੰ ਸ਼ਹੀਦ ਵਾਲੀ ਗੱਲ ਹਟਾ ਦਿੱਤੀ ਗਈ।
ਪ੍ਰੈਸ ਨੋਟ ਜਾਰੀ ਕਰਨ ਵਾਲੇ ਨੇ ਆਪਣੀ ਗਲਤੀ ਨੂੰ ਸੋਧ ਕਹਿ ਕੇ ਸੁਧਾਰ ਲਿਆ । ਜੇਕਰ ਸੋਧ ਥੋੜੀ ਬਹੁਤੀ ਲੇਟ ਹੋ ਜਾਂਦੀ ਤਾਂ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਸਾਹਿਬ ਦੀ ਅੰਤਰ-ਰਾਸ਼ਟਰੀ ਪੱਧਰ ਦੇ ਬੇਇੱਜਤੀ ਹੋ ਜਾਣੀ ਸੀ ਉਹਨਾਂ ਨੂੰ ਲੈਣੇ ਦੇ ਦੇਣੇ ਪੈ ਜਾਂਦੇ ਅਤੇ ਅਜਿਹੀ ਗਲਤੀ ਲਈ ਪੰਜਾਬੀਆ ਤੋਂ ਕੋਈ ਮੁਆਫੀ ਵੀ ਨਹੀਂ ਸੀ ਮਿਲਣੀ।
ਐਸੇ ਵਿਅਕਤੀ ਨੂੰ ਘੱਟੋ ਘੱਟ ਮੁੱਖ ਮੰਤਰੀ ਦੇ ਜ਼ਿਲ੍ਹੇ ਵਿੱਚ ਨਹੀਂ ਹੋਣਾ ਚਾਹੀਦਾ। ਜੇਕਰ ਪਿਆਰ ਜ਼ਿਆਦਾ ਹੈ ਤਾਂ ਸੰਗਰੂਰ ਵਿਚ ਘੱਟੋ ਘੱਟ ਇਕ ਡਿਪਟੀ ਡਾਇਰੈਕਟਰ ਪੱਧਰ ਦਾ ਅਫਸਰ ਵੀ ਹੋਣਾ ਚਾਹੀਦਾ ਹੈ, ਤਾਂ ਜੋ ਐਸੇ ਗੈਰ ਜਿੰਮੇਵਾਰ ਅਫਸਰ ਤੇ ਨਜ਼ਰ ਰੱਖੀ ਸਕੇ ।