ਸੰਗਰੂਰ,25 ਜੁਲਾਈ (ਭੁਪਿੰਦਰ ਵਾਲੀਆ) ਸਿੱਖਿਆ ਵਿਭਾਗ ਵਿੱਚ ਪਿਛਲੀ ਕਾਂਗਰਸ ਸਰਕਾਰ ਵੱਲੋਂ ਜਾਰੀ 4161 ਅਸਾਮੀਆਂ ਵਿੱਚ ਵਾਧਾ ਕਰਵਾ ਕੇ ਪੇਪਰ ਲੈਣ ਦੀ ਮੰਗ ਕਰਦੇ ਆ ਰਹੇ ਬੇਰੁਜ਼ਗਾਰ ਬੀ ਐਡ ਟੈਟ ਪਾਸ ਅਧਿਆਪਕਾਂ ਨੇ ਪਿਛਲੇ ਦਿਨੀਂ ਸਿੱਖਿਆ ਮੰਤਰੀ ਨਾਲ ਬੇਸਿੱਟਾ ਰਹੀ ਮੀਟਿੰਗ ਤੋ ਖਫਾ ਹੋਕੇ 31 ਜੁਲਾਈ ਨੂੰ ਮੁੜ ਮੁੱਖ ਮੰਤਰੀ ਦੀ ਸਥਾਨਕ ਕੋਠੀ ਦੇ ਘਿਰਾਓ ਦਾ ਐਲਾਨ ਕੀਤਾ ਹੈ।
ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਪਿਛਲੇ ਪੰਜ ਸਾਲਾਂ ਤੋਂ ਕਾਂਗਰਸ ਸਰਕਾਰ ਕੋਲੋਂ ਰੁਜ਼ਗਾਰ ਮੰਗਦੇ ਬੇਰੁਜ਼ਗਾਰ ਅਧਿਆਪਕਾਂ ਨੂੰ ਆਮ ਆਦਮੀ ਪਾਰਟੀ ਨੇ ਬਹੁਤ ਵੱਡੇ ਵੱਡੇ ਧਰਵਾਸੇ ਦਿੱਤੇ ਸਨ।ਪ੍ਰੰਤੂ ਸਰਕਾਰ ਬਣਨ ਉਪਰੰਤ ਸ੍ਰ ਭਗਵੰਤ ਮਾਨ ਬੇਰੁਜ਼ਗਾਰਾਂ ਦੀਆਂ ਮੰਗਾਂ ਤੋ ਕਿਨਾਰਾ ਕਰ ਲਿਆ ਹੈ।ਪਿਛਲੇ ਦਿਨੀਂ 22 ਜੁਲਾਈ ਨੂੰ ਪੈਨਲ ਮੀਟਿੰਗ ਵਿੱਚ ਸਿੱਖਿਆ ਮੰਤਰੀ ਸ੍ਰ ਹਰਜੋਤ ਸਿੰਘ ਬੈਂਸ ਨੇ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਮਾਮੂਲੀ 1407 ਅਸਾਮੀਆਂ ਵਿੱਚ ਵਾਧੇ ਤੋ ਇਨਕਾਰ ਕੀਤਾ ਹੈ।ਜਦਕਿ ਬੇਰੁਜ਼ਗਾਰਾਂ ਨੇ ਹੋਰਨਾਂ ਵਿਭਾਗਾਂ ਵਿਚ ਪੋਸਟਾਂ ਦੇ ਹੋਏ ਵਾਧੇ ਦੇ ਤਰਕ ਦਿੱਤੇ ਸਨ।
ਆਮ ਆਦਮੀ ਪਾਰਟੀ ਦੇ ਧਾਕੜ ਰਵਈਏ ਨੂੰ ਤੋੜਨ ਅਤੇ ਪੋਸਟਾਂ ਵਿੱਚ ਵਾਧੇ ਲਈ ਬੇਰੁਜ਼ਗਾਰ 31 ਜੁਲਾਈ ਨੂੰ ਮੁੜ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨਗੇ।
ਮੀਤ ਪ੍ਰਧਾਨ ਅਮਨ ਸੇਖਾ ਨੇ ਕਿਹਾ ਕਿ ਸਿਹਤ ਅਤੇ ਸਿੱਖਿਆ ਸੁਧਾਰਾਂ ਦਾ ਨਾਹਰਾ ਲਗਾ ਕੇ ਸੱਤਾ ਉਪਰ ਕਾਬਜ਼ ਹੋਈ ‘ ਆਪ ‘ ਕਰੀਬ ਚਾਰ ਮਹੀਨੇ ਵਿੱਚ ਹੀ ਸਾਰੇ ਵਾਅਦੇ ਭੁੱਲ ਚੁੱਕੀ ਹੈ।
ਇਸ ਮੌਕੇ ਗਗਨਦੀਪ ਕੌਰ,ਸੰਦੀਪ ਸਿੰਘ ਗਿੱਲ,ਬਲਕਾਰ ਸਿੰਘ ਮਾਨਸਾ, ਗੁਰਪ੍ਰੀਤ ਸਿੰਘ ਪੱਕਾ,ਮੁਨੀਸ਼ ਕੁਮਾਰ, ਰਛਪਾਲ ਸਿੰਘ ਜਲਾਲਾਬਾਦ, ਹਰਪ੍ਰੀਤ ਸਿੰਘ ਫਿਰੋਜ਼ਪੁਰ, ਕੁਲਵੰਤ ਸਿੰਘ ਲੌਂਗੋਵਾਲ,ਬਲਰਾਜ ਸਿੰਘ ਮੌੜ ਅਤੇ ਲਖਵਿੰਦਰ ਸਿੰਘ ਮੁਕਤਸਰ ਆਦਿ ਹਾਜ਼ਰ ਸਨ।
ਬੇਰੁਜ਼ਗਾਰਾਂ ਨੇ ਪੀਟੀਆਈ 646 ਅਧਿਆਪਕਾਂ ਉੱਤੇ ਮੁੱਖ ਮੰਤਰੀ ਦੀ ਕੋਠੀ ਸਾਹਮਣੇ ਹੋਏ ਜ਼ਬਰ ਦੀ ਨਿਖੇਧੀ ਕੀਤੀ।
ਟਿੱਪਣੀ ਕਰਨ ਲਈ ਤੁਹਾਨੂੰ ਦਾਖਲ ਹੋਣਾ ਪਵੇਗਾ।