ਚੰਡੀਗੜ੍ਹ 19 ਅਪ੍ਰੈਲ

: ਭਾਰਤੀ ਜਨਤਾ ਪਾਰਟੀ ਦੇ ਕੌਮੀ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਅੱਜ ਵੱਖਵਾਦੀ ਜੱਥੇਬੰਦੀ ਸਿੱਖ ਫਾਰ ਜਸਟਿਸ ਵੱਲੋਂ ਲੜਕੀ ਨੂੰ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿੱਚ ਦਾਖ਼ਲ ਹੋਣ ਤੋਂ ਰੋਕਣ ਵਾਲੇ ‘ਸੇਵਾਦਾਰ’ ਨੂੰ 5 ਲੱਖ ਦੇਣ ਦੇ ਐਲਾਨ ਦੀ ਸਖ਼ਤ ਨਿਖੇਧੀ ਕੀਤੀ ਹੈ।

ਅੱਜ ਇੱਥੇ ਇੱਕ ਪ੍ਰੈਸ ਕਨਫਰੰਸ ਵਿੱਚ ਉਨ੍ਹਾਂ  ‘ਸੇਵਾਦਾਰ’ ਨੂੰ ਇਸ ਐਲਾਨੇ ਪੈਸੇ ਨੂੰ ਜਨਤਕ ਤੌਰ ’ਤੇ ਲੈਣ ਤੋਂ ਇਨਕਾਰ ਕਰਨ ਦੀ ਅਪੀਲ ਕੀਤੀ ਹੈ। ਗਰੇਵਾਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ, ਮੈਂਬਰਾਂ, ਸੇਵਾਦਾਰਾਂ ਅਤੇ ਵਿਸ਼ਵ ਭਰ ਦੇ ਸਿੱਖ ਭਾਈਚਾਰੇ ਨੂੰ ਵੱਖਵਾਦੀ ਜਥੇਬੰਦੀ ਸਿੱਖਸ ਫਾਰ ਜਸਟਿਸ ਦੇ ਜੋ ਕਿ ਪਾਕਿਸਤਾਨੀ ਏਜੰਸੀ ਆਈ ਐਸ ਆਈ ਦੀ ਕਠਪੁਤਲੀ ਹੈ ਗੁਰਪਤਵੰਤ ਸਿੰਘ ਪੰਨੂ ਵੱਲੋਂ ਕੀਤੇ ਗਏ ਇਸ ਇਨਾਮ ਦੇ ਐਲਾਨ ਦੀ ਨਿਖੇਧੀ ਕਰਨ ਲਈ ਬੇਨਤੀ ਕੀਤੀ ਹੈ।

ਗਰੇਵਾਲ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਜਿਹੜੇ ਲੋਕ ਸਾਡੇ ਮਹਾਨ ਪਵਿੱਤਰ ਸਥਾਨ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸ਼ਰਨ ਲੈ ਕੇ ਸਾਡੇ ਦੇਸ਼ ਭਾਰਤ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਹਮੇਸ਼ਾ ਲਈ ਤਬਾਹ ਹੋ ਜਾਣਗੇ। ਗਰੇਵਾਲ ਨੇ ਕਿਹਾ ਕਿ ਜੋ ਵੀ ਘਟਨਾਂ ਵਾਪਰੀ ਹੈ ਮੰਦਭਾਗੀ ਹੈ। ਉਨ੍ਹਾਂ ਕਿਹਾ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਸੇਵਾਦਾਰਾਂ ਨੂੰ ਵੀ ਟ੍ਰੇਨਿੰਗ ਦੇਵੇ ਕਿ ਸ਼ਰਧਾਲੂਆਂ ਨੂੰ ਕਿਵੇਂ ਸਲੀਕੇ ਨਾਲ ਸਮਝਾਇਆ ਜਾਂਦਾ ਹੈ।